ਸੰਗ-ਸਖਾ ਸਭ ਤਜ ਗਏ!

ਗੁਰਬਚਨ ਸਿੰਘ ਭੁੱਲਰ

(ਤਰਜ਼ ਹਰਿਭਜਨ ਸਿੰਘ ਦੀ ਇਕ ਕਵਿਤਾ ਦੀ।)

ਕੌਣ ਦਿਸ਼ਾ ਤੋਂ ਆਇਆ ਜਬਰੂ, ਆਇਆ ਦਲ-ਬਲ ਜੋੜ ਕੇ।

ਪੌਣ ਸਵਾਰੀ ਕਰ ਕੇ ਆਇਆ, ਰਥ ਘੋੜੇ ਸਭ ਛੋਡ ਕੇ।

ਨਾ ਡਰਦਾ ਥਾਲੀ ਖੜਕਾਇਆਂ, ਨਾ ਤਾਲ਼ੀ ਤੋਂ ਤ੍ਰਹਿੰਦਾ ਹੈ,

ਚੌਮੁਖੀਏ ਦਾ ਭੈ ਨਾ ਮੰਨੇ, ਨਾਬਰ ਨੱਕ ਸੁਕੋੜ ਕੇ।

ਕਦੇ ਨਾ ਸੁਣਿਆ ਹਵਾ ਹੈ ਮੁੱਕੀ, ਸਾਹ ਲਈ ਬੰਦੇ ਤੜਫ਼ ਰਹੇ,

ਨਾ ਦਿਸਦਾ, ਨਾ ਕਾਬੂ ਆਉਂਦਾ, ਮਾਰੇ ਧੌਣ ਮਰੋੜ ਕੇ।

ਕੁੱਤੇ ਹੱਸਣ ਮੌਤ ਅਸਾਡੀ, ਸਭ ਤੋਂ ਬੁਰੀ ਜੋ ਕਹਿੰਦੇ ਸੀ,

ਸਾਥੋਂ ਭੈੜੀ ਮੌਤ ਨੇ ਮਰਦੇ, ਆਸ ਇਲਾਜੀ ਛੋੜ ਕੇ।

ਹਸਪਤਾਲ ਦੇ ਬੂਹਿਉਂ ਬਾਹਰ, ਕਿੰਨੇ ਮੌਤ ਉਡੀਕ ਰਹੇ,

ਅੰਦਰ ਡਾਕਟਰ ਹੱਥ ਮਲਦੇ ਨੇ, ਟੀਕੇ ਦੁਆਈਆਂ ਥੋੜ ਕੇ।

ਹਾਕਮ ਆਖਣ, ਹਸਪਤਾਲ ਜੇ, ਸੱਖਣੇ ਹਰੇਕ ਸਹੂਲਤ ਤੋਂ,

ਨੇਤਾ, ਸਾਧਵੀਆਂ ਤੇ ਬਾਬੇ, ਦੱਸਣ ਗ੍ਰੰਥ ਨਿਚੋੜ ਕੇ।

ਗਊ ਗੋਬਰ ਮੂਤਰ ਦਾ ਸੇਵਣ, ਕੈਂਸਰ ਏਡਜ਼ ਖ਼ਤਮ ਕਰੇ,

ਕਰਦਾ ਮੁਕਤ ਕਰੋਨਾ ਤੋਂ ਵੀ, ਪੱਟੇ ਜੜਾਂ ਘਰੋੜ ਕੇ।

ਹਵਨ ਕੁੰਡ ਦਾ ਪਾਵਨ ਧੂੰਆਂ, ਸਭ ਕੀਟਾਂ ਦਾ ਨਾਸ ਕਰੇ,

ਇਹ ਅੱਗੋਂ ਪਰ ਕਰੇ ਟਿੱਚਰਾਂ, ਹੱਸੇ ਬੁੱਲ੍ਹ ਮਰੋੜ ਕੇ।

ਜਿਉਂਦੇ-ਜੀਅ ਸੜਕਾਂ ’ਤੇ ਭਟਕੇ, ਬੈੱਡ, ਹਵਾ ਤੇ ਟੀਕੇ ਲਈ,

ਮਰ ਕੇ ਵੀ ਹੁਣ ਭਟਕ ਰਹੇ ਨੇ, ਥੜ੍ਹੇ ਕਬਰ ਨੂੰ ਲੋੜ ਕੇ।

ਨਗਰ-ਨਗਰ ਵਿਚ ਮੌਤ ਹੈ ਫਿਰਦੀ, ਘਰ-ਘਰ ਭੈ ਦਾ ਪਹਿਰਾ ਹੈ,

ਸੰਗ-ਸਖੇ ਸਭ ਤਜ ਜਾਂਦੇ ਨੇ, ਕਰੋਨੀ ਤੋਂ ਮੂੰਹ ਮੋੜ ਕੇ।

ਪੁੱਤ-ਭਰਾ ਨਾ ਮੋਢਾ ਦਿੰਦੇ, ਭਲੇ ਬਿਗਾਨੇ ਦਿੰਦੇ ਨੇ,

ਆਪਣੇ ਡਰਦੇ, ਲੈ ਨਾ ਆਈਏ, ਕਿਧਰੇ ਰੋਗ ਚਮੋੜ ਕੇ।

ਕਬਰਾਂ ਖ਼ਾਤਰ ਥਾਂ ਨਾ ਮਿਲਦੀ, ਸ਼ਮਸ਼ਾਨਾਂ ਵਿਚ ਲੱਕੜ ਨਾ,

ਲਾਸ਼ੋਂ ਨਿੱਕਲ ਗੁੱਥਮਗੁੱਥਾ, ਰੂਹਾਂ ਵਾਰੀ ਤੋੜ ਕੇ।

ਕੌਣ ਕਤਾਰ ’ਚ ਬੈਠ ਉਡੀਕੇ, ਕਦ ਨੂੰ ਵਾਰੀ ਆਉਣੀ ਹੈ,

ਚੱਕੀਏ ਗੱਠੜ ਮੁਸ਼ਕਣ ਲਗਿਆ, ਆਈਏ ਗੰਗਾ ਰੋੜ੍ਹ ਕੇ।

ਆਫਰ ਕੇ ਕਾਂ ਬਿਰਛੀਂ ਊਂਘਣ, ਕੁੱਤੇ ਸੁੱਤੇ ਰੇਤੇ ’ਤੇ

ਵਾਹ ਨੀ ਗੰਗਾ ਮਈਆ ਲਿਆਈ, ਕਿੰਨਾ ਭੋਜਨ ਜੋੜ ਕੇ।

Leave a Reply

Your email address will not be published. Required fields are marked *