ਦੋ ਕਮਰਿਆਂ ਵਾਲਾ ਘਰ

ਐਸ. ਸਾਕੀ

ਕਥਾ ਪ੍ਰਵਾਹ

ਉਸ ਨੇ ਗੁੱਟ ’ਤੇ ਬੰਨ੍ਹੀ ਘੜੀ ਵੱਲ ਵੇਖਿਆ। ਸਾਢੇ ਸੱਤ ਵੱਜ ਗਏ ਸਨ। ਬਾਹਰ ਸਾਰੇ ਹਨੇਰਾ ਫੈਲ ਗਿਆ ਸੀ। ਸੜਕ ਅਤੇ ਦੁਕਾਨਾਂ ਦੀਆਂ ਬੱਤੀਆਂ ਜਗ ਪਈਆਂ ਸਨ। ਅੱਜ ਤਾਂ ਉਸ ਨੂੰ ਘਰ ਮੁੜਦਿਆਂ ਰੋਜ਼ ਨਾਲੋਂ ਵੀ ਵੱਧ ਦੇਰ ਹੋ ਗਈ ਸੀ।

ਉਸ ਨਾਲ ਪਿਛਲੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਹੁੰਦਾ ਆ ਰਿਹਾ ਸੀ। ਕੋਸ਼ਿਸ਼ ਕਰਨ ’ਤੇ ਵੀ ਉਹ ਠੀਕ ਵਕਤ ’ਤੇ ਘਰ ਨਹੀਂ ਪਹੁੰਚ ਪਾਉਂਦੀ ਸੀ। ਜਦੋਂਕਿ ਦਫ਼ਤਰ ਤੋਂ ਛੁੱਟੀ ਤਾਂ ਪੰਜ ਵਜੇ ਹੋ ਜਾਂਦੀ ਸੀ ਅਤੇ ਉਸ ਨੂੰ ਸਾਢੇ ਪੰਜ ਵਜੇ ਤੱਕ ਘਰ ਪਹੁੰਚ ਜਾਣਾ ਚਾਹੀਦਾ ਸੀ।

ਨੱਸੀ ਜਾਂਦੀ ਬਸ ਵਿਚ ਉਸ ਨੇ ਆਪਣੇ ਨੇੜੇ ਖੜੋਤੇ ਭਾਰੀ ਮੁੱਛਾਂ ਵਾਲੇ ਉਸ ਮਰਦ ਵੱਲ ਵੇਖਿਆ ਜਿਸ ਨੇ ਬਹੁਤ ਚਿਰ ਪਹਿਲਾਂ ਹੀ ਉਸ ਨੂੰ ਆਪਣੀ ਥਾਂ ’ਤੇ ਬਿਠਾ ਦਿੱਤਾ ਸੀ। ਜਿਹੜਾ ਅਜੇ ਵੀ ਕਦੇ-ਕਦੇ ਘੂਰ ਕੇ ਉਸ ਵੱਲ ਵੇਖ ਲੈਂਦਾ ਸੀ। ਹੋਇਆ ਇਸ ਤਰ੍ਹਾਂ ਕਿ ਇਹ ਸੀਟ ਵੀ ਉਸ ਨੂੰ ਅੱਜ ਕੁੁਦਰਤੀ ਮਿਲ ਗਈ ਸੀ। ਨਹੀਂ ਤਾਂ ਉਹ ਰੋਜ਼ ਹੀ ਦਫ਼ਤਰ ਤੋਂ ਛੁੱਟੀ ਹੋਣ ਬਾਅਦ ਬਸ ਦੀ ਛੱਤ ’ਤੇ ਲੱਗੇ ਡੰਡੇ ਨੂੰ ਫੜ ਕੇ ਘਰ ਤੀਕ ਪਹੁੰਚਦੀ ਸੀ। ਅੱਜ ਵੀ ਸ਼ਾਇਦ ਇਸੇ ਤਰ੍ਹਾਂ ਹੁੰਦਾ ਜੇ ਉਸ ਨੇੜੇ ਸੀਟ ’ਤੇ ਇਕ ਭਾਰੀ ਮੁੱਛਾਂ ਵਾਲਾ ਕੋਈ ਚਾਲੀ-ਪੰਤਾਲੀ ਦੀ ਉਮਰ ਦਾ ਮਰਦ ਨਾ ਬੈਠਿਆ ਹੁੰਦਾ ਜਿਸ ਨੇ ਪਤਾ ਨਹੀਂ ਕੀ ਸੋਚ ਆਪਣੀ ਥਾਂ ਛੱਡ ਉਸ ਨੂੰ ਦੇ ਦਿੱਤੀ ਸੀ ਅਤੇ ਆਪ ਖੜ੍ਹਾ ਹੋ ਬਸ ਦਾ ਡੰਡਾ ਫੜ ਲਿਆ ਸੀ।

ਪਰ ਅਜਿਹਾ ਕਰਦੇ ਵੇਲੇ ਉਹ ਆਪਣੇ ਬੁੱਲ੍ਹਾਂ ’ਤੇ ਹੋਰ ਹੀ ਤਰ੍ਹਾਂ ਦੀ ਮੁਸਕਰਾਹਟ ਲੈ ਆਇਆ ਸੀ ਜਿਸ ਨੂੰ ਵੇਖ ਕੇ ਇਕ ਵਾਰੀ ਤਾਂ ਉਸ ਦੇ ਮਨ ਵਿਚ ਆਇਆ ਸੀ ਕਿ ਉਹ ਉਸ ਚਾਲੀ-ਪੰਤਾਲੀ ਸਾਲ ਦੇ ਮਰਦ ਦੀਆਂ ਭਾਰੀ ਮੁੱਛਾਂ ਉਖਾੜ ਕੇ ਉਸ ਦੇ ਹੱਥ ਵਿਚ ਫੜਾ ਦੇਵੇ। ਪਰ ਉਹ ਕੁਝ ਨਹੀਂ ਸੀ ਬੋਲ ਸਕੀ ਅਤੇ ਚੁੱਪ-ਚਾਪ ਉਸ ਰਾਹੀਂ ਛੱਡੀ ਸੀਟ ’ਤੇ  ਬਹਿ ਗਈ ਸੀ। ਉਹ ਤਾਂ ਜਦੋਂ ਦੀ ਵਿਆਹੀ ਆਈ ਸੀ ਹੁਣ ਤੀਕ ਪਤੀ ਦੇ ਘਰ ’ਚ ਰਹਿੰਦਿਆਂ ਕਦੇ ਕਿਸੇ ਨਾਲ ਕੁਝ ਬੋਲੀ ਹੀ ਨਹੀਂ ਸੀ।

 ਬੱਸ ਦੀ ਸੀਟ ’ਤੇ ਬਹਿੰਦਿਆਂ ਪਹਿਲਾਂ ਉਸ ਨੂੰ ਸਹੁਰਾ ਘਰ ਯਾਦ ਆਇਆ। ਕੇਵਲ ਦੋ ਕਮਰਿਆ ਵਾਲਾ ਘਰ। ਉਨ੍ਹਾਂ ਕਮਰਿਆਂ ਦੀਆਂ ਕੰਧਾਂ ਸਨ, ਉਨ੍ਹਾਂ ਕਮਰਿਆਂ ਦੀਆਂ ਛੱਤਾਂ ਸਨ, ਬਾਰੀਆਂ ਸਨ ਅਤੇ ਉਨ੍ਹਾਂ ਕਮਰਿਆਂ ਵਿਚ ਕੁਝ ਜ਼ਰੂਰੀ ਲੋੜੀਂਦਾ ਸਾਮਾਨ ਸੀ। ਬਸ ਇਹੋ ਕੁਝ ਸੀ ਉਸ ਘਰ ਵਿਚ।

ਅੱਜ ਤੀਕ ਪਤਾ ਨਹੀਂ ਉਹ ਕਿਉਂ ਸੋਚਦੀ ਆਈ ਸੀ ਕਿ ਇਸ ਸਭ ਨਾਲ ਵੀ ਕਦੇ ਘਰ ਬਣਦਾ? ਘਰ ਦੀਆਂ ਕੰਧਾਂ, ਘਰ ਦੀਆਂ ਛੱਤਾਂ, ਬੂਹੇ ਬਾਰੀਆਂ ਤੇ ਘਰ ਦੇ ਜ਼ਰੂਰੀ ਸਾਮਾਨ ਦੇ ਹੁੰਦਿਆਂ ਵੀ ਉਸ ਨੂੰ ਤਾਂ ਦੋਵੇਂ ਕਮਰੇ ਜਿਵੇਂ ਖ਼ਾਲੀ ਖ਼ਾਲੀ ਹੀ ਦਿਸਦੇ ਸਨ।

ਸਹੁਰੇ ਘਰ ਦੀ ਟੁਰਦੀ ਸੋਚ ਟੁੱਟ ਇਸ ਵਾਰੀ ਉਹਦੇ ਮਨ ਵਿਚ ਮਾਪਿਆਂ ਦੇ ਘਰ ਦੀ ਸੋਚ ਆ ਗਈ। ਜਦੋਂ ਉਸ ਦਾ ਵਿਆਹ ਨਹੀਂ ਸੀ ਹੋਇਆ। ਘਰ ਵਿਚ ਉਹ ਸੀ, ਉਸ ਦੀ ਮਾਂ ਸੀ, ਬਾਊ ਜੀ ਸਨ ਅਤੇ ਘਰ ਵਿਚ ਹੋਰ ਤਿੰਨ ਭੈਣਾਂ ਸਨ। ਉਹ ਭੈਣਾਂ ਵਿਚ ਸਭ ਤੋਂ ਛੋਟੀ ਸੀ। ਬਾਊ ਜੀ ਨੌਕਰੀ ਕਰਦੇ ਸਨ, ਨੌਕਰੀ ਪ੍ਰਾਈਵੇਟ ਸੀ।

ਮੁੰਡੇ ਦੀ ਚਾਹਤ ਵਿਚ ਉਨ੍ਹਾਂ ਘਰ ਚਾਰ ਧੀਆਂ ਜੰਮ ਪਈਆਂ ਸਨ। ਉਹ ਤਾਂ ਮੁੰਡੇ ਲਈ ਅਜੇ ਹੋਰ ਕੋਸ਼ਿਸ਼ ਵੀ ਕਰਦੇ, ਪਰ ਮਾਂ ਸਮਝਦਾਰ ਸੀ। ਉਸ ਨੇ ਅਜਿਹਾ ਕਰਨ ਲਈ ਬਾਊ ਜੀ ਨੂੰ ਮਨ੍ਹਾਂ ਕਰ ਦਿੱਤਾ ਸੀ।

ਜਦੋਂ ਦੀ ਉਸ ਨੇ ਹੋਸ਼ ਸੰਭਾਲੀ ਉਹ ਘਰ ਨੂੰ ਵੇਖਦੀ ਆਈ ਸੀ। ਕਿਵੇਂ ਟੋਰਦੀ ਸੀ ਮਾਂ ਘਰ ਨੂੰ। ਹਰ ਵਾਰੀ ਉਹ ਇਕ ਪੁਰਾਣੀ ਚੀਜ਼ ਨੂੰ ਦੂਜੀ ਪੁਰਾਣੀ ਚੀਜ਼ ਨਾਲ ਜੋੜ ਕੰਮ ਚਲਾ ਲੈਂਦੀ ਸੀ। ਜੇ ਸਭ ਤੋਂ ਵੱਡੀ ਲਈ ਕੱਪੜੇ ਦਾ ਇਕ ਜੋੜਾ ਬਣਦਾ ਅਤੇ ਜਦੋਂ ਵੱਡੀ ਦਾ ਕੱਦ ਵਧਦਾ ਤਾਂ ਛੋਟਾ ਹੋ ਜਾਣ ’ਤੇ ਉਹ ਕੱਪੜਾ ਉਸ ਤੋਂ ਛੋਟੀ ਨੂੰ ਹੰਢਾਉਣ ਲਈ ਦੇ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਜਦੋਂ ਉਹ ਕੱਪੜਾ ਤਿੰਨ ਪੜਾਅ ਪਾਰ ਕਰ ਉਸ ਤੀਕ ਪਹੁੰਚਦਾ ਤਾਂ ਅਕਸਰ ਆਪਣਾ ਅਸਲੀ ਰੂਪ ਗੁਆ ਬੈਠਦਾ ਸੀ।

ਉਸ ਨੂੰ ਯਾਦ ਆਇਆ ਇਕ ਵਾਰੀ ਪੰਜਵੀਂ ’ਚ  ਪੜ੍ਹਦੀ ਨੇ ਆਪਣੇ ਬਾਊ ਜੀ ਨੂੰ ਕਹਿ ਦਿੱਤਾ ਸੀ ਕਿ ਉਹ ਉਸ ਲਈ ਇਕ ਨਵਾਂ ਸੂਟ ਸਵਾ ਦੇਣ, ਪਰ ਅੱਗੋਂ ਉਹ ਗੁੱਸੇ ’ਚ ਬੋਲੇ, ‘‘ਠੀਕ ਹੈ ਏਸ ਲਈ ਤੂੰ ਆਪਣੀ ਮਾਂ ਨੂੰ ਆਖ। ਉਹ ਮੈਨੂੰ ਵੇਚ ਕੇ ਤੇਰੇ ਲਈ ਨਵਾਂ ਸੂਟ ਖ਼ਰੀਦ ਦੇਵੇਗੀ। ਮੇਰੇ ਕੋਲ ਤਾਂ ਸੂਟ ਲਈ ਪੈਸੇ ਨਹੀਂ।’’

ਕੁਝ ਚਿਰ ਲਈ ਤਾਂ ਉਹ ਸੋਚ ਜਿਹੀ ਵਿਚ ਪੈ ਗਈ ਸੀ ਕਿ ਕਦੇ ਆਦਮੀ ਵੀ ਵੇਚੇ ਅਤੇ ਖ਼ਰੀਦੇ ਜਾਂਦੇ ਨੇ। ਕੀ ਉਨ੍ਹਾਂ ਦਾ ਵੀ ਕਦੇ ਮੁੱਲ ਪੈਂਦਾ?

ਪਰ ਦਸ ਸਾਲਾਂ ਦੀ ਉਮਰ ਹੋਣ ਕਰਕੇ ਉਹ ਇਸ ਸਵਾਲ ਦਾ ਜਵਾਬ ਨਹੀਂ ਸੀ ਲੱਭ ਸਕੀ ਜਾਂ ਉਸ ਨੂੰ ਇਸ ਸਵਾਲ ਦਾ ਜਵਾਬ ਨਹੀਂ ਸੀ ਮਿਲਿਆ। ਅਜੇ ਉਹ ਛੋਟੀ ਹੀ ਸੀ, ਪਰ ਉਸ ਨੂੰ ਇਹ ਪਤਾ ਨਹੀਂ ਸੀ ਲੱਗਾ ਕਿ ਉਸ ਦੀਆਂ ਦੋਵੇਂ ਵੱਡੀਆਂ ਭੈਣਾਂ ਪੰਜਵੀਂ ਤੀਕ ਹੀ ਕਿਉਂ ਪੜ੍ਹੀਆਂ ਸਨ? ਉਨ੍ਹਾਂ ਪੜ੍ਹਾਈ ਵਿਚਕਾਰ ਕਿਉਂ ਛੱਡ ਦਿੱਤੀ ਸੀ।

ਉਸ ਤੋਂ ਵੱਡੀ ਨੇ ਵੀ ਦਸਵੀਂ ਪਾਸ ਕਰ ਸਕੂਲ ਜਾਣਾ ਛੱਡ ਦਿੱਤਾ ਸੀ। ਪਰ ਉਹ ਆਪ…।

ਸਕੂਲ ਪਾਸ ਕਰਕੇ ਉਹ ਕਾਲਜ ਚਲੀ ਗਈ, ਭਾਵੇਂ ਉਸ ਦੇ ਬਾਬੂ ਜੀ ਲਈ ਇਹ ਮੁਸ਼ਕਿਲ ਸੀ। ਪਰ ਮਾਂ ਨੇ ਉਸ ਦੀ ਇਹ ਇੱਛਾ ਪੂਰੀ ਕਰਨ ਲਈ ਉਸ ਦੇ ਬਾਊ ਜੀ ਨੂੰ ਮਨਾ ਲਿਆ ਸੀ। ਜਦੋਂ ਉਹ ਕਾਲਜ ਗਈ ਤਾਂ ਮਾਂ ਨੇ ਪਹਿਲੀ ਵਾਰੀ ਉਸ ਨੂੰ ਦੋ ਨਵੇਂ ਸੂਟ ਸਿਲਵਾ ਕੇ ਦਿੱਤੇ ਸਨ। ਉਸ ਨੂੰ ਅਜਿਹਾ ਲੱਗਾ ਜਿਵੇਂ ਮਾਂ ਨੇ ਪਹਿਲੀ ਵਾਰੀ ਉਸ ਦੇ ਬਾਊ ਜੀ ’ਤੇ ਅੱਡ ਬੋਝ ਪਾ ਦਿੱਤਾ ਸੀ। ਉਹ ਇਨ੍ਹਾਂ ਸੂਟਾਂ ਦੇ ਭਾਰ ਹੇਠ ਦਬ ਕੇ ਰਹਿ ਗਏ ਸਨ।

ਪੜ੍ਹਾਈ ਵਿਚ ਉਹ ਚੰਗੀ ਸੀ। ਅਜੇ ਉਹ ਸਕੂਲੇ ਪੜ੍ਹਦੀ ਸੀ ਕਿ ਘਰ ਵਿਚ ਸਭ ਤੋਂ ਵੱਡੀ ਦਾ ਵਿਆਹ ਪੱਕਾ ਕਰ ਦਿੱਤਾ ਗਿਆ। ਉਸ ਨੂੰ ਯਾਦ ਆਇਆ ਜਦੋਂ ਵੀ ਘਰ ਵਿਚ ਕੋਈ ਛੋਟੀ ਜਿਹੀ ਨਵੀਂ ਚੀਜ਼ ਲਿਆਂਦੀ ਜਾਂਦੀ ਮਾਂ ਉਸ ਨੂੰ ਸਾਂਭ ਕੇ ਰੱਖ ਲੈਂਦੀ, ਇਹ ਆਖ ਕਿ ਕੁੜੀ ਦੇ ਦਾਜ ਵੇਲੇ ਕੰਮ ਆਵੇਗੀ।

ਵਿਆਹ ਲਈ ਮਾਪਿਆਂ ਨਾ ਚੰਗੀ ਤਰ੍ਹਾਂ ਮੁੰਡਾ ਵੇਖਿਆ ਅਤੇ ਨਾ ਹੀ ਮੁੰਡੇ ਦੇ ਘਰ ਬਾਰੇ ਕੋਈ ਜਾਣਕਾਰੀ ਲਈ। ਪੈਸਾ ਪੈਸਾ ਕਰਕੇ ਜਿਹੜਾ ਥੋੜ੍ਹਾ ਬਹੁਤਾ ਧਨ ਇਕੱਠਾ ਕੀਤਾ ਗਿਆ ਸੀ ਪਹਿਲੀ ਦੇ ਵਿਆਹ ’ਤੇ ਖਰਚ ਕਰ ਦਿੱਤਾ ਗਿਆ।

ਵੱਡੀ ਤੋਂ ਬਾਅਦ ਦੋਵੇਂ ਛੋਟੀਆਂ ਜੁਆਨ ਹੋ ਗਈਆਂ ਸਨ। ਉਨ੍ਹਾਂ ਲਈ ਵੀ ਮੁੰਡੇ ਲੱਭੇ ਜਾਣ ਲੱਗੇ। ਵਿਆਹਾਂ ਲਈ ਪੈਸੇ ਦਾ ਕੋਈ ਜੁਗਾੜ ਨਹੀਂ ਸੀ। ਕੁੜੀਆਂ ਦੇ ਵਿਆਹ ਤਾਂ ਕਰਨੇ ਹੀ ਸਨ। ਮਾਪਿਆਂ ਆਪਣਾ ਅੱਧਾ ਘਰ ਵੇਚ ਦੋਵੇਂ ਧੀਆਂ ਦੇ ਵਿਆਹ ਕਰ ਦਿੱਤੇ।

ਉਨ੍ਹਾਂ ਲਈ ਵੀ ਨਾ ਮੁੰਡੇ ਵੇਖੇ ਗਏ ਅਤੇ ਨਾ ਮੁੰਡਿਆਂ ਦੇ ਘਰ। ਜਿਹੇ ਵੀ ਲੱਭੇ ਉਨ੍ਹਾਂ ਨਾਲ ਕੁੜੀਆਂ ਟੋਰ ਦਿੱਤੀਆਂ ਗਈਆਂ।

ਉਸ ਨੇ ਕਿਵੇਂ ਨਾ ਕਿਵੇਂ ਕਰਦੇ ਬੀ.ਕਾਮ. ਪਾਸ ਕਰ ਲਈ। ਫੇਰ ਇਕ ਦਿਨ ਅਖ਼ਬਾਰ ਵਿਚ ਦਿੱਤੇ ਇਸ਼ਤਿਹਾਰ ਦੀ ਮਦਦ ਨਾਲ ਉਸ ਨੂੰ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਮਿਲ ਗਈ। ਕਾਲਰਾ ਕੰਪਨੀ ਦੇ ਆਫ਼ਿਸ ਦਾ ਇਕ ਵੱਡਾ ਸਾਰਾ ਹਾਲ ਕਮਰਾ ਸੀ ਜਿਸ ਵਿਚ ਪੱਚੀ ਕਰਮਚਾਰੀ ਬੈਠ ਕੰਪਨੀ ਦਾ ਕੰਮ ਕਰਦੇ ਸਨ। ਮਿਸਟਰ ਪੀ. ਕਾਲਰਾ ਕੋਈ ਪੰਤਾਲੀ-ਪੰਜਾਹ ਦੀ ਉਮਰ ਦਾ ਉਨ੍ਹਾਂ ਦਾ ਬੌਸ ਸੀ। ਉਸ ਨੂੰ ਆਫ਼ਿਸ ਵਿਚ ਅਕਾਊਂਟੈਂਟ ਦੀ ਨੌਕਰੀ ਲਈ ਰੱਖਿਆ ਗਿਆ ਸੀ।

ਉਸ ਦੀ ਤਨਖ਼ਾਹ ਨਾਲ ਹੁਣ ਘਰ ਦੇ ਸੌਖੇ ਦਿਨ ਵਾਪਸ ਮੁੜ ਆਏ ਸਨ। ਪਰ ਵਕਤ ਨਾਲ ਦੁੱਖ ਅਤੇ ਤਕਲੀਫ਼ਾਂ ਸਹਿਣ ਕਰਦਿਆਂ ਉਸ ਦੇ ਮਾਪਿਆਂ ਦੀ ਅੱਧੀ ਤੋਂ ਵੱਧ ਉਮਰ ਨਿਕਲ ਗਈ ਸੀ।

ਫੇਰ ਉਸ ਦੇ ਵਿਆਹ ਬਾਰੇ ਮਾਪਿਆਂ ਵਿਚ ਗੱਲਾਂ ਹੋਣ ਲੱਗੀਆਂ। ਪਰ ਉਸ ਲਈ ਵਰ ਲੱਭਣਾ ਹੋਰ ਮੁਸ਼ਕਿਲ ਸੀ। ਉਹ ਪੜ੍ਹੀ-ਲਿਖੀ ਸੀ। ਉਸ ਦੀ ਮਾਂ ਅਤੇ ਬਾਊ ਜੀ ਚਾਹੁੰਦੇ ਸਨ ਕਿ ਉਸ ਲਈ ਕੋਈ ਪੜ੍ਹਿਆ-ਲਿਖਿਆ ਮੁੰਡਾ ਮਿਲੇ।

ਪਰ ਇਹ ਸਭ ਹੋਣਾ ਇਤਨਾ ਸੁਖਾਲਾ ਨਹੀਂ ਸੀ। ਉਨ੍ਹਾਂ ਦੀ ਪਤਲੀ ਹਾਲਤ ਵੇਖ ਕੋਈ ਵੀ ਮੁੰਡੇ ਵਾਲਾ ਉਨ੍ਹਾਂ ਨਾਲ ਰਿਸ਼ਤਾ ਜੋੜਣ ਲਈ ਤਿਆਰ ਨਹੀਂ ਸੀ ਹੁੰਦਾ। ਉਨ੍ਹਾਂ ਕੋਲ ਘਰ ਦਾ ਅੱਧਾ ਹਿੱਸਾ ਸੀ ਅਤੇ ਕੁਝ ਪੈਸੇ ਸਨ ਜਿਹੜੇ ਧੀ ਦੀ ਕਮਾਈ ਨਾਲ ਇਕੱਠੇ ਕੀਤੇ ਗਏ ਸਨ। 

ਮਾਪੇ ਮੁੰਡਾ ਲੱਭਦੇ-ਲੱਭਦੇ ਜਿਵੇਂ ਥੱਕ ਹੀ ਗਏ ਸਨ। ਉਨ੍ਹਾਂ ਫੇਰ ਕੁਝ ਵੀ ਨਹੀਂ ਸੋਚਿਆ, ਕੁਝ ਵੀ ਨਹੀਂ ਵੇਖਿਆ। ਨਾ ਮੁੰਡੇ ਦੀ ਨੌਕਰੀ, ਨਾ ਮੁੰਡੇ ਦੀ ਪੜ੍ਹਾਈ, ਨਾ ਹੀ ਮੁੰਡੇ ਦਾ ਘਰ। ਜਿਹਾ ਵੀ ਮਿਲਿਆ ਉਸ ਨਾਲ ਉਹਦੇ ਫੇਰੇ ਕਰਵਾ ਦਿੱਤੇ। ਰਿਸ਼ਤਾ ਵੀ ਦੂਰ ਦੀ ਤਾਈ ਨੇ ਕਰਵਾਇਆ ਸੀ।

ਵਿਆਹ ਕਰਵਾ ਜਦੋਂ ਉਹ ਸਹੁਰੇ ਘਰ ਆਈ ਤਾਂ ਉਸ ਥਾਂ ਘਰ ਵੀ ਕਾਹਦਾ ਬਸ ਦੇ ਕਮਰੇ ਸਨ ਜਿਨ੍ਹਾਂ ਦੀਆਂ ਦੀਵਾਰਾਂ ਸਨ, ਜਿਨ੍ਹਾਂ ਦੀਆਂ ਛੱਤਾਂ ਸਨ, ਬੂਹੇ ਸਨ, ਬਾਰੀਆਂ ਸਨ। ਜਿਸ ਵਿਚ ਉਸ ਦਾ ਪਤੀਨੁਮਾ ਇਕ ਮਰਦ  ਰਹਿੰਦਾ ਸੀ। ਉਸ ਮਰਦ ਦੀ ਬੁੱਢੀ ਮਾਂ ਸੀ ਜਿਹੜੀ ਮੰਜੇ ਤੋਂ ਉੱਠਣ ਜੋਗੀ ਨਹੀਂ ਸੀ। ਉਸ ਦਾ ਪਤੀਨੁਮਾ ਮਰਦ, ਜਿਹੜਾ ਕੁਲ ਦਸਵੀਂ ਪਾਸ ਸੀ, ਕਿਸੇ ਗੁਦਾਮ ’ਤੇ ਸਵੇਰੇ ਪੰਜ ਤੋਂ ਸ਼ਾਮੀਂ ਪੰਜ ਤੀਕ ਚੌਕੀਦਾਰੀ ਕਰਦਾ ਸੀ।

ਇਸ ਘਰ ਵਿਚ ਆ ਕੇ ਉਸ ਦੇ ਮਨ ਦੀ ਕੋਈ ਵੀ ਇੱਛਾ ਪੂਰੀ ਨਹੀਂ ਹੋ ਸਕੀ। ਉਸ ਦਾ ਕੋਈ ਵੀ ਚਾਅ ਸਿਰੇ ਨਹੀਂ ਚੜ੍ਹਿਆ। ਉਹ ਆਪਣੇ ਘੱਟ ਪੜ੍ਹੇ ਚੌਕੀਦਾਰ ਮਰਦ ਨਾਲ ਭਲਾ ਦਿਲ ਦੀ ਗੱਲ ਕਿਵੇਂ ਕਰ ਸਕਦੀ ਸੀ। ਪਤੀ ਸਵੇਰੇ ਹੀ ਉਸ ਨੂੰ ਸੁੱਤੀ ਛੱਡ ਘਰੋਂ ਚਲਾ ਜਾਂਦਾ ਸੀ। ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਸਵੇੇਰੇ ਉੱਠ ਕੀ ਕਰਦਾ ਸੀ? ਰੋਟੀ ਕੀ ਘਰੋਂ ਲੈ ਜਾਂਦਾ ਸੀ ਜਾਂ ਬਾਹਰ ਹੀ ਕੁਝ ਖਾ ਲੈਂਦਾ ਸੀ? ਉਹ ਸ਼ਾਮੀਂ ਪੰਜ ਵਜੇ ਛੁੱਟੀ ਕਰ ਸਾਢੇ ਪੰਜ ਤੀਕ ਘਰ ਮੁੜ ਆਉਂਦਾ, ਪਰ ਉਹ ਬਹੁਤ ਕੋਸ਼ਿਸ਼ ਕਰਕੇ ਵੀ ਵਕਤ ’ਤੇ ਘਰ ਨਹੀਂ ਸੀ ਪਹੁੰਚ ਪਾਉਂਦੀ।

ਇਸ ਤਰ੍ਹਾਂ ਇਕ ਮਹੀਨਾ ਲੰਘ ਜਾਣ ’ਤੇ ਵੀ ਉਸ ਨੇ ਪਤਨੀ ਨਾਲ ਕਦੇ ਗਿਲ੍ਹਾ ਨਹੀਂ ਕੀਤਾ ਕਿ ਉਹ ਉਸ ਲਈ ਸਵੇਰੇ ਉੱਠ ਰੋਟੀ ਕਿਉਂ ਨਹੀਂ ਪਕਾ ਕੇ ਦਿੰਦੀ। ਨੌਕਰੀ ਤੋਂ ਘਰ ਆ ਉਹ ਕਿਤੇ ਨਹੀਂ ਜਾਂਦਾ। ਜਿੰਨਾ ਚਿਰ ਉਹ ਘਰ ਰਹਿੰਦਾ ਮਾਂ ਦੀ ਦੇਖਭਾਲ ਓਹੀ ਕਰਦਾ ਜਾਂ ਕਦੇ ਮਨ ਆਇਆ ਉਸ ਨਾਲ ਗੱਲ ਕਰ ਲੈਂਦਾ। ਉਹ ਕਈ ਵਾਰੀ ਸੋਚਦੀ, ‘ਕਿਹਾ ਹੈ ਇਹ ਪੁਰਸ਼ ਜਿਹੜਾ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ। ਪਤੀ ਹੋਣ ਦਾ ਹੱਕ ਨਹੀਂ ਜਤਾਉਂਦਾ। ਮੈਨੂੰ ਕੁਝ ਕਹਿੰਦਾ ਵੀ ਨਹੀਂ। ਇਸ ਵਿਚ ਤਾਂ ਮਰਦਾਂ ਵਾਲੀ ਕੋਈ ਗੱਲ ਹੈ ਹੀ ਨਹੀਂ। ਮੇਰੇ ਅਜਿਹੇ ਵਰਤਾਅ ’ਤੇ ਵੀ ਇਹ ਮੈਨੂੰ ਕਿੰਨਾ ਪਿਆਰ ਕਰਦਾ, ਮੇਰਾ ਕਿੰਨਾ ਖ਼ਿਆਲ ਰੱਖਦਾ ਏ।’

ਨੌਕਰੀ ਤੋਂ ਆ ਉਹ ਕੋਈ ਕੰਮ ਨਹੀਂ ਕਰਦੀ। ਬੱਸ ਕਿਤਾਬ ਪੜ੍ਹਦੀ ਰਹਿੰਦੀ ਹੈ। ‘ਉਹ ਮੇਰੇ ਕੋਲੋਂ ਪਾਣੀ ਦਾ ਗਿਲਾਸ ਤੀਕ ਨਹੀਂ ਮੰਗਦਾ। ਆਪ ਚਾਹ ਬਣਾ ਕੇ ਪੀ ਲੈਂਦਾ। ਕਈ ਵਾਰੀ ਮੈਨੂੰ ਵੀ ਚਾਹ ਦਾ ਕੱਪ ਬਣਾ ਕੇ ਦੇ ਦਿੰਦਾ ਹੈ। ਮੇਰੇ ਦਫ਼ਤਰੋਂ ਆਉਣ ਤੋਂ ਪਹਿਲਾਂ ਕਈ ਵਾਰੀ ਸਬਜ਼ੀ ਚਾੜ੍ਹ ਦਿੰਦਾ। ਬੁੱਢੀ ਮਾਂ ਦਾ ਖ਼ਿਆਲ ਵੀ ਰੱਖਦਾ।’

ਅਜਿਹਾ ਹੋਣ ’ਤੇ ਉਹਨੂੰ ਹੋਰ ਗੁੱਸਾ ਆਉਂਦਾ।

ਫੇਰ ਜਦੋਂ ਵਿਆਹ ਦੇ ਇਕ ਮਹੀਨੇ ਬਾਅਦ ਤਨਖ਼ਾਹ ਦੇ ਪੈਸੇ ਲਿਆ ਉਸ ਨੇ ਪਤਨੀ ਨੂੰ ਫੜਾਏ ਉਹ ਤਾਂ ਕੁੱਲ ਢਾਈ ਹਜ਼ਾਰ ਰੁਪਏ ਸਨ। ਉਹ ਸੋਚਣ ਲੱਗੀ ਕਿ ‘ਇਸ ਤੋਂ ਵੱਧ ਪੈਸੇ ਤਾਂ ਮੇਰੇ ਬਾਊ ਜੀ ਨੂੰ ਮਿਲਦੇ ਸਨ, ਪਰ ਮਾਂ ਤਾਂ ਵੀ ਸਾਰੀ ਉਮਰ ਕਿਵੇਂ ਘਰ ਨੂੰ ਜੋੜ-ਤੋੜ ਕੇ ਟੋਰਦੀ ਰਹੀ ਸੀ। ਜੇ ਉਹ ਅਜਿਹਾ ਨਾ ਕਰਦੀ ਤਾਂ ਸਾਰਾ ਘਰ ਕਦੋਂ ਦਾ ਖਿੱਲਰ ਜਾਂਦਾ। ਮਹੀਨੇ ਦੇ ਜਿਹੜੇ ਅਖ਼ੀਰੀ ਦਿਨ ਹੁੰਦੇ ਸਨ ਉਹ ਕਿੰਨੇ ਔਖੇ ਹੁੰਦੇ ਸਨ। ਕਈ ਵਾਰੀ ਘਰ ’ਚ ਚੀਨੀ ਹੁੰਦੀ ਤਾਂ ਚਾਹ ਦੀ ਪੱਤੀ ਮੁੱਕ ਜਾਂਦੀ। ਕਈ ਵਾਰੀ ਆਟਾ ਨਾ ਹੁੰਦਾ ਤਾਂ ਅਸੀਂ…?’

ਬੱਸ ’ਚ ਬੈਠੀ ਘਰ ਦੀ ਸੋਚ ਨੂੰ ਛੱਡ ਉਹ ਫੇਰ ਆਫ਼ਿਸ ਜਾ ਪਹੁੰਚੀ ਜਿੱਥੇ ਦਸ ਕੁੜੀਆਂ ਕੰਮ ਕਰਦੀਆਂ ਸਨ। ਉਨ੍ਹਾਂ ਸਾਰੀਆਂ ਵਿਚ ਜੂਨੀਅਰ ਹੋਣ ਕਰਕੇ ਉਸ ਨੂੰ ਕਦੇ-ਕਦਾਈਂ ਹੀ ਕਾਲਰਾ ਦੇ ਪਰਸਨਲ ਆਫ਼ਿਸ ’ਚ ਸੱਦਿਆ ਜਾਂਦਾ ਸੀ।

ਨਿੱਜੀ ਕੰਮਾਂ ਲਈ ਕਾਲਰਾ ਨੇ ਰਜਨੀ ਨਾਂ ਦੀ ਇਕ ਕੁੜੀ ਰੱਖੀ ਹੋਈ ਸੀ ਜਿਹੜੀ ਕਦੇ ਕੋਈ ਕਾਗਜ਼ ਜਾਂ ਫਾਈਲ ਲੈ ਕਾਲਰਾ ਦੇ ਆਫ਼ਿਸ ਅੰਦਰ ਬੁਲਾਈ ਜਾਂਦੀ ਸੀ। ਜਾਂ ਆਪ ਉਹ ਕਈ ਵਾਰੀ ਬਿਨਾਂ ਸੱਦਿਆਂ ਕਿੰਨਾ ਕਿੰਨਾ ਚਿਰ ਕਾਲਰਾ ਦੇ ਪਰਸਨਲ ਆਫ਼ਿਸ ਅੰਦਰ ਬੈਠੀ ਰਹਿੰਦੀ ਸੀ।

ਇਕ ਵਾਰੀ ਆਪਣੇ ਵਿਆਹ ਦੀ ਪੱਚੀਵੀਂ ਵਰ੍ਹੇਗੰਢ ਲਈ ਕਾਲਰਾ ਨੇ ਸਾਰੇ ਸਟਾਫ ਨੂੰ ਰਾਤ ਦੇ ਖਾਣੇ ’ਤੇ ਘਰ ਸੱਦਿਆ। ਸਾਰਾ ਸਟਾਫ਼ ਸ਼ਾਮੀਂ ਕੋਠੀ ਪਹੁੰਚ ਗਿਆ ਸੀ। ਉਸ ਨਾਲ ਦੀਆਂ ਸਾਰੀਆਂ ਕੁੜੀਆਂ ਸਜ-ਸੰਵਰ ਕੇ ਆਈਆਂ ਸਨ, ਪਰ ਉਸ ਦਾ ਪਹਿਰਾਵਾ ਰੋਜ਼ ਵਾਲਾ ਓਹੀ ਸੀ। ਜਿਹੜੇ ਕੱਪੜੇ ਉਹ ਦਫ਼ਤਰ ਪਹਿਨ ਆਉਂਦੀ ਸੀ, ਉਨ੍ਹਾਂ ਕੱਪੜਿਆਂ ਵਿਚ ਹੀ ਉਹ ਕਾਲਰਾ ਦੇ ਘਰ ਪਹੁੰਚ ਗਈ ਸੀ।

ਵਿਆਹ ਬਾਅਦ ਮਾਂ ਦੇ ਦਿੱਤੇ ਚਮਕਦੇ ਸੂਟ ਉਸ ਨੇ ਕਦੇ ਨਹੀਂ ਪਹਿਨੇ ਸਨ। ਉਹ ਕੋਈ ਬਹੁਤਾ ਮੇਕਅੱਪ ਵੀ ਨਹੀਂ ਸੀ ਕਰਦੀ। ਅਜਿਹਾ ਕਰਨ ਲਈ ਉਸ ਦੇ ਮਨ ਨੇ ਕਦੇ ਚਾਹਿਆ ਵੀ ਨਹੀਂ ਸੀ। ਪਰ ਤਾਂ ਵੀ ਵੇਖਣ ਵਿਚ ਉਹ ਇੰਨੀ ਖ਼ੂਬਸੂਰਤ ਸੀ ਕਿ ਉਨ੍ਹਾਂ ਕੱਪੜਿਆਂ ਵਿਚ ਸਾਰਿਆਂ ਨਾਲੋਂ ਸੋਹਣੀ ਦਿਸ ਰਹੀ ਸੀ।

ਕਾਲਰਾ ਦੀ ਕੋਠੀ ਪਹੁੰਚ ਤਾਂ ਉਹ ਸਭ ਕੁਝ ਵੇਖਦੀ ਹੀ ਰਹਿ ਗਈ। ਬਹੁਤ ਵੱਡੀ ਸਾਰੀ ਕੋਠੀ ਅਤੇ ਉਸ ਅੱਗੇ ਓਨਾ ਹੀ ਵੱਡਾ ਲਾਅਨ ਜਿਸ ਵਿਚ ਪਾਰਟੀ ਦਾ ਇੰਤਜ਼ਾਮ ਕੀਤਾ ਗਿਆ ਸੀ। ਕੋਠੀ ਨੂੰ ਸੰਵਾਰਨ-ਸਜਾਉਣ ਵਿਚ ਕੋਈ ਕਸਰ ਨਹੀਂ ਸੀ ਛੱਡੀ ਗਈ।

ਪਾਰਟੀ ਵਿਚ ਉਸ ਨੇ ਕਾਲਰਾ ਦੀ ਪਤਨੀ ਨੂੰ ਵੇਖਿਆ ਕਿੰਨੀ ਸੋਹਣੀ ਸੀ ਉਹ, ਪਰ ਉਸ ਦਾ ਪਤੀ? ਉਹ ਤਾਂ ਐਵੇਂ ਸੀ ਸੁੱਕਾ ਜਿਹਾ ਪੱਕੇ ਰੰਗ ਦਾ।

‘ਕੀ ਹੋਇਆ ਜੇ ਉਹ ਆਪ ਪਤਨੀ ਜਿਹਾ ਨਹੀਂ। ਉਸ ਕੋਲ ਖੜੋਣ ਜੋਗਾ ਵੀ ਨਹੀਂ, ਪਰ ਉਸ ਨੇ ਆਪਣੀ ਪਤਨੀ ਨੂੰ ਸਾਰੇ ਸੁੱਖ ਤਾਂ ਦਿੱਤੇ ਨੇ?’

ਇਹ ਸੋਚਦਿਆਂ ਉਸ ਦੀ ਸੋਚ ਅੱਗੇ ਟੁਰ ਪਈ।

‘ਕੀ ਨਹੀਂ ਕਾਲਰਾ ਦੀ ਪਤਨੀ ਕੋਲ। ਕਿੰਨੇ ਜ਼ੇਵਰ ਪਹਿਨ ਰੱਖੇ ਨੇ ਉਸ ਨੇ। ਗਲ ਵਿਚ ਪਹਿਨਿਆ ਸੋਨੇ ਦਾ ਹਾਰ ਤਾਂ ਕਈ ਤੋਲੇ ਦਾ ਹੈ। ਕੰਨਾਂ ਵਿਚ ਹੀਰੇ ਦੇ ਟਾਪਸ ਨੇ। ਬਾਹਾਂ ਸੋਨੇ ਦੀਆਂ ਚੂੜੀਆਂ ਨਾਲ ਭਰੀਆਂ ਹੋਈਆਂ ਨੇ। ਕਿਤਨੀ ਕੀਮਤੀ ਸਾੜ੍ਹੀ ਬੰਨ੍ਹ ਰੱਖੀ ਹੈ ਉਸ ਨੇ। ਨੌਕਰ ਚਾਕਰ, ਕਾਰਾਂ, ਕਿਹੜਾ ਸੁੱਖ ਨਹੀਂ ਇਸ ਕੋਲ। 

ਪਰ ਮੇਰਾ ਪਤੀ…? ਕੁਝ ਵੀ ਤਾਂ ਨਹੀਂ ਕਰਨ ਜੋਗਾ। ਥੋੜ੍ਹੇ ਜਿਹੇ ਪੈਸੇ ਕਮਾ ਕੇ ਲਿਆ ਮੇਰੀ ਤਲੀ ’ਤੇ ਧਰ ਦਿੱਤੇ। ਆਪਣੇ ਪੈਸੇ ਮਿਲਾ ਮੈਂ ਮਸਾਂ ਘਰ ਟੋਰ ਰਹੀ ਹਾਂ… ਜੇ ਮੈਂ ਆਪ ਨੌਕਰੀ ਨਾ ਕਰਾਂ ਤਾਂ…?’

ਫੇਰ ਪਤਾ ਨਹੀਂ ਉਸ ਨੂੰ ਕੀ ਹੋਇਆ, ਉਹ ਪਤੀ ਦੀਆਂ ਇਨ੍ਹਾਂ ਕਮਜ਼ੋਰੀਆਂ ਨੂੰ ਛੱਡ ਉਸ ਦੀਆਂ ਦੂਜੀਆਂ ਗੱਲਾਂ ਬਾਰੇ ਸੋਚਣ ਲੱਗੀ… ‘ਮੇਰਾ ਕਿੰਨਾ ਖਿਆਲ ਰੱਖਦਾ ਏ ਉਹ। ਜਦੋਂ ਸ਼ਾਮੀਂ ਥੱਕੀ ਮੈਂ ਘਰ ਪਹੁੰਚਦੀ ਹਾਂ ਤਾਂ ਮੇਰੇ ਆਉਣ ਤੋਂ ਪਹਿਲਾਂ ਸਬਜ਼ੀ ਚਾੜ੍ਹ ਦਿੰਦਾ। ਕਈ ਵਾਰੀ ਮੇਰੇ ਕੱਪੜੇ ਧੋ ਕੇ ਪ੍ਰੈਸ ਕਰ ਦਿੰਦਾ। ਘਰ ਪਹੁੰਚਣ ’ਤੇ ਮੈਨੂੰ ਚਾਹ ਬਣਾ ਕੇ ਦਿੰਦਾ। ਘਰ ਵਿਚ ਜਦੋਂ ਤਕ ਮੈਂ ਰਹਿੰਦੀ ਹਾਂ ਮੇਰੇ ਨਾਲ ਜੁੜਿਆ ਰਹਿੰਦਾ। ਹਰ ਵੇਲੇ ਮੇਰੇ ਨੇੜੇ ਘੁੰਮਦਾ ਰਹਿੰਦਾ। ਮੈਨੂੰ ਇਕੱਲਾ ਨਹੀਂ ਛੱਡਦਾ। ਮੈਨੂੰ ਲੱਗਦੈ ਮੇਰੇ ਸਿਵਾ ਤਾਂ ਉਸ ਦਾ ਆਪਣਾ ਹੋਰ ਕੋਈ ਵੀ ਨਹੀਂ…। ਉਸ ਦਾ ਆਪਣਾ ਕੋਈ ਨਿੱਜੀ ਖਰਚ ਨਹੀਂ। ਉਸ ਨੇ ਤਾਂ ਤਨਖ਼ਾਹ ਦੇ ਸਾਰੇ ਪੈਸੇ ਮੈਨੂੰ ਫੜਾ ਦਿੱਤੇ ਸਨ…। ਕਈ ਵਾਰੀ ਮੈਨੂੰ ਉਸ ’ਤੇ ਕਿੰਨੀ ਖਿਝ ਆਉਂਦੀ ਹੈ, ਪਰ ਉਸ ਨੂੰ ਤਾਂ ਕਦੇ ਮੇਰੇ ’ਤੇ ਗੁੱਸਾ ਆਇਆ ਹੀ ਨਹੀਂ…। ਪਰ ਪੈਸੇ ਬਿਨਾਂ ਇਨਸਾਨ ਨੂੰ ਨਾ ਇੱਜ਼ਤ ਮਿਲਦੀ ਹੈ ਅਤੇ ਨਾ ਹੀ ਸੁਖ। ਉਸ ਕੋਲ ਤਾਂ ਮਹੀਨੇ ਦੇ ਕੇਵਲ ਢਾਈ ਹਜ਼ਾਰ ਰੁਪਏ ਹੀ ਨੇ…।’

ਪਾਰਟੀ ਅਟੈਂਡ ਕਰ ਇਹ ਸਾਰਾ ਕੁਝ ਸੋਚਦੀ ਹੋਈ ਉਹ ਰਾਤੀਂ ਘਰ ਮੁੜੀ। ਉਸ ਨੂੰ ਭਾਵੇਂ ਰੋਜ਼ ਨਾਲੋਂ ਵੱਧ ਦੇਰ ਹੋ ਗਈ ਸੀ, ਪਰ ਘਰ ਪਹੁੰਚਣ ’ਤੇ ਨਾ ਤਾਂ ਉਸ ਦਾ ਪਤੀ ਕੁਝ ਬੋਲਿਆ ਅਤੇ ਨਾ ਹੀ ਸੱਸ ਨੇ ਦੇਰ ਹੋ ਜਾਣ ਦਾ ਕਾਰਨ ਪੁੱਛਿਆ।

ਦਫ਼ਤਰ ਦੇ ਟੁਰਦੇ ਕਰਮ ਵਿਚ ਫੇਰ ਬਦਲਾਅ ਆਇਆ ਜਿੱਦਣ ਕਾਲਰਾ ਦੀ ਖ਼ਾਸ ਰਜਨੀ ਵਿਆਹ ਕਰਵਾ ਕੇ ਦਫ਼ਤਰ ਦੀ ਨੌਕਰੀ ਛੱਡ ਕੇ ਚਲੀ ਗਈ। ਉਸ ਦੇ ਜਾਣ ਬਾਅਦ ਕਾਲਰਾ ਨੇ ਰਜਨੀ ਵਾਲੇ ਕੰਮ ਲਈ ਉਸ ਨੂੰ ਨਿਯੁਕਤ ਕਰ ਲਿਆ। ਉਸ ਨੂੰ ਵੀ ਕਾਲਰਾ ਦਿਨ ਵਿਚ ਦੋ-ਤਿੰਨ ਵਾਰੀ ਆਪਣੇ ਦਫ਼ਤਰ ’ਚ ਸੱਦਣ ਲੱਗਾ। ਉਸ ਨੂੰ ਕਈ ਵਾਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਕਾਲਰਾ ਨੇ ਐਵੇਂ ਬਹਾਨਾ ਬਣਾ ਉਸ ਨੂੰ ਆਪਣੇ ਦਫ਼ਤਰ ਅੰਦਰ ਬੁਲਾਇਆ ਹੋਵੇ।

ਫੇਰ ਇਕ ਦਿਨ ਬਹੁਤ ਅਜੀਬ ਜਿਹੀ ਗੱਲ ਹੋਈ। ਕਾਲਰਾ ਨੇ ਮੇਜ਼ ’ਤੇ ਪਈ ਇਕ ਫਾਈਲ ਫੜਾਉਂਦਿਆਂ ਉਸ ਦੇ ਹੱਥ ਨੂੰ ਪੋਲਾ ਜਿਹਾ ਨੱਪ ਦਿੱਤਾ।

ਇਕ ਵਾਰੀ ਤਾਂ ਉਸ ਦਾ ਅੰਦਰ ਗੁੱਸੇ ਨਾਲ ਭਰ ਗਿਆ। ਉਹਦੇ ਮਨ ਆਇਆ ਕਾਲਰਾ ਨੂੰ ਬਹੁਤ ਕੁਝ ਕਹੇ, ਪਰ ਉਸ ਤੋਂ ਤਾਂ ਕੁਝ ਬੋਲਿਆ ਹੀ ਨਹੀਂ ਗਿਆ। ਉਸੇ ਸ਼ਾਮ ਦਫ਼ਤਰ ਛੱਡਣ ਤੋਂ ਪਹਿਲਾਂ ਕਾਲਰਾ ਨੇ ਉਸ ਨੂੰ ਸੌ ਰੁਪਏ ਦਾ ਇੰਕਰੀਮੈਂਟ ਦੇ ਦਿੱਤਾ। ਮੌਕਾ ਪੈਣ ’ਤੇ ਉਹ ਜਦੋਂ ਵੀ ਅਜਿਹੀ ਹਰਕਤ ਕਰਦਾ ਤਾਂ ਹਰ ਵਾਰੀ ਉਸ ਦੀ ਤਨਖ਼ਾਹ ਵਿਚ ਇਕ ਸੌ ਰੁਪਏ ਵਧਾ ਦਿੰਦਾ।

ਕਈ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ। ਉਸ ਨੂੰ ਕਈ ਵਾਰੀ ਕਾਲਰਾ ਦੇ ਦਫ਼ਤਰ ਸੱਦਿਆ ਜਾਂਦਾ। ਉਹ ਉਸ ਨਾਲ ਨਿੱਜੀ ਗੱਲਾਂ ਕਰਨ ਲੱਗਦਾ। ਉਸ ਦੇ ਪਤੀ ਬਾਰੇ ਸਵਾਲ ਪੁੱਛਦਾ। ਇਹ ਸਭ ਹੋਣਾ ਉਸ ਨੂੰ ਚੰਗਾ ਨਾ ਲੱਗਦਾ। ਫੇਰ ਅੱਜ ਤਾਂ ਬਹੁਤ ਅਜੀਬ ਜਿਹੀ ਗੱਲ ਹੋਈ। ਦਫ਼ਤਰ ਦੀ ਛੁੱਟੀ ਦਾ ਵਕਤ ਕਦੋਂ ਦਾ ਹੋ ਗਿਆ ਸੀ। ਇਕ-ਇਕ ਕਰਕੇ ਸਾਰੇ ਵਰਕਰ ਘਰਾਂ ਨੂੰ ਚਲੇ ਗਏ ਸਨ, ਪਰ ਕਾਲਰਾ ਨੇ ਉਸ ਨੂੰ ਕੋਈ ਜ਼ਰੂਰੀ ਕਾਗਜ਼ ਭੇਜਣ ਦਾ ਕਹਿ ਰੋਕ ਲਿਆ ਸੀ। ਇਕ ਵਾਰੀ ਤਾਂ ਉਸ ਨੂੰ ਦਫ਼ਤਰ ਵਿਚ ਬਹੁਤ ਡਰ ਲੱਗਾ, ਪਰ ਛੇਤੀ ਹੀ ਉਸ ਨੇ ਆਪਣੇ ਆਪ ਨੂੰ ਸਾਂਭ ਲਿਆ, ਬੋਚ ਲਿਆ, ਆਪਣੇ ’ਤੇ ਕਾਬੂ ਪਾ ਲਿਆ।

ਜਦੋਂ ਦਫ਼ਤਰ ਦੇ ਸਾਰੇ ਕਰਮਚਾਰੀ ਚਲੇ ਗਏ ਤਾਂ ਕਾਲਰਾ ਨੇ ਆਪਣੇ ਕਮਰੇ ਅੰਦਰ ਘੰਟੀ ਵਜਾ ਉਸ ਨੂੰ ਬੁਲਾਇਆ। ਇਕ ਵਾਰੀ ਉਹ ਫੇਰ ਡਰ ਜਿਹੀ ਗਈ, ਪਰ ਤਦੇ ਉਹ ਆਪਣੀ ਥਾਂ ਤੋਂ ਉੱਠੀ। ਉਸ ਅੰਦਰ ਹੁਣ ਕੋਈ ਡਰ ਨਹੀਂ ਸੀ। ਅਜੇ ਉਹ ਕਾਲਰਾ ਦੇ ਦਫ਼ਤਰ ਦਾ ਦਰਵਾਜ਼ਾ ਖੋਲ੍ਹ ਅੰਦਰ ਦਾਖਲ ਹੋਈ ਹੀ ਸੀ ਕਿ ਪਹਿਲਾਂ ਤੋਂ ਆਪਣੀ ਕੁਰਸੀ ਤੋਂ ਉੱਠ ਖੜੋਤੇ ਕਾਲਰਾ ਨੇ ਉਸ ਦੇ ਨੇੜੇ ਜਾਂਦਿਆਂ ਉਸ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਅਜਿਹਾ ਹੋਣ ’ਤੇ ਇਕ ਵਾਰੀ ਉਸ ਨੂੰ ਆਪਣਾ ਪਤੀ ਚੇਤੇ ਆਇਆ ਜਿਹੜਾ ਉਸ ਦੀਆਂ ਨਜ਼ਰਾਂ ਵਿਚ ਨਕਾਰਾ ਜਿਹਾ ਸੀ, ਜਿਹੜਾ ਵਿਆਹ ਬਾਅਦ ਉਸ ਨੂੰ ਕੋਈ ਸੁਖ ਨਹੀਂ ਸੀ ਦੇ ਸਕਿਆ ਸਗੋਂ ਗਰੀਬੜਾ ਜਿਹਾ ਬਣਿਆ ਉਸ ਨਾਲ ਚਿਪਟਿਆ ਹੋਇਆ ਸੀ। ਪਰ ਉਸ ਦਾ ਉਹ ਚਿਪਟਣਾ ਹੀ ਉਸ ਨੂੰ ਸੁਖਦ ਮਹਿਸੂਸ ਹੋਇਆ, ਜਿਹੜਾ ਕੇਵਲ ਉਸ ਦਾ ਹੀ ਸੀ, ਜਿਹੜਾ ਕਿਸੇ ਦੂਜੀ ਔਰਤ ਬਾਰੇ ਕਦੇ ਸੋਚ ਵੀ ਨਹੀਂ ਸੀ ਸਕਦਾ, ਜਿਹੜਾ ਸਾਰੇ ਦਾ ਸਾਰਾ ਉਸ ਦਾ ਆਪਣਾ ਸੀ, ਜਿਸ ਦੀਆਂ ਕਾਲਰਾ ਵਾਂਗ ਦੂਜੀਆਂ ਔਰਤਾਂ ਵਿਚ ਵੰਡੀਆਂ ਨਹੀਂ ਸਨ ਪਈਆਂ ਹੋਈਆਂ।

ਮਨ ਵਿਚ ਇਸ ਸੋਚ ਦੇ ਆਉਂਦਿਆਂ ਹੀ ਉਸ ਨੇ ਜ਼ੋਰ ਦਾ ਧੱਕਾ ਮਾਰ ਕਾਲਰਾ ਨੂੰ ਆਪਣੇ ਨਾਲੋਂ ਤੋੜ ਕੁਰਸੀ ’ਤੇ ਵਗਾਹ ਮਾਰਿਆ।

‘‘ਤੂੰ … ਪੈਸੇ ਦੇ ਜ਼ੋਰ ਨਾਲ ਮੈਨੂੰ ਜਿੱਤਣਾ ਚਾਹੁੰਦਾ ਏਂ…।’’ ਇਸ ਤੋਂ ਪਹਿਲਾਂ ਕਿ ਇਹ ਗੱਲ ਉਸ ਦੇ ਮੂੰਹੋਂ ਬਾਹਰ ਨਿਕਲਦੀ, ਉਹ ਤੇਜ਼ੀ ਨਾਲ ਦਫ਼ਤਰ ’ਚੋਂ ਬਾਹਰ ਨਿਕਲ ਆਪਣਾ ਪਰਸ ਚੁੱਕ ਬੱਸ ਸਟੈਂਡ ਵੱਲ ਟੁਰ ਪਈ।

ਅੱਜ ਉਸ ਨੂੰ ਰੋਜ਼ ਨਾਲੋਂ ਕਿਤੇ ਵੱਧ ਦੇਰ ਹੋ ਗਈ ਸੀ। ਉਸ ਨੇ ਇਕ ਵਾਰੀ ਫੇਰ ਗੁੱਟ ’ਤੇ ਬੰਨ੍ਹੀ ਘੜੀ ਵੱਲ ਵੇਖਿਆ। ਪੌਣੇ ਅੱਠ ਵੱਜ ਗਏ ਸਨ। ਠੀਕ ਰਫ਼ਤਾਰ ਨਾਲ ਨੱਸੀ ਜਾਂਦੀ ਬੱਸ ਵੀ ਪਤਾ ਨਹੀਂ ਉਸ ਨੂੰ ਕਿਉਂ ਹੌਲੀ-ਹੌਲੀ ਟੁਰਦੀ ਜਾਪ ਰਹੀ ਸੀ। ਉਸ ਦੇ ਮਨ ਵਿਚ ਪਤੀ ਨੂੰ ਛੱਡ ਹੋਰ ਕੋਈ ਨਹੀਂ ਸੀ। ਉਸ ਦਾ ਮਨ ਕਰ ਰਿਹਾ ਸੀ ਕਿ ਉਹ ਛੇਤੀ ਤੋਂ ਛੇਤੀ ਘਰ ਪਹੁੰਚ ਜਾਵੇ।

ਚਾਲੀ-ਪੰਤਾਲੀ ਵਰ੍ਹਿਆਂ ਦੀ ਉਮਰ ਦਾ ਭਾਰੀ ਮੁੱਛਾਂ ਵਾਲਾ ਮਰਦ ਅਜੇ ਵੀ ਕਦੇ-ਕਦੇ ਚੋਰ ਅੱਖ ਨਾਲ ਉਸ ਵੱਲ ਵੇਖ ਲੈਂਦਾ ਸੀ, ਪਰ ਉਹ ਤਾਂ ਸਭ ਕਾਸੇ ਤੋਂ ਬੇਖਬ਼ਰ ਸੀ।

ਬੱਸ ’ਚੋਂ ਉਤਰ ਰੋਜ਼ ਨਾਲੋਂ ਤੇਜ਼ ਕਦਮਾਂ ਨਾਲ ਉਹ ਘਰ ਵੱਲ ਟੁਰ ਪਈ। ਟੁਰ ਨਹੀਂ ਸਗੋਂ ਉਹ ਤਾਂ ਜਿਵੇਂ ਨੱਸੀ ਹੀ ਜਾ ਰਹੀ ਸੀ।

ਜਦੋਂ ਉਹ ਘਰ ਨੇੜੇ ਪਹੁੰਚੀ ਤਾਂ ਸਾਹੋ-ਸਾਹ ਹੋ ਗਈ ਸੀ। ਉਸ ਨੂੰ ਘਰ ਦਾ ਬਾਹਰਲਾ ਬੂਹਾ ਬੰਦ ਦਿਸਿਆ।

ਉਸ ਨੇ ਕਿਵਾੜ ਧੱਕ ਦਰਵਾਜ਼ਾ ਖੋਲ੍ਹਿਆ ਅਤੇ ਘਰ ਅੰਦਰ ਦਾਖ਼ਲ ਹੋਈ। ਉਸ ਨੇ ਵੇਖਿਆ ਪਤੀ ਰੋਜ਼ ਵਾਂਗ ਗੈਸ ਜਲਾ ਚੁੱਲ੍ਹੇ ’ਤੇ ਸਬਜ਼ੀ ਚਾੜ੍ਹ ਰਿਹਾ ਸੀ। ਘਰ ਵਿਚ ਦਾਖ਼ਲ ਹੋ ਉਸ ਨੇ ਪਰਸ ਇਕ ਪਾਸੇ ਸੁੱਟਿਆ ਅਤੇ ਰਸੋਈ ਵਿਚ ਸਬਜ਼ੀ ਚਾੜ੍ਹ ਰਹੇ ਪਤੀ ਨੂੰ ਪਿੱਛੋਂ ਜਾ ਪਹਿਲੀ ਵਾਰੀ ਜੱਫੀ ਪਾ ਲਈ।

ਭਾਵੇਂ ਸਬਜ਼ੀ ਨੂੰ ਤੜਕਾ ਲਾਉਂਦੇ ਪਤੀ ਨੂੰ ਕੁਝ ਸਮਝ ਨਹੀਂ ਆਈ ਕਿ ਕੀ ਹੋ ਗਿਆ ਸੀ, ਪਰ ਦੂਜੇ ਪਾਸੇ ਉਸ ਨੂੰ ਉਹ ਦੋ ਕਮਰਿਆਂ ਵਾਲਾ ਉਹ ਖਾਲੀ-ਖਾਲੀ ਘਰ ਪਹਿਲੀ ਵਾਰੀ ਭਰਿਆ-ਭਰਿਆ ਜਾਪ ਰਿਹਾ ਸੀ।

Leave a Reply

Your email address will not be published. Required fields are marked *