ਕਾਤਲ ਦੀ ਪਛਾਣ

ਸੁਜਾਨ ਸਿੰਘ

ਮਹਾਂਨਗਰ ਵਿੱਚ ਤਿੰਨ ਦਿਨ ਜਬਰ ਜ਼ੁਲਮ ਦਾ ਤੂਫ਼ਾਨ ਆਇਆ ਰਿਹਾ ਸੀ। ਸ਼ਹਿਰ ਦੇ ਬਾਹਰਲੇ ਇਲਾਕਿਆਂ ਵਿੱਚ ਤੇ ਕੁਝ ਵਿਚਲੇ ਇਲਾਕਿਆਂ ਵਿੱਚ ਵੀ ਲਾਟਾਂ ਉੱਠਦੀਆਂ ਰਹੀਆਂ ਸਨ ਤੇ ਧੂੰਏ ਦੇ ਬੱਦਲ ਆਸਮਾਨ ਨੂੰ ਛੂੰਹਦੇ ਰਹੇ ਸਨ। ਦੁਕਾਨਾਂ ਲੁੱਟੀਆਂ ਗਈਆਂ ਸਨ ਤੇ ਬੂਹੇ ਖੁੱਲ੍ਹ ਪਏ ਸਨ, ਜਿਵੇਂ ਕਿਸੇ ਅੱਸੀ ਸਾਲ ਦੇ ਗ਼ਰੀਬ ਬੁੱਢੇ ਦਾ ਦੰਦਾਂ ਰਹਿਤ ਮੂੰਹ। ਵਿੱਚ ਵਿੱਚ ਕਈ ਦੁਕਾਨਾਂ ਬਿਲਕੁਲ ਬਚੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਬਹੁਗਿਣਤੀ ਭਾਈਚਾਰੇ ਦੀ ਮਾਲਕੀਅਤ ਜ਼ਾਹਰ ਕਰਦੇ ਸਾਈਨ ਬੋਰਡ ਲੱਗੇ ਹੋਏ ਸਨ। ਜਵਾਨ ਤੇ ਅਧਖੜ ਸਿੱਖ ਚੁਣ ਚੁਣ ਕੇ ਮਾਰੇ ਗਏ ਸਨ, ਜਵਾਨ ਕੁੜੀਆਂ ਅਗਵਾ ਕੀਤੀਆਂ ਗਈਆਂ ਸਨ। ਕਈਆਂ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤੀਆਂ ਗਈਆਂ ਸਨ।

ਸਾੜ ਫੂਕ ਤੇ ਕਤਲੋਗਾਰਤ ਕਰਨ ਵਾਲੇ ਹਜੂਮ ਜਾਂ ਝੁੱਗੀ ਝੋਂਪੜੀ ਵਾਸੀਆਂ ਦੇ ਸਨ ਜਾਂ ਓਪਰੇ ਲੋਕਾਂ ਦੇ ਜੋ ਮਹਾਂਨਗਰ ਦੇ ਵਸਨੀਕ ਨਹੀਂ ਸਨ। ਇਲਾਕੇ ਦੇ ਗੁੰਡੇ ਉਨ੍ਹਾਂ ਦੀ ਅਗਵਾਈ ਕਰ ਰਹੇ ਸਨ ਤੇ ਉਨ੍ਹਾਂ ਦੀ ਅਗਵਾਈ ਕਰ ਰਹੇ ਸਨ ਕੁਝ ਸਿਆਸੀ ਆਗੂ। ਇਉਂ ਮਾਲੂਮ ਹੁੰਦਾ ਸੀ ਕਿ ਇਹ ਕਤਲੋਗਾਰਤ ਕਿਸੇ ਗਿਣੀ ਮਿਥੀ ਸਾਜ਼ਿਸ਼ ਅਧੀਨ ਹੋ ਰਹੀ ਹੋਵੇ। ਆਗੂਆਂ ਕੋਲ ਘਰਾਂ ਦੇ ਨੰਬਰਾਂ ਦੀਆਂ ਸੂਚੀਆਂ ਸਨ ਤੇ ਸਿੱਖਾਂ ਦੇ ਘਰਾਂ ਨੂੰ ਚੁਣ ਚੁਣ ਕੇ, ਉਨਾਂ ਦੇ ਜੀਅ ਕਤਲ ਤੇ ਅਗਵਾ ਕੀਤੇ ਜਾ ਰਹੇ ਸਨ। ਘਰਾਂ ਨੂੰ ਲੁੱਟ ਕੇ ਅੱਗਾਂ ਲਾਈਆਂ ਜਾ ਰਹੀਆਂ ਸਨ, ਅੱਗਾਂ ਲਾਉਣ ਲਈ ਇਹ ਕਾਤਲ ਗਰੋਹ ਮਣਾਂ ਮੂੰਹੀਂ ਪੈਟਰੋਲ, ਮਿੱਟੀ ਦਾ ਤੇਲ ਪੀਪਿਆਂ, ਕੈਨਾਂ ਅਤੇ ਡਰੰਮਾਂ ਵਿੱਚ ਲਈ ਫਿਰਦੇ ਸਨ। ਪੈਟਰੋਲ ਨੂੰ ਇੱਕ ਨਵੇਂ ਪਰਯੋਗ ਵਿਚ ਲਿਆਇਆ ਜਾ ਰਿਹਾ ਸੀ। ਕਿਸੇ ਨੂੰ ਲੋਹੇ ਦੀਆਂ ਸੀਖਾਂ, ਡਾਂਗਾਂ, ਕੁਹਾੜੀਆਂ ਨਾਲ ਅਧਮੋਇਆਂ ਕੀਤਾ, ਪੈਟਰੋਲ ਉੱਤੇ ਪਾਇਆ ਅਤੇ ਅੱਗ ਲਾ ਦਿੱਤੀ, ਜਿਉਂਦੇ ਉੱਤੇ ਹੀ ਪੈਟਰੋਲ ਸੁੱਟਿਆ, ਦੂਰੋਂ ਹੀ ਤੀਲ੍ਹੀ ਦਿਖਾਈ; ਭਬੂਕਾ ਉੱਠਿਆ, ਸਰੀਰ ਡਿੱਗਿਆ ਤੇ ਰੂਹ ਪਰਵਾਜ਼ ਕਰ ਗਈ ਜਾਂ ਟਾਇਰ ਨੂੰ ਅੱਗ ਲਾਈ ਤੇ ਜਿਊਂਦੇ ਆਦਮੀ ਦੇ ਗਲ ਵਿਚ ਪਾ ਦਿੱਤਾ ਅਤੇ ਉਸਨੂੰ ਤੜਫਦਾ, ਭੁੜਕਦਾ, ਭੱਜਦਾ ਦੇਖ ਕੇ ਗਿੱਧਿਆਂ ਦਾ ਤਾਲ ਦਿੱਤਾ ਗਿਆ। ਕਿੰਨਾ ਭਿਆਨਕ ਸੀ ਇਹ ਨਾਚ! ਜਿਊਂਦੇ ਸੜਨ ਵਾਲਿਆਂ ਦੀਆਂ ਚੀਕਾਂ ਦਾ ਪੱਥਰ ਦਿਲਾਂ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਬਚੀਆਂ ਹੋਈਆਂ ਵਿਧਵਾਵਾਂ, ਔਤਰੀਆਂ ਬਣਾ ਦਿੱਤੀਆਂ ਮਾਵਾਂ ਅਤੇ ਯਤੀਮ ਬੱਚੇ, ਬੱਚੀਆਂ ਲਈ ਰਫਿਊਜੀ ਕੈਂਪ ਬਣਾ ਦਿੱਤੇ ਗਏ ਸਨ। ਇਹ ਦੇਸ਼ ਦੀ ਵੰਡ ਵੇਲੇ ਦੇ ਰਫਿਊਜੀ ਕੈਂਪਾਂ ਤੋਂ ਭਿੰਨ ਸਨ, ਇਹ ਆਪਣੇ ਦੇਸ਼ ਵਾਲਿਆਂ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਮਾਰ ਕੇ, ਬਚ ਗਏ ਯਤੀਮ ਬੱਚਿਆਂ, ਬੇਸਹਾਰਾ ਬੁੱਢਿਆਂ ਅਤੇ ਵਿਧਵਾਵਾਂ ਲਈ ਬਣਾਏ ਸਨ।

ਇੱਕ ਇਹੋ ਜਿਹਾ ਹੀ ਕੈਂਪ ਮਹਾਂਨਗਰ ਦੇਨਦੀਓਂ ਪਾਰਲੇ ਹਿੱਸੇ ਵਿਚ ਬਣਾਇਆ ਗਿਆ ਸੀ। ਇਸ ਕੈਂਪ ਵਿੱਚ ਕਈ ਅਜਿਹੇ ਨੌਜਵਾਨ ਵੀ ਸਨ ਜਿਨ੍ਹਾਂ ਦੀ ਜਾਨ ਬਚਾਉਣ ਲਈ, ਉਨ੍ਹਾਂ ਦੇ ਦੂਸਰੇ ਧਰਮਾਂ ਦੇ ਮਿੱਤਰਾਂ ਨੇ ਉਨ੍ਹਾਂ ਦੇ ਵਾਲ ਕੱਟ ਕੇ, ਹਜਾਮਤ ਕਰਕੇ ਇਨ੍ਹਾਂ ਅਧਮੂਲ ਦੇ ਦਿਨਾਂ ਵਿੱਚ ਆਪਣੇ ਘਰਾਂ ਵਿਚ ਰੱਖਣ ਦਾ ਖ਼ਤਰਾ ਮੁੱਲ ਲਿਆ ਸੀ ਅਤੇ ਮਗਰੋਂ ਕੈਂਪ ਵਿੱਚ ਪਹੁੰਚਾਇਆ ਸੀ। ਇਕ ਬੁੱਢਾ ਝੂਰ ਰਿਹਾ ਸੀ ਜਿਸ ਦਾ ਇੱਕੋ ਇੱਕ ਪੁੱਤਰ ਅਤੇ ਦੋ ਪੋਤਰੇ ਸਮੇਂ ਤੋਂ ਪਹਿਲਾਂ ਰੱਬ ਦੇ ਘਰ ਭੇਜ ਦਿੱਤੇ ਗਏ ਸਨ। ਔਹ ਪਥਰਾਈ ਨਜ਼ਰ ਵਾਲੀ ਅੱਧਖੜ ਤੀਵੀਂ, ਜਿਸ ਦੇ ਪਤੀ ਨੂੰ ਮਾਰ ਕੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ ਸੀ, ਘਰ ਦਾ ਫਰਨੀਚਰ ਪਤੀ ਦੀ ਬਲਦੀ ਲਾਸ਼ ਉੱਤੇ ਪਾਉਂਦੀ ਰਹੀ ਸੀ ਤਾਂ ਜੁ ਉਸ ਦੇ ਪਤੀ ਦੀ ਦੇਹ ਦਾ ਪੂਰੀ ਤਰ੍ਹਾਂ ਸਸਕਾਰ ਹੋ ਜਾਵੇ। ਦੋ, ਤਿੰਨ ,ਚਾਰ ਸਾਲਾਂ ਦੇ ਕਈ ਬੱਚੇ ਇੱਕ ਥਾਂ ਢੇਰੀ ਹੋਏ ਹੋਏ ਸਨ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੀ ਹੋ ਗਿਆ ਹੈ। ਇਕ ਘਰ ਦੀਆਂ ਸੱਤ ਵਿਧਵਾਵਾਂ ਸਨ ਜਿਨ੍ਹਾਂ ਦੇ ਵੱਡੇ ਪਰਿਵਾਰ ਵਿਚੋਂ ਕੋਈ ਮਰਦ ਨਹੀਂ ਸੀ ਬਚਿਆ। ਸਿਆਲ ਦੇ ਦਿਨਾਂ ਵਿੱਚ ਇਨ੍ਹਾਂ ਸਭਨਾਂ ਕੋਲ ਠੰਢ ਤੋਂ ਬਚਣ ਲਈ ਕੋਈ ਸਾਧਨ ਨਹੀਂ ਸਨ।

ਦਿਨ ਚੜ੍ਹਿਆ, ਸੂਰਜ ਨਿਕਲਿਆ, ਹੱਡਾਂ ਨੂੰ ਸੇਕ ਲੱਗਾ। ਕੂਕਾਂ ਅਤੇ ਚੀਕਾਂ ਪੁਕਾਰਾਂ ਨੇ ਜਾ ਅੰਬਰ ਨੂੰ ਛੋਹਿਆ। ਟਰੱਕ ਆ ਗਏ ਜਿਨ੍ਹਾਂ ਵਿੱਚ ਪੁਰਾਣੇ ਕੰਬਲ ਅਤੇ ਰਜਾਈਆਂ ਸਨ। ਸੇਵਾਦਾਰ ਇਨ੍ਹਾਂ ਨੂੰ ਵੰਡਣ ਲੱਗੇ। ਕੁਝ ਲੈ ਲੈਂਦੇ ਸਨ, ਕੁਝ ਬੇਪਰਵਾਹੀ ਨਾਲ ਉਨ੍ਹਾਂ ਅੱਗੇ ਪਿਆਂ ਨੂੰ ਘੂਰ ਘੂਰ ਵੇਖਦੇ ਰਹਿੰਦੇ ਸਨ ਅਤੇ ਕਈ ਦੰਦੋੜਿੱਕੇ ਵਾਲੀ ਠੰਢ ਦੇ ਹੁੰਦਿਆਂ ਵੀ ਵਗਾਹ ਮਾਰਦੇ ਸਨ। ਕਈ ਬਦਅਸੀਸਾਂ ਦੇਂਦੇ ਸਨ, ਕੁਝ ਗਾਲ੍ਹਾਂ ਉੱਤੇ ਵੀ ਉਤਰ ਆਉਂਦੇ ਸਨ। ਇੱਕ ਜਵਾਨ ਤੀਵੀਂ ਸੁੰਨ ਵੱਟਾ ਹੋਈ ਹੋਈ ਸੀ, ਕਦੇ ਕਦੇ ਪਾਗਲਾਂ ਵਾਂਗ ਬੁੜਬੁੜਾਉਂਦੀ ਸੀ। ਦਿਨ ਚੜ੍ਹਨ ਉੱਤੇ ਦੇਗਾਂ, ਵਲਟੋਹੇ ਅਤੇ ਲੋਹਾਂ ਆ ਗਈਆਂ ਸਨ। ਫ਼ੌਜੀ ਟਰੱਕਾਂ ਵਿੱਚ ਰਾਸ਼ਨ ਆ ਰਿਹਾ ਸੀ। ਲੰਗਰ ਵਾਲੀ ਥਾਂ ਉੱਤੇ ਕਨਾਤਾਂ, ਛੋਲਦਾਰੀਆਂ, ਚਾਨਣੀਆਂ ਲੱਗ ਗਈਆਂ ਸਨ। ਖੱਦਰ ਦੇ ਕੱਪੜਿਆਂ ਵਾਲੇ ਵਲੰਟੀਅਰ ਹਦਾਇਤਾਂ ਦੇ ਕੇ ਮਜ਼ਦੂਰਾਂ, ਦਿਹਾੜੀਦਾਰਾਂ ਅਤੇ ਲਾਂਗਰੀਆਂ ਕੋਲੋਂ ਕੰਮ ਸ਼ੁਰੂ ਕਰਵਾ ਰਹੇ ਸਨ। ਬਾਲਣ ਦੇ ਵੱਡੇ ਵੱਡੇ ਮੋਛਿਆਂ ਦਾ ਟਰੱਕ ਲੱਥ ਗਿਆ ਸੀ। ਕੁਝ ਲੋਕ ਜ਼ਮੀਨ ਪੁੱਟ ਕੇ ਚੁੱਲ੍ਹੇ ਅਤੇ ਕਈ ਪੱਕੀਆਂ ਇੱਟਾਂ ਦੀਆਂ ਅੰਗੀਠੀਆਂ ਖੜ੍ਹੀਆਂ ਕਰ ਰਹੇ ਸਨ।

ਰਾਤ ਦੀਆਂ ਪੱਕੀਆਂ ਰੋਟੀਆਂ ਅਤੇ ਬਾਜ਼ਾਰੀ ਅਚਾਰ ਆ ਗਿਆ ਸੀ। ਇੱਕ ਅੰਗੀਠੀ ਵਿੱਚ ਲੱਕੜਾਂ ਨੂੰ ਪਲੀਤਾ ਲਾ ਕੇ ਚਾਹ ਲਈ ਇੱਕ ਦੇਗ ਧਰ ਕੇ ਉਸ ਵਿੱਚ ਬਾਲਟੀਆਂ ਨਾਲ ਪਾਣੀ ਪਾਇਆ ਜਾ ਰਿਹਾ ਸੀ। ਕਿਸੇ ਵੇਲੇ ਕਿਸੇ ਤੀਵੀਂ ਦੇ ਵੈਣ ਪਾਉਣ ਦੀ ਦਿਲ ਚੀਰਵੀਂ ਕੂਕ ਨਿਕਲਦੀ ਤਾਂ ਕਾਮੇ ਕੰਮ ਰੋਕ ਕੇ ਉਸ ਪਾਸੇ ਦੇਖਣ ਲੱਗ ਪੈਂਦੇ ਸਨ। ਕਿਸੇ ਕੁੱਟੇ ਮਾਰੇ ਬਜ਼ੁਰਗ ਦੀ ਗੁੱਝੀ ਸੱਟ ਦੀ ਪੀੜ ਚਸਕ ਉੱਠਦੀ ਤਾਂ ਉਹ ਚੀਕ ਉੱਠਦਾ ਸੀ। ਰੈੱਡ ਕਰੌਸ ਦੀ ਇੱਕ ਵੈਨ ਆ ਗਈ ਸੀ ਜਿਹੜੀ ਇਹੋ ਜਿਹੇ ਲੋਕਾਂ ਨੂੰ ਹਸਪਤਾਲ ਪਹੁੰਚਾਉਂਦੀ ਸੀ। ਯਤੀਮ ਉਦਾਸ ਬੱਚੇ ਖੇਡਣ ਦੀ ਥਾਂ ਉੱਤੇ ਇੱਕ ਜਗ੍ਹਾ ਗੁੱਛਾ ਮੁੱਛਾ ਹੋਏ ਪਏ ਸਨ। ਕਈ ਅਚਾਨਕ ਚੀਕਾਂ ਮਾਰਦੇ, ਡੁਸਕਦੇ ਅਤੇ ਕਈ ਗੁੰਮ ਸੁੰਮ ਸਨ। ਹਰਕਤ ਦੇ ਸੋਮੇ ਮਨੁੱਖ ਬੇਹਰਕਤ ਪਏ ਹੋਏ ਸਨ। ਮਨੁੱਖਾਂ ਦਾ ਕੀ ਹਾਲ ਕਰ ਦਿੱਤਾ ਗਿਆ ਸੀ! ਕੁਝ ਨੌਜਵਾਨ ਜਿਹੜੇ ਆਪਣੇ ਬਚਾਉਣ ਵਾਲਿਆਂ ਨੂੰ ਬਚਾਉਣ ਵੱਲੋਂ ਅਤੇ ਆਪ ਆਪਣੇ ਸਿਰ ਮੂੰਹ ਮੁੰਨਾ ਕੇ ਬਚੇ ਸਨ, ਬਹੁਤ ਬੇਇੱਜ਼ਤੀ ਮਹਿਸੂਸ ਕਰ ਰਹੇ ਸਨ। ਉਹ ਆਪਣੀਆਂ ਅੱਖਾਂ ਨਾਲ ਆਪਣੇ ਅੰਦਰ ਦੇਖਦੇ ਅਤੇ ਸਿਰ ਹਿਲਾਉਂਦੇ ਸਨ। ਇਹ ਸਿਰ ਹਿਲਾਉਣਾ ਪਛਤਾਵੇ ਦਾ ਸੀ ਕਿ ਬਦਲਾ ਲੈਣ ਦਾ; ਇਸਦਾ ਨਿਰਣਾ ਕਰਨਾ ਮੁਸ਼ਕਲ ਸੀ। ਦੁਪਹਿਰ ਤੱਕ ਕੈਂਪ ਦੇ ਲੋਕਾਂ ਲਈ ਖਾਣੇ ਦਾ ਮਾੜਾ ਮੋਟਾ ਪ੍ਰਬੰਧ ਹੋ ਗਿਆ ਸੀ ਜਿਸ ਨਾਲ ਕਈਆਂ ਨੇ ਆਪਣੇ ਪੇਟਾਂ ਨੂੰ ਝੁਲਕਾ ਦਿੱਤਾ। ਕਈਆਂ ਨੇ ਕੁਝ ਵੀ ਨਹੀਂ ਖਾਧਾ, ਸਿਰਫ਼ ਪਾਣੀ ਹੀ ਪੀਤਾ। ਇੱਕ ਦੋ ਜ਼ਨਾਨੀਆਂ ਨੇ ਪਾਣੀ ਵੀ ਨਹੀਂ ਪੀਤਾ ਜਿਵੇਂ ਉਨ੍ਹਾਂ ਨੇ ਭੁੱਖੀਆਂ ਪਿਆਸੀਆਂ ਰਹਿ ਕੇ ਸਤੀ ਹੋਣ ਦਾ ਨਿਸ਼ਚਾ ਕੀਤਾ ਹੋਇਆ ਹੋਵੇ। ਉਨ੍ਹਾਂ ਵਿੱਚ ਉਹ ਪਥਰਾਈ ਨਜ਼ਰ ਵਾਲੀ ਜ਼ਨਾਨੀ ਵੀ ਸੀ ਜਿਸ ਦੇ ਮਿੱਟੀ ਨਾਲ ਲਿਬੜੇ ਲੰਮੇ ਵਾਲ ਗਲ ਵਿੱਚ ਪਏ, ਪਿੱਠ ਉੱਤੇ ਲਮਕੇ ਅਤੇ ਚਿਹਰੇ ਉੱਤੇ ਖਿਲਰੇ ਹੋਏ ਸਨ। ਉਸ ਦੇ ਸਹੁਰਿਆਂ ਅਤੇ ਪੇਕਿਆਂ ਵਿਚੋਂ ਕੋਈ ਵੀ ਨਹੀਂ ਸੀ ਬਚਿਆ।

ਦੁਪਹਿਰ ਮਗਰੋਂ ਇੱਕ ਝੰਡੇ ਵਾਲੀ ਲੰਮੀ ਕਾਰ ਕੈਂਪ ਵਿੱਚ ਆਈ ਜਿਸ ਦੀ ਡਿੱਗੀ ਵਿਚੋਂ ਫਲਾਂ ਦੀਆਂ ਪੇਟੀਆਂ ਉਤਾਰੀਆਂ ਗਈਆਂ ਅਤੇ ਉਨ੍ਹਾਂ ਨੂੰ ਖੋਲ੍ਹਿਆ ਗਿਆ। ਕਾਰ ਦਾ ਮਾਲਕ ਖੱਦਰਧਾਰੀ ਸੀ ਜਿਸ ਨੇ ਚੂੜੀਦਾਰ ਪਜਾਮਾ ਅਤੇ ਗਰਮ ਖੱਦਰ ਦੀ ਅਚਕਨ ਪਹਿਨੀ ਹੋਈ ਸੀ। ਨੋਕਦਾਰ ਟੋਪੀ ਉਸ ਦੇ ਸਿਰ ਉੱਤੇ ਥੋੜ੍ਹੀ ਜਿਹੀ ਇੱਕ ਪਾਸੇ ਟਿਕੀ ਹੋਈ ਸੀ। ਇਹ ਦਰਮਿਆਨੇ ਕੱਦ ਦਾ ਨਾ ਮੋਟਾ ਨਾ ਪਤਲਾ ਆਦਮੀ ਸੀ ਜਿਸਦੇ ਚਿਹਰੇ ਉੱਤੇ ਦੁੱਖ ਅਤੇ ਹਮਦਰਦੀ ਦੇ ਚਿੰਨ੍ਹ ਸਨ। ਸਾਰੇ ਕੈਂਪ ਵਿੱਚ ਤੇਜ਼ ਹਵਾ ਵਾਂਗ ਖ਼ਬਰ ਫੈਲ ਗਈ ਕਿ ਲੀਡਰ ਸਾਹਿਬ ਆਪਣੇ ਹੱਥੀਂ ਕੈਂਪ ਨਿਵਾਸੀਆਂ ਨੂੰ ਫਲ ਵੰਡਣਗੇ। ਕੁਝ ਚਿਰ ਮਗਰੋਂ ਲੀਡਰ ਸਾਹਿਬ ਫਲ ਵੰਡਣ ਲਈ ਤੁਰ ਪਏ। ਇੱਕ ਆਦਮੀ ਖੁੱਲ੍ਹੀ ਹੋਈ ਪੇਟੀ ਨੂੰ ਫੜੀ ਉਨ੍ਹਾਂ ਦੇ ਮਗਰ ਮਗਰ ਤੁਰ ਰਿਹਾ ਸੀ ਅਤੇ ਉਹ ਉਸ ਵਿੱਚੋਂ ਸੇਬ ਚੁੱਕ ਚੁੱਕ ਵੰਡਦੇ ਜਾ ਰਹੇ ਸਨ। ਬਹੁਤ ਲੋਕਾਂ ਨੇ ਸੇਬ ਲੈ ਲਏ। ਕੁਝ ਕਤਾਰਾਂ ਵਿੱਚ ਖੜ੍ਹੇ ਹੀ ਨਹੀਂ ਹੋਏ। ਬੱਚਿਆਂ ਨੇ ਸੇਬ ਲੈ ਲਏ, ਨੇਤਾ ਜੀ ਕਦੇ ਕਦੇ ਕਿਸੇ ਬੱਚੇ ਨੂੰ ਪਿਆਰ ਵੀ ਕਰਦੇ। ਕਿਸੇ ਨੇ ਪਥਰਾਈਆਂ ਹੋਈਆਂ ਅੱਖਾਂ ਵਾਲੀ ਅੱਧਖੜ ਤੀਵੀਂ ਬਾਰੇ ਲੀਡਰ ਸਾਹਿਬ ਨੂੰ ਦੱਸਿਆ। ਲੀਡਰ ਸਾਹਿਬ ਉਸ ਜ਼ਨਾਨੀ ਵੱਲ ਉਚੇਚੇ ਵਧੇ ਪਰ ਉਸ ਨੇ ਆਏ ਆਗੂ ਵੱਲ ਵੇਖਿਆ ਹੀ ਨਾ। ਆਗੂ ਨੇ ਦੁੱਖ ਨਾਲ ਚੋ ਚੋ ਪੈਂਦੇ ਹਮਦਰਦੀ ਦੇ ਸ਼ਬਦ ਕਹੇ ਅਤੇ ਸੇਬ ਪੇਸ਼ ਕੀਤੇ। ਉਸ ਇਸਤਰੀ ਨੇ ਨਾ ਸੇਬਾਂ ਵੱਲ ਅਤੇ ਨਾ ਹੀ ਕਿਸੇ ਹੋਰ ਵੱਲ ਧਿਆਨ ਕੀਤਾ ਜਿਵੇਂ ਉਹ ਇੱਕ ਪੱਥਰ ਦੀ ਮੂਰਤ ਹੋਵੇ। ਕਿਸੇ ਜ਼ਨਾਨੀ ਨੇ ਉਸ ਨੂੰ ਹਲੂਣ ਕੇ ਕਿਹਾ, ‘‘ਦੇਖ ਬੀਬਾ, ਲੀਡਰ ਸਾਹਿਬ ਆਪ ਆਏ ਹਨ।’’ ਉਸ ਤੀਵੀਂ ਦੀ ਨਜ਼ਰ ਲੀਡਰ ਸਾਹਿਬ ਉੱਤੇ ਪਈ। ਉਹ ਨਜ਼ਰ ਕਾਫ਼ੀ ਚਿਰ ਉੱਥੇ ਹੀ ਟਿਕੀ ਰਹੀ। ਫਿਰ ਅਚਾਨਕ ਉਹ ਕੂਕੀ, ‘‘ਇਹੋ ਹੈ, ਇਹੋ ਹੈ।’’ ਫਿਰ ‘‘ਇਹੋ ਹੈ, ਇਹੋ ਹੈ’’ ਕਰਦਿਆਂ ਉੱਠ ਕੇ ਉਸ ਤੀਵੀਂ ਨੇ ਝੱਟ ਖੱਦਰਪੋਸ਼ ਲੀਡਰ ਦੀ ਬਾਂਹ ਨੂੰ ਹੱਥ ਪਾ ਲਿਆ। ਲੀਡਰ ਸਾਹਿਬ ਨੇ ਸਾਰੇ ਜ਼ੋਰ ਦੇ ਝਟਕੇ ਨਾਲ ਆਪਣੀ ਬਾਂਹ ਉਸ ਦੀ ਪਕੜ ਵਿਚੋਂ ਛੁਡਾ ਲਈ ਅਤੇ ਤਿੱਖੀ ਚਾਲੇ ਉਲਟੇ ਰੁਖ਼ ਤੁਰ ਪਏ। ਉਸ ਤੀਵੀਂ ਨੂੰ ‘‘ਇਹੋ ਈ ਏ, ਇਹੋ ਈ ਏ’’ ਕਹਿੰਦਿਆਂ ਮਗਰ ਭੱਜਦੀ ਦੇਖ ਲੀਡਰ ਸਾਹਿਬ ਵੀ ਆਪਣੀ ਕਾਰ ਵੱਲ ਭੱਜ ਉੱਠੇ। ‘‘ਇਹ ਪਾਗਲ ਹੋ ਗਈ ਹੈ।’’ ਉਨ੍ਹਾਂ ਦੌੜੇ ਜਾਂਦਿਆਂ ਕਿਹਾ ਅਤੇ ਤੇਜ਼ੀ ਨਾਲ ਦਰਵਾਜ਼ਾ ਖੋਲ੍ਹ ਕੇ ਕਾਰ ਵਿੱਚ ਬੈਠਦਿਆਂ ਹੀ ਫੁਰਤੀ ਨਾਲ ਕਾਰ ਸਟਾਰਟ ਕੀਤੀ ਅਤੇ ਔਹ ਗਏ, ਔਹ ਗਏ। ਉਨ੍ਹਾਂ ਦਾ ਡਰਾਈਵਰ ਉੱਥੇ ਹੀ ਹੈਰਾਨ ਖੜ੍ਹਾ ਰਹਿ ਗਿਆ। ਉਹ ਤੀਂਵੀ ਕੂਕੀ ਜਾ ਰਹੀ ਸੀ, ‘‘ਉਹੋ ਸੀ, ਉਹੋ ਸੀ, ਇਹ ਬੁੱਚੜ! ਉਨ੍ਹਾਂ ਕਾਤਲਾਂ ਦਾ ਆਗੂ, ਜਿਨ੍ਹਾਂ ਮੇਰੇ ਸਾਰੇ ਪਰਿਵਾਰ ਨੂੰ ਕਤਲ ਕੀਤਾ, ਸਾਡੇ ਘਰ ਨੂੰ ਅੱਗ ਲਾਈ ਤੇ ਤੁਸਾਂ ਉਸ ਨੂੰ ਜਾਣ ਦਿੱਤਾ! ਹਾਇ ਤੁਸਾਂ ਉਹਨੂੰ ਜਾਣ ਦਿੱਤਾ।’’ ਵਲੰਟੀਅਰ ਕਹਿਣ ਲੱਗੇ, ‘‘ਠੀਕ ਹੀ, ਇਹ ਪਾਗਲ ਹੋ ਗਈ ਐ।’’ ਕਈ ਮਜ਼ਲੂਮਾਂ ਨੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਿਨਾਂ ਬੋਲਿਆਂ ਕਿਹਾ, ‘‘ਇਹ ਤੀਵੀਂ ਪਾਗਲ ਨਹੀਂ, ਕਹਿਰ ਅਤੇ ਜ਼ੁਲਮ ਦੀ ਮਾਰੀ ਹੋਈ ਐ, ਪਰ ਸੱਚੀ ਐ।’’

Leave a Reply

Your email address will not be published. Required fields are marked *