ਤੇਜ਼ ਤੂਫਾਨ ਕਾਰਨ ਡਿੱਗੇ ਕਰਤਾਰਪੁਰ ਸਾਹਿਬ ਕੰਪਲੈਕਸ ‘ਚ ਲੱਗੇ ਗੁੰਬਦ

ਨਾਰੋਵਾਲ: ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿਚ ਬੀਤੀ ਰਾਤ ਹੋਈ ਭਾਰੀ ਬਾਰਿਸ਼ ਦੇ ਨਾਲ ਆਏ ਤੇਜ਼ ਤੂਫਾਨ ਕਾਰਨ ਕਰਤਾਰਪੁਰ ਸਾਹਿਬ ਕੰਪਲੈਕਸ ਦੀ ਨਵੀਂ ਬਣੀ ਇਮਾਰਤ ਦੇ ਫਾਈਬਰ ਦੇ ਬਣੇ ਗੁੰਬਦ ਅਲੱਗ ਹੋ ਗਏ ਹਨ ਜੋ ਜਲਦੀ ਹੀ ਦੁਬਾਰਾ ਸਥਾਪਤ ਕਰ ਦਿੱਤੇ ਜਾਣਗੇ।

ਇਸ ਸਬੰਧੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਹਨੇਰੀ ਕਾਰਨ ਕੰਪਲੈਕਸ ਦੇ ਤਿੰਨ ਗੁੰਬਦ ਡਿਗ ਗਏ ਸਨ, ਉਹਨਾਂ ਕਿਹਾ ਕਿ ਫਿਲਹਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਜਾਣਕਾਰੀ ਮਿਲੀ ਹੈ ਕਿ ਸੂਚਨਾ ਮੰਤਰਾਲੇ ਨੇ ਇਸ ਨੁਕਸਾਨ ਦਾ ਨੋਟਿਸ ਲਿਆ ਹੈ। ਫਰੰਟੀਅਰ ਵਰਕਸ ਆਰਗੇਨਾਈਜ਼ੇਸ਼ਨ (ਐੱਫ ਡਬਲਯੂ ਓ) ਨੂੰ ਨੁਕਸਾਨੇ ਗਏ ਗੁੰਬਦਾਂ ਦੀ ਤੁਰੰਤ ਮੁਰੰਮਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਧਿਕਾਰਤ ਸੂਤਰ ਦੱਸਦੇ ਹਨ ਕਿ ਕੰਮ 48 ਘੰਟਿਆਂ ਵਿਚ ਪੂਰਾ ਕਰ ਲਿਆ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਇਹ ਗੁੰਬਦ ਫਾਈਬਰ ਦੇ ਬਣਾਏ ਹੋਏ ਸਨ। ਜ਼ਿਕਰਯੋਗ ਹੈ ਕਿ ਇਹ ਪਵਿੱਤਰ ਅਸਥਾਨ ਸਿੱਖਾਂ ਲਈ ਬਹੁਤ ਅਹਿਮ ਹੈ। ਇੱਥੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਅਪਣੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਸਮਾਂ ਬਤੀਤ ਕੀਤਾ ਸੀ।

ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ‘ਚ ਸਥਿਤ ਹੈ, ਜੋ ਕਿ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ। ਭਾਰਤ ਤੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਨਵੰਬਰ 2019 ‘ਚ ਗੁਰੂ ਨਾਨਕ ਦੇਵ ਜੀ ਦੀ 550 ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਗਿਆ ਸੀ।

Leave a Reply

Your email address will not be published. Required fields are marked *