ਮੁਹੱਰਮ ਦੇ ਜਲੂਸ ’ਤੇ ਪੁਲੀਸ ਵੱਲੋਂ ਲਾਠੀਚਾਰਜ

ਸ੍ਰੀਨਗਰ: ਜੰਮੂ ਕਸ਼ਮੀਰ ਪੁਲੀਸ ਨੇ ਇੱਥੇ ਮੁਹੱਰਮ ਦੇ ਜਲੂਸ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਦੇ ਇੱਕ ਗਰੁੱਪ ’ਤੇ ਅੱਜ ਲਾਠੀਚਾਰਜ ਕਰ ਦਿੱਤਾ। ਪੁਲੀਸ ਦੀ ਇਸ ਕਾਰਵਾਈ ਦੀ ਚੁਫੇਰਿਓਂ ਆਲੋਚਨਾ ਕੀਤੀ ਜਾ ਰਹੀ ਹੈ। ਪੁਲੀਸ ਨੇ ਸ਼ਹਿਰ ਦੇ ਜਹਾਂਗੀਰ ਚੌਕ ’ਤੇ ਮੁਹੱਰਮ ਦੇ 10 ਰੋਜ਼ਾ ਸੋਗ ਦੇ ਅੱਠਵੇਂ ਦਿਨ ਜਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਕੁਝ ਸ਼ੀਆ ਮੁਸਲਮਾਨਾਂ ਨੂੰ ਵੀ ਹਿਰਾਸਤ ’ਚ ਲੈ ਲਿਆ।

ਜ਼ਿਕਰਯੋਗ ਹੈ ਕਿ ਮੁਹੱਰਮ ਦਾ ਇਹ ਰਵਾਇਤੀ ਜਲੂਸ ਅਬੀ ਗੁਜ਼ਰ, ਲਾਲ ਚੌਕ ਤੇ ਡੱਲਗੇਟ ਇਲਾਕਿਆਂ ’ਚੋਂ ਲੰਘਦਾ ਹੈ ਪਰ 1990 ਦੇ ਦਹਾਕੇ ’ਚ ਅਤਿਵਾਦ ਦੀ ਸ਼ੁਰੂਆਤ ਹੋਣ ਮਗਰੋਂ ਇਸ ’ਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਧਾਰਮਿਕ ਸਮਾਗਮਾਂ ਦੀ ਵਰਤੋਂ ਵੱਖਵਾਦੀ ਸਿਆਸਤ ਨੂੰ ਉਤਸ਼ਾਹ ਦੇਣ ਲਈ ਕੀਤਾ ਜਾਂਦਾ ਹੈ। ਕਸ਼ਮੀਰ ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਪੁਲੀਸ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦੀ ਹੈ ਪਰ ਨਾਲ ਹੀ ਇਹ ਸਾਂਝੀ ਜ਼ਿੰਮੇਵਾਰੀ ਹੈ ਕਿ ਸਵਾਰਥੀ ਤੱਤਾਂ ਦੇ ਮਨਸੂਬੇ ਨਾਕਾਮ ਕੀਤੇ ਜਾਣ ਜੋ ਸ਼ਾਂਤਮਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉੱਧਰ ਪੱਤਰਕਾਰਾਂ ਨੇ ਦੱਸਿਆ ਕਿ ਮੀਡੀਆਕਰਮੀ ਆਪਣਾ ਕੰਮ ਕਰ ਰਹੇ ਸਨ ਕਿ ਪੁਲੀਸ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਇਨ੍ਹਾਂ ਮੀਡੀਆਕਰਮੀਆਂ ’ਚ ਜ਼ਿਆਦਾਤਰ ਫੋਟੋ ਤੇ ਵੀਡੀਓ ਪੱਤਰਕਾਰ ਸਨ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਨੇ ਕੁਝ ਪੱਤਰਕਾਰਾਂ ਨੂੰ ਡਾਂਗਾਂ ਨਾਲ ਕੁੱਟਿਆ ਤੇ ਉਨ੍ਹਾਂ ਦੇ ਉਪਕਰਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਦੇ ਵੀਡੀਓਜ਼ ਸੋਸ਼ਲ ਮੀਡੀਆ ਮੰਚਾਂ ’ਤੇ ਅਪਲੋਡ ਕੀਤੇ ਗਏ ਹਨ। ਇਕ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚਿਆ ਤੇ ਉਨ੍ਹਾਂ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਕਸ਼ਮੀਰ ਪ੍ਰੈੱਸ ਫੋਟੋਗ੍ਰਾਫਰ ਐਸੋਸੀਏਸ਼ਨ (ਕੇਪੀਪੀਏ) ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਜਥੇਬੰਦੀ ਨੇ ਕਿਹਾ, ‘ਕੇਪੀਪੀਏ ਇਸ ਕਾਰਵਾਈ ਨੂੰ ਨਾਇਨਸਾਫ਼ੀ ਭਰੀ ਤੇ ਗ਼ੈਰ-ਲੋੜੀਂਦੀ ਕਰਾਰ ਦਿੰਦੀ ਹੈ। ਇਹ ਬਹੁਤ ਮਾੜੀ ਗੱਲ ਹੈ ਕਿ ਪੁਲੀਸ ਨੇ ਆਪਣੀ ਪੇਸ਼ੇਵਰ ਡਿਊਟੀ ਨਿਭਾ ਰਹੇ ਫੋਟੋ ਪੱਤਰਕਾਰਾਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਤੋਂ ਰੋਕਿਆ।’

ਇਸੇ ਵਿਚਾਲੇ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਪੁਲੀਸ ਦੀ ਕਾਰਵਾਈ ਮੰਦਭਾਗੀ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਇਹ ਯਕੀਨੀ ਬਣਾਉਣਗੇ ਕਿ ਅਜਿਹੀ ਘਟਨਾ ਦੋਬਾਰਾ ਨਾ ਵਾਪਰੇ। ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, ‘ਮੀਡੀਆ ਅਫ਼ਗਾਨਿਸਤਾਨ ’ਚ ਪੈਦਾ ਹੋ ਰਹੇ ਸੰਕਟ ਤੇ ਮਨੁੱਖੀ ਤ੍ਰਾਸਦੀ ਬਾਰੇ ਘੰਟਿਆਂਬੱਧੀ ਬਹਿਸ ਕਰ ਰਿਹਾ ਹੈ ਪਰ ਕੀ ਉਹ ਕਸ਼ਮੀਰ ’ਚ ਆਪਣੇ ਹੀ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਲਈ ਆਵਾਜ਼ ਉਠਾਏਗਾ ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਆਪਣਾ ਕੰਮ ਕਰਨ ’ਤੇ ਅੱਜ ਬੁਰੀ ਤਰ੍ਹਾਂ ਕੁੱਟਿਆ ਹੈ।’ ਇਸੇ ਤਰ੍ਹਾਂ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ, ਸੱਜਾਦ ਲੋਨ ਦੀ ਪਾਰਟੀ ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ ਤੇ ਅਪਨੀ ਪਾਰਟੀ ਦੇ ਮੀਤ ਪ੍ਰਧਾਨ ਗੁਲਾਮ ਹਸਨ ਮੀਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।0

Leave a Reply

Your email address will not be published. Required fields are marked *