ਛੁੱਟੀ ਆਏ ਤਿੰਨ ਫੌਜੀ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗੇ

ਪਟਿਆਲਾ : ਛੁੱਟੀ ਆਏ ਤਿੰਨ ਫੌਜੀ ਦੋਸਤ ਅੱਜ ਇੱਥੇ ਕਾਰ ਸਮੇਤ ਭਾਖੜਾ ਨਹਿਰ ’ਚ ਡਿੱਗ ਗਏ। ਇਨ੍ਹਾਂ ਵਿਚੋਂ ਇੱਕ ਨੂੰ ਤਾਂ ਰਾਹਗੀਰਾਂ ਨੇ ਬਚਾ ਲਿਆ ਪਰ ਦੋ ਜਣੇ ਡੁੱਬ ਗਏ ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਮਿਲ ਗਈ। ਦੂਜੇ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਤੋਂ 28 ਸਾਲਾਂ ਦੇ ਦੱਸੇ ਜਾਂਦੇ ਭਾਰਤੀ ਫੌਜ ਦੀ ਕਿਸੇ ਇੱਕੋ ਹੀ ਯੂਨਿਟ ਨਾਲ਼ ਸਬੰਧਤ ਇਹ ਤਿੰਨੋਂ ਜਵਾਨ ਛੁੱਟੀ ਆਏ ਹੋਏ ਹਨ। ਇਨ੍ਹਾਂ ਨੇ 27 ਅਗਸਤ ਨੂੰ ਆਪਣੀ ਯੂਨਿਟ ’ਚ ਪਰਤਣਾ ਸੀ। ਅੱਜ ਉਹ ਆਪਣੇ ਇੱਕ ਹੋਰ ਫੌਜੀ ਸਾਥੀ ਨੂੰ ਮਿਲਣ ਮਗਰੋਂ ਸੈਂਟਰੋਂ ਕਾਰ ਵਿਚ ਭਾਖੜਾ ਨਹਿਰ ਦੀ ਪਟੜੀ ਰਾਹੀਂ ਪਟਿਆਲਾ ਨੇੜਲੇ ਹੀ ਪਿੰਡ ਬਖਸ਼ੀਵਾਲਾ ਤੋਂ ਭਵਾਨੀਗੜ੍ਹ ਵੱਲ ਨੂੰ ਜਾ ਰਹੇ ਸਨ। ਨਾਭਾ ਰੋਡ ਸਥਿਤ ਪਿੰਡ ਅਬਲੋਵਾਲ ਕੋਲ ਪੁੱਜਣ ’ਤੇ ਉਨ੍ਹਾਂ ਦੀ ਕਾਰ ਭਾਖੜਾ ’ਚ ਡਿੱਗ ਗਈ। ਇਸ ਦੌਰਾਨ ਦੇਵੀਗੜ੍ਹ ਵਾਸੀ ਕਮਲਜੀਤ ਸਿੰਘ ਤਾਂ ਤਾਕੀ ਖੁੱਲ੍ਹਣ ਕਾਰਨ ਕਾਰ ਵਿਚੋਂ ਬਾਹਰ ਨਿਕਲ ਆਇਆ ਤੇ ਉਸ ਨੂੰ ਰਾਹਗੀਰਾਂ ਨੇ ਬਚਾਅ ਲਿਆ ਜਦਕਿ ਉਸ ਦੇ ਦੋਵੇਂ ਸਾਥੀ ਡੁੱਬ ਗਏ। ਬਾਅਦ ਵਿੱਚ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਜ਼ਿਲ੍ਹਾ ਸੰਗਰੂਰ ਵਾਸੀ ਜਗਮੀਤ ਸਿੰਘ ਦੀ ਲਾਸ਼ ਬਰਾਮਦ ਕਰ ਲਈ ਜਦਕਿ ਮਨਪ੍ਰੀਤ ਸਿੰਘ ਵਾਸੀ ਪਿੰਡ ਸ਼ੇਖਪੁਰਾ ਨੇੜੇ ਪਟਿਆਲਾ ਦੀ ਭਾਲ ਕੀਤੀ ਕੀਤੀ ਜਾ ਰਹੀ ਸੀ। ਮੌਕੇ ’ਤੇ ਪੁੱਜੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਗੋਤਾਖੋਰਾਂ ਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਕਾਰ ਭਾਖੜਾ ਵਿਚੋਂ ਬਾਹਰ ਕਢਵਾਈ। ਸੰਪਰਕ ਕਰਨ ’ਤੇ ਥਾਣਾ ਮੁਖੀ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ।

Leave a Reply

Your email address will not be published. Required fields are marked *