ਕੌਮਾਂਤਰੀ ਭਾਸ਼ਾ ਹੈ ਫੋਟੋਗਰਾਫੀ

ਹਰਭਜਨ ਸਿੰਘ ਬਾਜਵਾ

ਫੋਟੋਗਰਾਫੀ ਉਹ ਭਾਸ਼ਾ ਹੈ ਜਿਹੜੀ ਹਰ ਮਨੁੱਖ ਦੀ ਸਮਝ ਵਿੱਚ ਆ ਜਾਂਦੀ ਏ। ਕਿਸੇ ਮਨੁੱਖ ਨੇ ਭਾਵੇਂ ਕੋਈ ਭਾਸ਼ਾ ਨਾ ਪੜ੍ਹੀ ਹੋਵੇ, ਫੋਟੋਗਰਾਫੀ ਦੀ ਭਾਸ਼ਾ ਪੜ੍ਹ ਜਾਵੇਗਾ।

ਅਸੀਂ ਜਦੋਂ ਬੱਚੇ ਨੂੰ ਸਕੂਲ ਊੜਾ-ਐੜਾ ਪੜ੍ਹਾਉਂਦੇ ਹਾਂ ਤਾਂ ਊਠ ਲਿਖਣ ਦੀ ਥਾਂ ਊਠ ਦੀ ਤਸਵੀਰ ਛਾਪ ਦਿੰਦੇ ਹਾਂ। ਬੱਚਾ ਲਿਖੇ ਊਠ ਸ਼ਬਦ ਦੀ ਪਛਾਣ ਛੇਤੀ ਨਹੀਂ ਕਰੇਗਾ, ਪਰ ਊਠ ਦੀ ਤਸਵੀਰ ਵੇਖ ਕੇ ਊਠ ਸ਼ਬਦ ਯਾਦ ਕਰ ਲਵੇਗਾ।

ਮੈਂ 1979 ਵਿੱਚ ਬਾਲ ਦਿਵਸ ’ਤੇ ਚੰਡੀਗੜ੍ਹ ’ਚ ਬੱਚਿਆਂ ਦੀਆਂ ਤਸਵੀਰਾਂ ਦੀ ਨੁਮਾਇਸ਼ ਕੀਤੀ ਸੀ। ਉਦਘਾਟਨ ਕਰਨ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਮੈਨੂੰ ਆਖਿਆ, ‘‘ਬਾਜਵਾ, ਪੰਜਾਬ ਸਰਕਾਰ ਵੱਲੋਂ ਤੇਰਾ ਸਨਮਾਨ ਕੀਤਾ ਜਾਵੇਗਾ।’’ ਮੈਂ ਆਖਿਆ, ‘‘ਢੀਂਡਸਾ ਜੀ, ਪਹਿਲਾਂ ਉਦਘਾਟਨ ਕਰੋ। ਫੇਰ ਸਨਮਾਨ ਦੀ ਗੱਲ ਹੋਵੇਗੀ।’’ ਉਦਘਾਟਨ ਕਰਨ ਤੋਂ ਬਾਅਦ ਢੀਂਡਸਾ ਨੇ ਆਖਿਆ, ‘‘ਬਾਜਵਾ, ਤੂੰ ਤਾਂ ਸਰਕਾਰ ਦੇ ਵਿਰੋਧ ਵਿੱਚ ਬੱਚਿਆਂ ਦੀਆਂ ਸਾਰੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਹਨ। ਸਰਕਾਰ ਤੇਰਾ ਸਨਮਾਨ ਨਹੀਂ ਕਰ ਸਕਦੀ।’’

ਮੈਂ ਆਖਿਆ, ‘‘ਸਨਮਾਨ ਨਾ ਕਰੋ। ਸਰਕਾਰ ਨਾਲ ਕੋਈ ਗਿਲਾ ਨਹੀਂ, ਪਰ ਇਨ੍ਹਾਂ ਬੱਚਿਆਂ ਦੀ ਕੋਈ ਸਰਕਾਰ ਨਹੀਂ ਜਿਹੜੇ ਸੜਕਾਂ ’ਤੇ ਰੋੜੀ ਕੁੱਟਦੇ ਹਨ, ਜੁੱਤੀਆਂ ਪਾਲਿਸ਼ ਕਰਦੇ ਹਨ, ਹੋਟਲਾਂ ’ਤੇ ਭਾਂਡੇ ਮਾਂਜਦੇ ਹਨ। ਤੁਸੀਂ ਚੰਗੇ ਪਰਿਵਾਰ ਦੇ ਬੱਚੇ ਗਵਰਨਰ ਤੇ ਮੁੱਖ ਮੰਤਰੀ ਨੂੰ ਵਿਖਾਲਦੇ ਹੋ। ਇਨ੍ਹਾਂ ਬੱਚਿਆਂ ਦੀ ਭਲਾਈ ਲਈ ਕਦੀ ਕੋਈ ਕੰਮ ਕੀਤਾ ਏ? ਇਨ੍ਹਾਂ ਦੇ ਨਾਂ ’ਤੇ ਇਨ੍ਹਾਂ ਦੇ ਬਾਲ ਦਿਵਸ ’ਤੇ ਲੱਖਾਂ ਰੁਪਏ ਖਰਚ ਕਰ ਦੇਣੇ ਹਨ।’’ ਟੀ.ਵੀ. ਵਾਲੇ ਪਹਿਲਾਂ ਆਖਦੇ, ‘‘ਬਾਜਵਾ, ਤੇਰੀ ਇੰਟਰਵਿਊ ਕਰਾਂਗੇ।’’ ਉਹ ਵੀ ਤਸਵੀਰਾਂ ਦੇਖ ਕੇ ਨਾਂਹ ਕਰ ਗਏ। ਕਹਿੰਦੇ, ‘‘ਸਾਰੀਆਂ ਤਸਵੀਰਾਂ ਸਰਕਾਰ ਵਿਰੋਧੀ ਹਨ। ਇਸ ਕਰਕੇ ਅਸੀਂ ਤੇਰੀ ਇੰਟਰਵਿਊ ਨਹੀਂ ਕਰ ਸਕਦੇ।’’ …ਤੇ ਚਲੇ ਗਏ।

ਅੰਗਰੇਜ਼ੀ ਟ੍ਰਿਬਿਊਨ ਦੇ ਸੰਪਾਦਕ ਨੂੰ ਬੇਨਤੀ ਕੀਤੀ ਤੇ ਉਹ ਆਏ। ਨੁਮਾਇਸ਼ ਵੇਖ ਕੇ ਆਖਿਆ, ‘‘ਬਾਜਵਾ, ਤੂੰ ਤਰਸਯੋਗ ਤਸਵੀਰਾਂ ਦੀ ਨੁਮਾਇਸ਼ ਕੀਤੀ ਏ।’’ ਉਸ ਨੇ ਆਪਣੇ ਫੋਟੋਗਰਾਫਰਾਂ ਨੂੰ ਕਿਹਾ, ‘‘ਬਾਜਵੇ ਦੀਆਂ ਤਸਵੀਰਾਂ ਦੀ ਨੁਮਾਇਸ਼ ਵੇਖ ਕੇ ਆਵੋ। ਉਸ ਤਰਸਯੋਗ ਤਸਵੀਰਾਂ ਦੀ ਨੁਮਾਇਸ਼ ਕੀਤੀ ਏ।’’ ਫਿਰ ਟ੍ਰਿਬਿਊਨ ਦੇ ਸਾਰੇ ਫੋਟੋਗਰਾਫਰ ਨੁਮਾਇਸ਼ ਵੇਖਣ ਆਏ। ਯੋਗ ਜੌਇ ਨੇ ਆਖਿਆ, ‘‘ਬਾਜਵਾ, ਅਸੀਂ ਪਹਿਲੀ ਵਾਰ ਤਰਸ ਵਾਲੀਆਂ ਤਸਵੀਰਾਂ ਦੀ ਨੁਮਾਇਸ਼ ਵੇਖੀ ਏ।’’ ਭਾਟੀਆ ਜੀ ਨੇ ਆਖਿਆ, ‘‘ਬੱਚਿਆਂ ਦੀਆਂ ਆਹ ਤਸਵੀਰਾਂ ਮੈਂ ਕਾਰ ਵਿੱਚ ਬੈਠ ਕੇ ਕਿੱਥੋਂ ਵੇਖ ਲੈਣੀਆਂ ਸਨ ਜਿਹੜੀਆਂ ਤੂੰ ਆਪਣੀ ਨੁਮਾਇਸ਼ ਵਿੱਚ ਵਿਖਾਲ ਦਿੱਤੀਆਂ ਹਨ।’’

ਇਸ ਤਰ੍ਹਾਂ ਹੀ ਫਿਰ ਮੈਂ 1980 ਵਿੱਚ ਔਰਤ ਦਿਵਸ ’ਤੇ ਨੁਮਾਇਸ਼ ਲਾਈ। ਕੋਈ ਲੀਡਰ ਉਦਘਾਟਨ ਕਰਨ ਲਈ ਨਾ ਮੰਨਿਆ। ਆਖ਼ਰ ਸਰਦਾਰ ਕਪੂਰ ਸਿੰਘ ਘੁੰਮਣ ਨੇ ਉਦਘਾਟਨ ਕੀਤਾ।

ਇਸ ਤਰ੍ਹਾਂ ਹੀ ਇੱਕ ਵਾਰੀ ਮੈਂ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਚਿੱਠੀ ਲਿਖੀ ਕਿ ਫੋਟੋਗਰਾਫੀ ਅਨਪੜ੍ਹ ਲੋਕਾਂ ਦੀ ਕੌਮਾਂਤਰੀ ਭਾਸ਼ਾ ਏ। ਉਨ੍ਹਾਂ ਮੈਨੂੰ ਆਰਟ ਕੌਂਸਲ ਦੇ ਦਫ਼ਤਰ ਸੱਦਿਆ ਤੇ ਪੁੱਛਿਆ, ‘‘ਅਨਪੜ੍ਹ ਦੀ ਭਾਸ਼ਾ ਬਾਰੇ ਮੈਨੂੰ ਦੱਸ।’’ ਮੈਂ ਆਖਿਆ, ‘‘ਜੀ ਚੰਡੀਗੜ੍ਹ ’ਤੇ ਪੰਜਾਹ ਪੰਨਿਆਂ ਦੀ ਕਿਤਾਬ ਲਿਖਵਾਓ। ਤੇ ਮੈਂ ਚੰਡੀਗੜ੍ਹ ਦੀਆਂ ਦਸ ਤਸਵੀਰਾਂ ਤਿਆਰ ਕਰਾਂਗਾ ਜਿਹੜੀਆਂ ਵੱਖ-ਵੱਖ ਹੋਣਗੀਆਂ। ਦੋਵਾਂ ਚੀਜ਼ਾਂ ਨੂੰ ਬਾਹਰਲੇ ਦੇਸ਼ ਭੇਜ ਦੇਵੋ। ਫੇਰ ਵੇਖੋ ਚੰਡੀਗੜ੍ਹ ਦੀ ਪਛਾਣ ਤਸਵੀਰਾਂ ਤੋਂ ਹੁੰਦੀ ਏ ਜਾਂ ਕਿਤਾਬ ਤੋਂ।’’ ਰੰਧਾਵਾ ਹੋਰੀਂ ਆਖਦੇ, ‘‘ਕਿਤਾਬ ਪੜ੍ਹ ਕੇ ਵੀ ਉਨ੍ਹਾਂ ਨੂੰ ਰੌਕ ਗਾਰਡਨ ਬਾਰੇ ਪਤਾ ਨਹੀਂ ਲੱਗਣਾ ਜਿਹੜਾ ਪਤਾ ਉਨ੍ਹਾਂ ਨੂੰ ਤਸਵੀਰਾਂ ਤੋਂ ਲੱਗਣਾ ਸੀ। ਇਸ ਕਰਕੇ ਫੋਟੋਗਰਾਫੀ ਅਨਪੜ੍ਹਾਂ ਦੀ ਭਾਸ਼ਾ ਹੀ ਹੋਈ ਜਿਸ ਨੂੰ ਹਰ ਕੋਈ ਸਮਝ ਜਾਂਦਾ ਏ।’’

ਉਨ੍ਹਾਂ ਫਿਰ ਕਿਹਾ, ‘‘ਬਾਜਵਾ, ਜੇ ਮੈਂ ਪੰਜਾਬ ਦਾ ਸਿੱਖਿਆ ਮੰਤਰੀ ਹੁੰਦਾ ਤਾਂ ਭਾਸ਼ਾ ਵਿੱਚ ਫੋਟੋਗਰਾਫੀ ਨੂੰ ਪਹਿਲੇ ਨੰਬਰ ’ਤੇ ਸਨਮਾਨਿਤ ਕਰਦਾ ਜਿਹੜੀ ਭਾਸ਼ਾ ਹਰ ਚੀਜ਼ ਦੀ ਅਸਲੀਅਤ ਵਿਖਾਲ ਦਿੰਦੀ ਏ। ਹਰ ਅਨਪੜ੍ਹ ਮਨੁੱਖ ਦੀ ਸਮਝ ਵਿਚ ਆ ਜਾਂਦੀ ਏ।’’ ਮੈਂ ਕਿਹਾ, ‘‘ਡਾਕਟਰ ਸਾਹਿਬ, ਸਿੱਖਿਆ ਮੰਤਰੀ ਨੂੰ ਤਸਵੀਰਾਂ ਖਿਚਵਾਉਣ ਤੇ ਅਖ਼ਬਾਰਾਂ ਵਿੱਚ ਛਪਵਾਉਣ ਦਾ ਗਿਆਨ ਹੈਗਾ ਏ। ਫੋਟੋਗਰਾਫੀ ਭਾਸ਼ਾ ਬਾਰੇ ਕੋਈ ਗਿਆਨ ਨਹੀਂ। ਫੋਟੋਗਰਾਫੀ ਬਾਰੇ ਕਿੱਥੋਂ ਗਿਆਨ ਹੋਵੇ ਕਿ ਫੋਟੋਗਰਾਫੀ ਇੱਕ ਭਾਸ਼ਾ ਏ। ਜਿਸ ਭਾਸ਼ਾ ਨੂੰ ਹਰ ਮਨੁੱਖ ਸਮਝ ਲੈਂਦਾ, ਭਾਵੇਂ ਛੋਟਾ ਹੋਵੇ ਜਾਂ ਵੱਡਾ। ਉਹ ਤਸਵੀਰ ਨੂੰ ਵੇਖ ਝੱਟ ਪਛਾਣ ਲੈਂਦਾ ਏ।’’

Leave a Reply

Your email address will not be published. Required fields are marked *