ਕੈਪਟਨ ਨੇ ਖੇਤੀ ਕਾਨੂੰਨਾਂ ’ਤੇ ਦੋਹਰੇ ਮਾਪਦੰਡ ਅਪਣਾਉਣ ਲਈ ਬਾਦਲਾਂ ਨੂੰ ਘੇਰਿਆ

ਬਲਾਚੌਰ: ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨਾਂ ਨੂੰ ਧੋਖਾ ਦੇਣ ਲਈ ਬਾਦਲ ਪਰਿਵਾਰ ’ਤੇ ਤਿੱਖੇ ਹਮਲੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਲੇ ਕਾਨੂੰਨ ਅਕਾਲੀ ਦਲ ਦੀ ਮਰਜ਼ੀ ਨਾਲ ਹੀ ਅਮਲ ਵਿੱਚ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਰਹਿੰਦਿਆਂ ਕੇਂਦਰੀ ਕੈਬਨਿਟ ਨੇ ਆਰਡੀਨੈਂਸ ਪਾਸ ਕੀਤੇ ਸਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਸੀ, ਪਰ ਜਦੋਂ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਅਕਾਲੀ ਦਲ ਨੇ ਸੁਰ ਬਦਲ ਲਈ। ਕਾਂਗਰਸ ਵੱਲੋਂ ਕਾਲੇ ਕਾਨੂੰਨਾਂ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਰਨ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਸਰਬ-ਪਾਰਟੀ ਮੀਟਿੰਗ ਸੱਦੀ ਅਤੇ ਫਿਰ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਕੀਤੀ ਸੀ। ਇਸ ਮਗਰੋਂ ਸੂਬਾ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਬਿੱਲ ਪਾਸ ਕੀਤੇ। ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕੈਪਟਨ ਨੇ ਕਿਹਾ,‘‘1950 ਤੋਂ ਲੈ ਕੇ ਹੁਣ ਤੱਕ 127 ਵਾਰ ਸੰਵਿਧਾਨ ਵਿੱਚ ਸੋਧ ਕੀਤੀ ਜਾ ਚੁੱਕੀ ਹੈ। ਹੁਣ ਇਕ ਵਾਰ ਹੋਰ ਸੋਧ ਕਰਕੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਖੇਤੀ ਕਾਨੂੰਨ ਰੱਦ ਕੀਤੇ ਜਾਣ।’’

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਹੈ। ਮੁੱਖ ਮੰਤਰੀ ਨੇ ਇਹ ਗੱਲਾਂ ਅੱਜ ਬੱਲੋਵਾਲ ਸੌਂਖੜੀ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਕੰਢੀ ਖੇਤਰ ਵਿੱਚ ਖੇਤੀਬਾੜੀ ਵਿਕਸਤ ਹੋਵੇਗੀ ਅਤੇ ਇਸ ਖੇਤਰ ਦੀਆਂ ਫਸਲਾਂ ਅਤੇ ਉਨ੍ਹਾਂ ਸਬੰਧੀ ਸਮੱਸਿਆਵਾਂ ਉਤੇ ਖੋਜ ਕਰਨ ਤੋਂ ਇਲਾਵਾ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਨਵਾਂਸ਼ਹਿਰ ’ਚ ਇਕ ਬਾਗਬਾਨੀ ਖੋਜ ਕੇਂਦਰ ਦੀ ਸਥਾਪਨਾ ਦਾ ਐਲਾਨ ਕਰਦਿਆਂ ਕੈਪਟਨ ਨੇ ਫਸਲੀ ਵਿਭਿੰਨਤਾ ਪੱਖੋਂ ਸੇਬ ਦੀ ਫਸਲ ’ਤੇ ਵੀ ਖੋਜ ਕੀਤੇ ਜਾਣ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਫਸਲਾਂ ਦੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਛੋਟੇ ਕਿਸਾਨਾਂ ਨੂੰ ਆਪਣੇ ਖੇਤਾਂ ਦੁਆਲੇ ਕੀਤੀ ਜਾਂਦੀ ਤਾਰਬੰਦੀ ਲਈ ਸਬਸਿਡੀ ਦੀ ਰਾਸ਼ੀ 60 ਤੋਂ ਵਧਾ ਕੇ 90 ਫੀਸਦੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਪੰਜ ਬਾਗਬਾਨੀ ਅਸਟੇਟ ਵੀ ਸਥਾਪਤ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਸਾਢੇ ਚਾਰ ਸਾਲਾਂ ਦੌਰਾਨ ਸੂਬਾ ਸਰਕਾਰ ਦੀਆਂ ਨਿਵੇਸ਼ਕਾਂ ਅਤੇ ਉਦਯੋਗ ਪੱਖੀ ਨੀਤੀਆਂ ਕਾਰਨ ਸੂਬੇ ਵਿੱਚ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਦੋਂ ਕਿ ਨੌਜਵਾਨਾਂ ਨੂੰ 20 ਲੱਖ ਨੌਕਰੀਆਂ ਹਾਸਲ ਹੋਈਆਂ ਹਨ।

ਇਸ ਮੌਕੇ ਮੁੱਖ ਮੰਤਰੀ ਨੇ ਬੇਜ਼ਮੀਨੇ ਕਾਸ਼ਤਕਾਰਾਂ ਅਤੇ ਖੇਤੀ ਕਾਮਿਆਂ ਲਈ ਲਿਆਂਦੀ ਕਰਜ਼ਾ ਮੁਆਫੀ ਸਕੀਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 31,066 ਲਾਭਪਾਤਰੀਆਂ ਵਿੱਚੋਂ 25 ਨੂੰ ਸੰਕੇਤਕ ਤੌਰ ’ਤੇ ਕਰਜ਼ਾ ਮੁਆਫੀ ਦੇ ਚੈੱਕ ਵੰਡੇ। ਜ਼ਿਲੇ ਦੇ ਕੁੱਲ ਲਾਭਪਾਤਰੀਆਂ ਦਾ  64.61 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਦਾ ਦਿਹਾਤੀ ਵਿਕਾਸ ਫੰਡ (ਆਰਡੀਐੱਫ) ਅਤੇ ਜੀਐੱਸਟੀ ਮੁਆਵਜ਼ਾ ਰੋਕ ਕੇ ਸੂਬੇ ਦੇ ਵਿਕਾਸ ਦੀ ਬੇੜੀ ਵਿੱਚ ਵੱਟੇ ਪਾਏ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਸੂਬੇ ਦੀ ਅਗਵਾਈ ਕੀਤੀ ਹੈ ਅਤੇ ਖਾਸ ਕਰਕੇ ਕੋਵਿਡ-19 ਦੇ ਦਿਨਾਂ ਦੌਰਾਨ ਉਨ੍ਹਾਂ ਦੀ ਅਗਵਾਈ ਸ਼ਲਾਘਾਯੋਗ ਰਹੀ ਹੈ। ਉਨ੍ਹਾਂ ਸਰਹੱਦੀ ਖੇਤਰ ਵਿਖੇ ਪਾਕਿਸਤਾਨ ਵੱਲੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਅਤੇ ਇਨ੍ਹਾਂ ਇਲਾਕਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਵੱਡੇ ਉਪਰਾਲੇ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਕੰਢੀ ਕੈਨਾਲ ਦੇ ਦੂਜੇ ਫੇਜ਼ ਦੀ ਮੁੜ ਉਸਾਰੀ ਅਤੇ ਮੁੜ ਵਿਉਂਤਬੰਦੀ ਕੀਤੀ ਜਾਵੇੇ। ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਮਸੀਹਾ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਦਿਲ ਵਿੱਚ ਕਿਸਾਨੀ ਪ੍ਰਤੀ ਦਰਦ ਹੈ। 

Leave a Reply

Your email address will not be published. Required fields are marked *