ਆਈਸ ਕਰੀਮ ਦੇ ਡੱਬੇ ਤੋਂ ਦਰਬਾਰ ਸਾਹਿਬ ਦੀ ਤਸਵੀਰ ਹਟਾਈ

ਪੈਰਿਸ : ਫਰਾਂਸ ਵੱਸਦੇ ਸਿੱਖ ਭਾਈਚਾਰੇ ਅਤੇ ਗੁਰਦੁਆਰਾ ਸਿੰਘ ਸਭਾ ਬੋਬੀਨੀ ਦੇ ਯਤਨਾਂ ਸਦਕਾ ਯੂਰਪ ਦੀ ਕੰਪਨੀ ਨੇ ਆਈਸ ਕਰੀਮ ਦੇ ਡੱਬੇ ਤੋਂ ਦਰਬਾਰ ਸਾਹਿਬ ਦੀ ਤਸਵੀਰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਗੁਰਦੁਆਰਾ ਸਾਹਿਬ ਨੂੰ ਕੰਪਨੀ ਵੱਲੋਂ ਭੇਜੀ ਈਮੇਲ ਵਿੱਚ ਗ਼ਲਤੀ ਦੀ ਮੁਆਫੀ ਮੰਗ ਲਈ ਗਈ ਹੈ ਅਤੇ ਆਈਸ ਕਰੀਮ ਦੇ ਡੱਬੇ ਦੀ ਕਵਰ ਫੋਟੋ ਬਦਲ ਕੇ ਉਸ ਦਾ ਪ੍ਰਿੰਟ ਵੀ ਭੇਜਿਆ ਗਿਆ ਹੈ। ਕੰਪਨੀ ਨੇ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਨਵੇਂ ਆਈਸ ਕਰੀਮ ਡੱਬਿਆਂ ’ਤੇ ਦਰਬਾਰ ਸਾਹਿਬ ਦੀ ਫੋਟੋ ਨਹੀਂ ਛਾਪੀ ਜਾਵੇਗੀ। ਜ਼ਿਕਰਯੋਗ ਹੈ ਕਿ ਯੂਰਪ ਦੀ ਨੂਈ ਕੰਪਨੀ ਵੱਲੋਂ ਆਈਸ ਕਰੀਮ ਦੇ ਡੱਬੇ ਦੇ ਕਵਰ ’ਤੇ ਦਰਬਾਰ ਸਾਹਿਬ ਦੀ ਤਸਵੀਰ ਛਾਪੀ ਗਈ ਸੀ। ਇਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਬੋਬੀਨੀ ਅਤੇ ਸਿੱਖ ਭਾਈਚਾਰੇ ਵੱਲੋਂ ਕੰਪਨੀ ਨਾਲ ਸੰਪਰਕ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਉਠਾਇਆ ਗਿਆ ਸੀ। ਸਿੱਖ ਭਾਈਚਾਰੇ ਨੇ ਕੰਪਨੀ ਵੱਲੋਂ ਲਏ ਗਏ ਫੈਸਲੇ ਦੀ ਸ਼ਲਾਘਾ ਕੀਤੀ ਹੈ।