ਕੌਣ ਬਣੇਗਾ ਮੰਤਰੀ: ਨਵੀਂ ਕੈਬਨਿਟ ਲਈ ਸੂਚੀ ਤਿਆਰ

ਚੰਡੀਗੜ੍ਹ: ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਵਜ਼ਾਰਤ ’ਚ ਵਾਧੇ ਨੂੰ ਲੈ ਕੇ ਕਿਸੇ ਵੇਲੇ ਵੀ ਐਲਾਨ ਸੰਭਵ ਹੈ, ਜਿਸ ਕਰਕੇ ਹੁਣ ਛਾਂਟੀ ਡਰੋਂ ਕਈ ਸਾਬਕਾ ਵਜ਼ੀਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਨਵੀਂ ਕੈਬਨਿਟ ਦੀ ਸੂਚੀ ਛੇਤੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਮਗਰੋਂ ਕੈਬਨਿਟ ਦੇ ਚਿਹਰਿਆਂ ਦੇ ਨਾਮ ਸੌਂਪ ਦਿੱਤੇ ਸਨ, ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਹੁਣ ਹਰੀ ਝੰਡੀ ਦਿੱਤੀ ਜਾਣੀ ਹੈ। ਮੁੱਖ ਮੰਤਰੀ ਚੰਨੀ ਵੱਲੋਂ ਮੰਤਰੀ ਮੰਡਲ ਦੇ ਸੰਭਾਵੀ ਚਿਹਰੇ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਸੀਨੀਅਰ ਆਗੂ ਅੰਬਿਕਾ ਸੋਨੀ ਨਾਲ ਵਿਚਾਰੇ ਜਾ ਚੁੱਕੇ ਹਨ। ਵੇਰਵਿਆਂ ਅਨੁਸਾਰ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਅੱਜ ਸ਼ਿਮਲਾ ਤੋਂ ਦਿੱਲੀ ਪਰਤ ਆਏ ਹਨ, ਲਿਹਾਜ਼ਾ ਮੰਤਰੀ ਮੰਡਲ ਦੀ ਸੂਚੀ ਬਾਰੇ ਅੰਤਿਮ ਫੈਸਲਾ ਕਿਸੇ ਵੇਲੇ ਵੀ ਹੋ ਸਕਦਾ ਹੈ। ਚਰਚੇ ਹਨ ਕਿ ਨਵੇਂ ਵਜ਼ੀਰਾਂ ਨੂੰ ਸ਼ੁੱਕਰਵਾਰ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅੱਜ ਦਿੱਲੀ ਵਿਚ ਮੌਜੂਦ ਰਹੇ। ਕਈ ਨਵੇਂ ਵਿਧਾਇਕਾਂ ਨੇ ਕੈਬਨਿਟ ਵਿਚ ਥਾਂ ਲੈਣ ਲਈ ਅੱਜ ਆਖਰੀ ਜੋੜ-ਤੋੜ ਲਾਏ।

ਸੀਨੀਅਰ ਆਗੂ ਅੰਬਿਕਾ ਸੋਨੀ ਦੀ ਕੈਬਨਿਟ ਵਿਸਥਾਰ ਵਿਚ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਅਤੇ ਰਾਜ ਕੁਮਾਰ ਵੇਰਕਾ ਨੂੰ ਵਜ਼ੀਰੀ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਦੋਂ ਕਿ ਵਿਧਾਇਕ ਰਾਜਾ ਵੜਿੰਗ ਦੀ ਵਜ਼ੀਰੀ ਦਾ ਰਾਹ ਰੋਕਣ ਲਈ ਅੰਦਰੋ-ਅੰਦਰੀ ਉਨ੍ਹਾਂ ਦੇ ਸਿਆਸੀ ਦੁਸ਼ਮਣ ਅੱਜ ਵੀ ਸਰਗਰਮ ਰਹੇ। ਇਸੇ ਤਰ੍ਹਾਂ ਸੁਰਜੀਤ ਧੀਮਾਨ ਅਤੇ ਸੰਗਤ ਸਿੰਘ ਗਿਲਜੀਆਂ ’ਚੋਂ ਇੱਕ ਨੂੰ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ। ਬ੍ਰਹਮ ਮਹਿੰਦਰਾ ਨੂੰ ਸਪੀਕਰ ਬਣਾਏ ਜਾਣ ਦੇ ਚਰਚੇ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ.ਸੋਨੀ ਬਣਾਏ ਜਾ ਚੁੱਕੇ ਹਨ ਜਦੋਂ ਕਿ 15 ਨਵੇਂ ਵਜੀਰਾਂ ਦੇ ਨਾਮ ਐਲਾਨੇ ਜਾਣੇ ਹਨ। ਸੂਤਰਾਂ ਅਨੁਸਾਰ ਚਾਰ ਤੋਂ ਪੰਜ ਪੁਰਾਣੇ ਵਜ਼ੀਰਾਂ ਦੀ ਛਾਂਟੀ ਹੋ ਸਕਦੀ ਹੈ। ਮੁੱਖ ਮੰਤਰੀ ਚੰਨੀ ਅੱਜ ਵੀ ਹਾਈਕਮਾਨ ਦੇ ਨਾਲ ਸੰਪਰਕ ਵਿੱਚ ਰਹੇ।

ਰਾਹੁਲ ਤੇ ਪ੍ਰਿਯੰਕਾ ਨਾਲ ਜਾਖੜ ਦਿੱਲੀ ਰਵਾਨਾ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਸ਼ਾਮ ਸਮੇਂ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਦਿੱਲੀ ਚਲੇ ਗਏ ਹਨ। ਰਾਹੁਲ ਤੇ ਪ੍ਰਿਯੰਕਾ ਗਾਂਧੀ ਸ਼ਿਮਲਾ ਤੋਂ ਵਾਇਆ ਚੰਡੀਗੜ੍ਹ ਦਿੱਲੀ ਜਾ ਰਹੇ ਸਨ ਤੇ ਚੰਡੀਗੜ੍ਹ ਹਵਾਈ ਅੱਡੇ ਤੋਂ ਸੁਨੀਲ ਜਾਖੜ ਵੀ ਉਨ੍ਹਾਂ ਦੇ ਨਾਲ ਹੋ ਗਏ। ਸੁਨੀਲ ਜਾਖੜ ਅੰਦਰੋ-ਅੰਦਰੀ ਨਾਰਾਜ਼ ਦੱਸੇ ਜਾਂਦੇ ਹਨ। ਉਨ੍ਹਾਂ ਬਿਨਾਂ ਨਾਮ ਲਏ ਪਾਰਟੀ ਦੀ ਇੱਕ ਸੀਨੀਅਰ ਆਗੂ ਦੀ ਘੇਰਾਬੰਦੀ ਵੀ ਕੀਤੀ ਸੀ। ਹਾਈਕਮਾਨ ਹੁਣ ਸੁਨੀਲ ਜਾਖੜ ਨੂੰ ਮਨਾਉਣ ਵਿਚ ਜੁਟ ਗਈ ਹੈ ਅਤੇ ਆਉਂਦੇ ਦਿਨਾਂ ਵਿਚ ਜਾਖੜ ਨੂੰ ਪਾਰਟੀ ਵਿਚ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

Leave a Reply

Your email address will not be published. Required fields are marked *