ਪੰਜਾਬ ’ਚੋਂ ਬਰਤਾਨਵੀ ਨਾਗਰਿਕ ਵਿਸ਼ੇਸ਼ ਉਡਾਣ ਰਾਹੀਂ ਰਵਾਨਾ

ਅੰਮ੍ਰਿਤਸਰ : ਕਰੋਨਾ ਤਾਲਾਬੰਦੀ ਕਾਰਨ ਪੰਜਾਬ ਵਿਚ ਰੁਕੇ ਬਰਤਾਨਵੀ ਪੰਜਾਬੀਆਂ ਵਿਚੋਂ 250 ਵਿਅਕਤੀ ਅੱਜ ਇੱਥੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਸ਼ੇਸ਼ ਹਵਾਈ ਉਡਾਣ ਰਾਹੀਂ ਆਪਣੇ ਮੁਲਕ ਰਵਾਨਾ ਹੋ ਗਏ ਹਨ। ਇਸ ਵਿਸ਼ੇਸ਼ ਉਡਾਣ ਦਾ ਪ੍ਰਬੰਧ ਬਰਤਾਨਵੀ ਸਫ਼ਾਰਤਖਾਨੇ ਵੱਲੋਂ ਕੀਤਾ ਗਿਆ ਸੀ। ਬ੍ਰਿਟਿਸ਼ ਏਅਰਵੇਜ਼ ਦਾ ਇਕ ਹਵਾਈ ਜਹਾਜ਼ ਅੱਜ ਇੱਥੋਂ ਬਾਅਦ ਦੁਪਹਿਰ ਇਨ੍ਹਾਂ ਬ੍ਰਿਟਿਸ਼ ਪੰਜਾਬੀਆ ਨੂੰ ਲੈ ਕੇ ਰਵਾਨਾ ਹੋਇਆ।
ਪ੍ਰਾਪਤ ਵੇਰਵਿਆਂ ਮੁਤਾਬਕ ਵਾਪਸ ਗਏ ਯਾਤਰੂਆਂ ਵਿਚ 228 ਬ੍ਰਿਟਿਸ਼ ਪਾਸਪੋਰਟ ਧਾਰਕ ਅਤੇ 22 ਭਾਰਤੀ ਪਾਸਪੋਰਟ ਧਾਰਕ ਵਿਅਕਤੀ ਸ਼ਾਮਲ ਸਨ। ਇਹ ਉਡਾਣ ਇਨ੍ਹਾਂ ਸਾਰਿਆ ਨੂੰ ਲੰਡਨ ਤੇ ਹੀਥਰੋ ਹਵਾਈ ਅੱਡੇ ’ਤੇ ਲੈ ਕੇ ਜਾਵੇਗੀ। ਕਪੂਰਥਲਾ ਤੋਂ ਇੰਗਲੈਂਡ ਪਰਤੇ ਇਕ ਨੌਜਵਾਨ ਯਾਤਰੂ ਨੇ ਦੱਸਿਆ ਕਿ ਉਸ ਨੇ 31 ਮਾਰਚ ਦੀ ਵਾਪਸੀ ਦੀ ਉਡਾਣ ਵਾਸਤੇ ਬੁਕਿੰਗ ਕਰਵਾਈ ਸੀ ਪਰ ਇਸ ਦੌਰਾਨ ਤਾਲਾਬੰਦੀ ਕਾਰਨ ਹਵਾਈ ਆਵਾਜਾਈ ਬੰਦ ਹੋ ਗਈ ਸੀ। ਦੱਸਣਯੋਗ ਹੈ ਕਿ ਬ੍ਰਿਟਿਸ਼ ਸਰਕਾਰ ਵੱਲੋਂ ਆਪਣੇ ਭਾਰਤ ਵਿਚ ਫਸੇ ਨਾਗਰਿਕਾਂ ਵਾਸਤੇ ਅੰਮ੍ਰਿਤਸਰ ਸਮੇਤ ਭਾਰਤ ਦੇ ਹੋਰ ਸ਼ਹਿਰਾਂ ਤੋਂ ਵੀ ਵਿਸ਼ੇਸ਼ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਅੰਮ੍ਰਿਤਸਰ ਤੋਂ ਇਕ ਹੋਰ ਉਡਾਣ 23 ਅਪਰੈਲ ਨੂੰ ਵੀ ਜਾਵੇਗੀ। ਹਵਾਈ ਅੱਡਾ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਕਤਰ ਹਵਾਈ ਕੰਪਨੀ ਦੀ ਇਕ ਵਿਸ਼ੇਸ਼ ਉਡਾਣ ਅੱਜ ਦੇਰ ਰਾਤ ਨੂੰ ਇੱਥੇ ਪੁੱਜੇਗੀ।