“ਨੱਚਦੀ ਦੇ ਖੁੱਲ ਗਏ ਵਾਲ” (ਮਨਦੀਪ ਕੌਰ ਭੰਡਾਲ, ਲੰਡਨ)

ਪ੍ਰਸਿੱਧ ਗਾਇਕਾ ਅਮਰ ਨੂਰੀ ਜੀ ਦਾ ਗਾਇਆ ਅਤੇ ਲਾਲ ਪਧਿਆਣਵੀ ਜੀ ਦਾ ਲਿਖਿਆ ਖ਼ੂਬਸੂਰਤ ਗੀਤ ਸਦਾ ਹੀ ਮੇਰੇ ਚੇਤਿਆਂ ਵਿੱਚ ਗੂੰਜਦਾ ਰਹਿੰਦਾ ਹੈ । ਇਹ ਗੀਤ ਇੱਕ ਸਦਾ ਬਹਾਰ ਗੀਤ ਹੋ ਨਿੱਬੜਿਆ !! ਓਹ ਕਿਵੇਂ ? ਇੱਕ ਤਾਂ ਕਿਸੇ ਗੀਤ ਦਾ ਬੱਚੇ-ਬੱਚੇ ਦੀ ਜ਼ਬਾਨ ਤੇ ਚੜ੍ਹ ਜਾਣਾ, ਦੂਸਰਾ ਗੀਤ ਨੂੰ ਸੁਣ ਕੇ ਪੈਰਾਂ ਦਾ ਨੱਚਣ ਲਈ ਉੱਠਣਾ ਅਤੇ ਤੀਸਰਾ ਸੋਚਣ ਲਈ ਮਜਬੂਰ ਕਰਨਾ ਕਿ ਨਨਾਣ ਦੁਆਰਾ ਆਪਣੀ ਭਾਬੀ ਨੂੰ ਇਹ ਕਹਿਣਾ ਕਿ ਓਹਦੀ ਗੁੱਤ ਕਰ ਦੇਵੇ ਕਿਉਂਕਿ ਉਸਦੇ ਨੱਚਦੀ ਦੇ ਵਾਲ ਖੁੱਲ੍ਹ ਗਏ ਹਨ , ਪ੍ਰਭਾਵ ਦਿੰਦਾ ਹੈ ਕਿ ਉਹ ਗਿੱਧਾ ਕਿੰਨਾ ‘ਪਾਵਰਫੁੱਲ’ ਹੋਵੇਗਾ ਜਿਸ ਨੇ ਮੁਟਿਆਰ ਦੀ ਗੁੱਤ ਖੋਲ੍ਹ ਦਿੱਤੀ ਹੋਵੇਗੀ ।ਓਹਨਾਂ ਸਮਿਆਂ ਵਿੱਚ ਔਰਤਾਂ ਕੋਲ ਅੱਜਕੱਲ੍ਹ ਦੇ ਜ਼ਮਾਨੇ ਵਾਲੇ ਮਨੋਰੰਜਨ ਦੇ ਸਾਧਨ ਨਹੀਂ ਹੁੰਦੇ ਸੀ ਜਿਸ ਕਰਕੇ ਉਹਨਾਂ ਦੇ ਸਾਰੇ ਚਾਅ ਅਤੇ ਗਿੱਲੇ-ਸ਼ਿਕਵੇਂ ਗਿੱਧੇ ਵਿੱਚ ਹੀ ਸਾਹਮਣੇ ਆਉਂਦੇ ਸਨ । ਗਿੱਧੇ ਹੀ ਬੀਬੀਆਂ ਅਤੇ ਭੈਣਾਂ ਦੇ “ ਸਟਰੈਸ ਬਸਟਰ” ਤੇ “ਹੈਪੀ ਪਿੱਲ” ਹੁੰਦੇ ਸਨ । ਮੇਰੀ ਦਾਦੀ ਮਾਂ ਦੱਸਦੇ ਹੁੰਦੇ ਸੀ ਕਿ ਉਹ ਅਤੇ ਉਹਨਾਂ ਦੀਆਂ ਹਾਨਣਾਂ ਜਦੋਂ ਵੀ ਕਿਸੇ ਆਂਢ- ਗੁਆਂਢ ਅਤੇ ਸਖੀ-ਸਹੇਲੀ ਦੇ ਘਰ ਖੁਸ਼ੀ ਦਾ ਮੌਕਾ ਹੁੰਦਾ ਸੀ ਤਾਂ ਸਾਰੇ ਘਰੇਲੂ ਕੰਮ ਜਲਦੀ ਨਿਪਟਾ ਲੈਂਦੀਆਂ ਸਨ । ਇੱਕ ਵਾਰ ਬੇਬੇ ਜੀ ਦੱਸਦੇ ਸੀ ਕਿ ਓਹਨਾਂ ਦੇ ਵੱਡੇ ਭਰਾ ਨੇ ਉਹਨਾਂ ਨੂੰ ਜਾਣ-ਬੁੱਝ ਕੇ ਛੇੜਨ ਲਈ ਕਿਹਾ ਕਿ “ਕੁੜੀਓ ਅੱਜ ਨਿੰਬੂਆਂ ਦੀਆਂ ਖਾਲਾਂ ਸੁੰਬਰਨੀਆਂ ਨੇ ਤੁਸੀਂ !” ਮੇਰੇ ਬੇਬੇ ਜੀ ਮੋਢੇ ਮਾਰ ਕੇ ਬੋਲੇ ,” ਅੱਜ ਨੀ ਸੁੰਬਰਨੀਆ।

ਮਨਦੀਪ ਕੌਰ ਭੰਡਾਲ (ਲੇਖਿਕਾ)

ਅਸੀਂ, ਅਸੀਂ ਪਿੰਡ ਵਿੱਚ ਗਿੱਧਾ ਦੇਖਣ ਜਾਣਾ ਹੈ !” ਕਿੰਨੇ ਖ਼ਾਸ ਹੁੰਦੇ ਸੀ ਉਹ ਗਿੱਧੇ ਜਿਹੜੇ ਸਾਦੇ ਲਿਵਾਸਾਂ ਵਿੱਚ ਵੀ ਲੋਹੜੇ ਦਾ ਚਾਅ ਅਤੇ ਖ਼ੁਸ਼ੀਆਂ ਪੈਦਾ ਕਰਦੇ ਸਨ । ਇਸ ਦੇ ਉਲਟ ਅੱਜਕੱਲ੍ਹ ਦੇ ਸ਼ੋਰ-ਸ਼ਰਾਬੇ ਵਾਲੇ ਰਾਤ ਦੇ ਵਿਆਹ-ਸ਼ਾਦੀਆਂ ਦੇ ਸੰਗੀਤ ਨੇ ਬੰਦੇ ਦੀ ਹੈਸੀਅਤ ਨੂੰ ਖ਼ਤਮ ਜਿਹਾ ਕਰ ਦਿੱਤਾ ਹੈ ਕਿਉਂਕਿ ਓਥੇ ਸੰਗੀਤ ਬੰਦੇ ਨੂੰ ਟਪਾਉਂਦਾ ਹੈ ਅਤੇ ਬੰਦਾ ਸੰਗੀਤ ਦੇ ਇਸ਼ਾਰਿਆਂ ਤੇ “ਤੈਨੂੰ ਮੈਨੂੰ” ਦੇਖਕੇ ਟੱਪੀ ਜਾਂਦਾ ਹੈ । ਪਰ ਪੁਰਾਣੇ ਗਿੱਧੇ ਵਿੱਚ ਮੁਟਿਆਰ ਨੱਚਦੀ ਸੀ ਤਾਂ ਸੰਗੀਤ ਉੱਠਦਾ ਸੀ ਉਸਦੀ ਅੱਡੀ , ਝਾਂਜਰ ਅਤੇ ਵੰਗ ਦੀਆਂ ਆਵਾਜ਼ਾਂ ਰੂਪੀ ਸੁਰਾਂ ਨਾਲ ਹਵਾ ਵੀ ਨਸ਼ਿਆ ਜਾਂਦੀ ਸੀ । ਅਸਲ ਵਿੱਚ ਉਦੋਂ ਮੁਟਿਆਰਾਂ ਗਿੱਧਿਆਂ ਨੂੰ “ਜੀਂਦੀਆਂ” ਸਨ

ਪੁਰਾਣੀਆਂ ਕੁੜੀਆਂ ਆਮ ਜ਼ਿੰਦਗੀ ਵਿੱਚ ਬਹੁਤ ਸੰਗਦੀਆਂ ਸੀ ਪਰ ਗਿੱਧਾ ਖੁੱਲ੍ਹ ਕੇ ਪਾਉਂਦੀਆਂ ਸਨ । ਗਿੱਧਿਆਂ ਦੇ ਰੂਪ ਦਾ ਬਦਲ ਜਾਣਾ ਪੰਜਾਬ ਦੇ ਸੱਭਿਆਚਾਰ ਵਿੱਚ ਨਿਘਾਰ ਆਉਣ ਦਾ ਚਿੰਨ੍ਹ ਹੈ । ਬੇਸ਼ੱਕ ਸਟੇਜਾਂ ਨੇ ਗਿੱਧਾ ਸਾਂਭ ਲਿਆ ਹੈ ਪਰ ਸਟੇਜੀ ਗਿੱਧੇ ਵਿੱਚ ਓਹ ਖੁੱਲ੍ਹ ਤੇ ਬੇਬਾਕੀ ਨਹੀਂ ਜੋ ਪੁਰਾਤਨ ਗਿੱਧੇ ਵਿੱਚ ਹੁੰਦੀ ਸੀ । ਓਹ ਗਿੱਧਾ ਮਨੋਰੰਜਨ ਦੇ ਨਾਲ-ਨਾਲ ਹਸਾਉਂਦਾ ਵੀ ਬਹੁਤ ਸੀ । ਬੀਬੀਆਂ ਦੇ ਰੰਗ- ਤਮਾਸ਼ੇ ਅਤੇ ਚੋਜ ਇੰਨੇ ਦਿਲ-ਖਿੱਚਵੇਂ ਹੁੰਦੇ ਸਨ ਕਿ ਹੱਸ-ਹੱਸ ਕੇ ਮੇਰੀਆਂ ਵੱਖੀਆਂ ਦੂਹਰੀਆਂ ਹੋ ਜਾਂਦੀਆਂ ਸੀ । ਕਹਿਣ ਦਾ ਭਾਵ ਇਹ ਦੋ-ਪਾਸੜ ਹਾਸਾ ਸਟੇਜ ਦੇ ਗਿੱਧੇ ਵਿੱਚ ਨਹੀਂ ਹੁੰਦਾ । ਸਟੇਜੀ ਗਿੱਧਾ ਅਸੀਂ ਸਿਰਫ਼ ਬੈਠ ਕੇ ਦੇਖ ਲੈਂਦੇ ਹਾਂ ਅਤੇ ਖਤਮ ਹੋਣ ਤੋਂ ਬਾਅਦ ਬੱਸ ਦੋ ਮਿੰਟ ਦੀ ਬੱਲੇ-ਬੱਲੇ ਕਰ ਦਿੰਦੇ ਹਾਂ । ਇਸ ਤੋਂ ਇਲਾਵਾ ਅੱਜਕੱਲ੍ਹ ਦੇ ਗਿੱਧੇ ਦੇ ਨਾਲ ਗਲੈਮਰ ਜੁੜ ਚੁੱਕਾ ਹੈ ਅਤੇ ਵਿਆਹ ਰੋਲੇ-ਰੱਪੇ ਵਿੱਚ ਬਦਲ ਗਏ । ਗੱਲ ਕਰੀਏ ਗੀਤ ਦੇ ਬੋਲ “ਗੁੱਤ ਦਾ ਖੁੱਲ ਜਾਣਾ” ਇਹ ਵੀ ਦੱਸਦਾ ਹੈ ਕਿ ਜਿਸ ਗਿੱਧੇ ਵਿੱਚ ਐਨਾ ਜਨੂੰਨ ਹੋਵੇ ਉਹ ਗਿੱਧਾ ਕਾਹਦਾ ਸੀ ਪੂਰੀ ਧੂਮ ਹੁੰਦੀ ਸੀ । ਛਾਲਾਂ ਮਾਰ ਕੇ ਅਤੇ ਦੰਦਾਂ ਨਾਲ ਘੜੇ ਚੁੱਕਣ ਵਰਗੇ ਜੋਖ਼ਮ ਲੈਣ ਸਮੇਂ ਮੁਟਿਆਰਾਂ ਭਰਪੂਰ ਜੋਸ਼ ਦਾ ਪ੍ਰਗਟਾਵਾ ਕਰਦੀਆਂ ਸਨ !! ਸੋਚ ਕੇ ਮੂੰਹੋਂ ਵਾਹ ਵਾਹ ! ਨਿਕਲਦਾ ਹੈ । ਮਨ ਦੇ ਭਾਵਾਂ ਦਾ ਬੋਲੀਆਂ ਬਣ ਜਾਣਾ ਓਸ ਜ਼ਮਾਨੇ ਦੇ ਗਿੱਧੇ ਦੀ ਖ਼ਾਸੀਅਤ ਸੀ । ਇਸੇ ਤਰ੍ਹਾਂ ਉਹਨਾਂ ਗਿੱਧਿਆਂ ਵਿੱਚ ਨਖ਼ਰੇ-ਨਿਹੋਰੇ , ਮਿਹਣੇ ਅਤੇ ਠਰਕ ਹੁੰਦੇ ਸਨ । ਕੁਝ ਇਸੇ ਤਰ੍ਹਾਂ ਦੀ ਹੀ ਇੱਕ ਬੋਲੀ ਕੁੜੀਆਂ ਮਾਹੀ ਨੂੰ ਮਿਹਣਾ ਮਾਰਦੀਆਂ ਹੋਈਆਂ ਪਾਉਂਦੀਆਂ ਸਨ :-
ਕੋਲੋ ਕੋਲੀ ਘਰ ਜਿੰਨ੍ਹਾਂ ਦੇ ,
ਕੋਲੋ ਕੋਲ ਨਿਆਈਆਂ…,
ਕੋਲੋ ਕੋਲੀ ਮਨ੍ਹੇ ਗਡਾ ਲਏ,
ਗੱਲਾਂ ਕਰਨ ਪਰਾਈਆਂ,
ਲੈ ਕੇ ਗੋਪੀਆ ਚੜ੍ਹ ਗਈ ਮਨ੍ਹੇ ਤੇ,
ਚਿੜੀਆਂ ਖ਼ੂਬ ਉਡਾਈਆਂ,
ਆਹ ਲੈ ਫੜ ਮਿੱਤਰਾ,
ਬਾਂਕਾਂ ਮੇਚ ਨਾ ਆਈਆਂ ।

Leave a Reply

Your email address will not be published. Required fields are marked *