ਜਥੇ.ਟੌਹੜਾ ਤੋਂ ਬਾਅਦ ਅਕਾਲੀ ਦਲ ’ਚੋਂ ਪੰਥਕ ਸੁਰ ਅਲੋਪ ਹੋ ਗਈ – ਪ੍ਰੋ. ਪੰਨੂੰ, ਡਾ. ਕੇਹਰ ਸਿੰਘ

ਫਤਹਿਗੜ੍ਹ ਸਾਹਿਬ: ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪੰਥ ਪ੍ਰਸਤੀ, ਗੁਰਮਤਿ ਜੀਵਨ, ਨਿਮਰਤਾ, ਸਹਿਜਤਾ ਅਤੇ ਸੁਹਿਰਦਤਾ ਅਕਾਲ ਪੁਰਖ ਵਲੋ ਹੀ ਬਖਸਿ਼ਸ਼ ਹੋਈ, ਹੋਈ ਸੀ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਖਾਲਸਾ ਪੰਥ ਦੀ ਚੜ੍ਹਦੀਕਲਾਂ ਲਈ ਸੰਘਰਸ਼ ਕੀਤਾ। ਇਹ ਵਿਚਾਰ ਅੱਜ ਪਿੰਡ ਪੰਜੋਲੀ ਕਲਾਂ ਦੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਯਾਦਗਾਰੀ ਭਵਨ ਵਿੱਚ ਜਥੇਦਾਰ ਟੌਹੜਾ ਜੀ ਨੂੰ ਸਮਰਪਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ‘ਜਥੇਦਾਰ ਟੌਹੜਾ ਦੀ ਪੰਥਕ ਰਾਜਨੀਤੀ ਵਿੱਚ ਭੂਮਿਕਾ’ ਵਿਸ਼ੇ ‘ਤੇ ਇਕ ਸੈਮੀਨਾਰ ਵਿੱਚ ਬੁਲਾਰਿਆਂ ਨੇ ਪ੍ਰਗਟ ਕੀਤੇ।
ਪ੍ਰਧਾਨਗੀ ਭਾਸ਼ਨ ਦੇਂਦਿਆਂ ਸ੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ. ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਗੁਰਮਤਿ ਦੇ ਰੰਗ ਵਿੱਚ ਰੰਗੀ ਹੋਈ ਰੂਹ ਸਨ।ਗੁਰਦੁਆਰਾ ਪ੍ਰਬੰਧ ਵਿੱਚ ਜਿੰਨੀ ਗੰਭੀਰਤਾ ਨਾਲ ਟੌਹੜਾ ਸਾਹਿਬ ਰੋਲ ਅਦਾ ਕਰਦੇ ਸਨ ਉਨੀ ਗੰਭੀਰਤਾ ਅੱਜ ਕਿਸੇ ਪ੍ਰਧਾਨ ਵਿੱਚ ਨਜਰ ਨਹੀ ਆ ਰਹੀ। ਉਹ ਸੱਚਮੁੱਚ ਹੀ ਸਾਡੇ ਲਈ ਰੋਸ਼ਨ ਚਿਰਾਗ ਸਨ।
ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪੰਥਕ ਫਿਜਾ ਵਿੱਚ ਗੁਰਮਤਿ ਦੀ ਰੋਸ਼ਨੀ ਦਾ ਦੀਵਾਂ ਹਮੇਸ਼ਾ ਜੱਗਦਾ ਰੱਖਿਆ। ਜਿਸ ਤੋਂ ਚਾਨਣ ਲੈ ਕੇ ਬਹੁਤ ਸਾਰੇ ਭੁੱਲੇ ਭਟਕੇ ਨੌਜਵਾਨ ਗੁਰਮਤਿ ਦੇ ਰੰਗ ਵਿੱਚ ਰੰਗੇ ਗਏ। ਉਨਾ ਕਿਹਾ ਕਿ ਟੌਹੜਾ ਪੰਥ ਦੀ ਢਾਲ ਸਨ ਜਿਸ ਦੇ ਟੁੱਟ ਜਾਣ ਤੋਂ ਬਾਅਦ ਅੱਜ ਪੰਥ ਪ੍ਰਸਤੀ ਕੰਮਜੋਰ ਪੈ ਗਈ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਅੱਜ ਕੋਈ ਕਿਸੇ ਨੌਜਵਾਨ ਨੂੰ ਇਹ ਕਹਿਣ ਵਾਲਾ ਨਹੀ ਲੱਭਦਾ ਕਿ ਕਾਕਾ ਤੂੰ ਰੌਮਾਂ ਦੀ ਬੇਅਦਬੀ ਨਾ ਕਰ ਦਸਤਾਰ ਸਜਾ ਅਤੇ ਸਿੱਖੀ ਸਰੂਪ ਧਾਰਨ ਕਰ।
ਪ੍ਰੋ. ਹਰਪਾਲ ਸਿੰਘ ਪੰਨੂੰ ਚੇਅਰਪਰਸਨ, ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ, ਕੇਂਦਰੀ ਯੂਨੀਵਰਸਿਟੀ ਬਠਿੰਡਾ (ਪੰਜਾਬ) ਅਤੇ ਡਾਕਟਰ ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੁੱਖ ਬੁਲਾਰੇ ਵਜੋਂ ਭਾਸ਼ਨ ਦੇਂਦਿਆਂ ਕਿਹਾ ਕਿ ਸੱਚਮੁੱਚ ਹੀ ਜਥੇਦਾਰ ਟੌਹੜਾ ਦੇ ਤੁਰ ਜਾਣ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਵਿਚੋਂ ਪੰਥਕ ਵਿਚਾਰਧਾਰਾ ਦਾ ਭੋਗ ਹੀ ਪੈ ਗਿਆ ਹੈ।ਇਹ ਚਿੰਤਾਜਨਕ ਗੱਲ ਹੈ।
ਸ੍ਰੋਮਣੀ ਅਕਾਲੀ ਦਲ ਨੂੰ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਇਸ ਜੱਥੇਬੰਦੀ ਨੂੰ ਪੰਥਕ ਪਗਡੰਡੀ ਦੇ ਰਾਹ ਤੇ ਤੋਰਨ ਲਈ ਬੰਨ ਨੂੰ ਬੰਨਣੇ ਚਾਹੀਦੇ ਹਨ।ਦੋਵਾਂ ਬੁਲਾਰਿਆਂ ਨੇ ਕਿਹਾ ਕਿ ਅਕਾਲੀ ਦਲ ਕੇਵਲ ਰਾਜਸੀ ਜਥੇਬੰਦੀ ਨਹੀ ਹੈ ਇਹ ਪੰਥਕ ਜੱਥੇਬੰਦੀ ਹੈ। ਪੰਥਕ ਵਿਚਾਰਧਾਰਾ ਦੀ ਪ੍ਰਤੀਨਿੱਧ ਹੈ। ਇਸ ਨੂੰ ਦੁਜੀਆਂ ਪਾਰਟੀਆਂ ਵਾਂਗੂ ਕੇਵਲ ਰਾਜਸੀਧਿਰ ਬਣਾ ਕੇ ਕੇਵਲ ਸਤ੍ਹਾ ਲ ਪ੍ਰਾਪਤੀ ਤੱਕ ਮਹਿਦੂਦ ਰੱਖਣਾ ਪਾਰਟੀ ਸਿਧਾਂਤਾ ਨਾਲ ਖਿਲਵਾੜ ਹੈ ਅਤੇ ਜੇ ਇਸ ਨੂੰ ਪੰਥਕ ਪੰਗਡੰਡੀ ਦੇ ਰਾਹ ਤੇ ਨਾ ਤੋਰਿਆ ਤਾਂ ਇਸ ਦਾ ਵਜੂਦ ਖਤਮ ਹੋ ਜਾਵੇਗਾ ਤੇ ਇਸ ਦੀ ਜਿੰਮੇਵਾਰੀ ਮੋਜੂਦਾ ਲੀਡਰਸਿ਼ਪ ਦੀ ਹੋਵੇਗੀ।
ਇਸ ਮੌਕੇ ਉੇਚੇਚੇ ਤੌਰ ਤੇ ਜਥੇਦਾਰ ਟੌਹੜਾ ਜੀ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਬਿਆਨ ਕਰਦੀ ਨੌਜਵਾਨ ਕਿਰਨਵੀਰ ਸਿੰਘ ਸੇਖੋ ਦੀ ਪਲੇਠੀ ਕਿਤਾਬ ‘ਸਿੱਖ ਸਿਆਸਤ ਦਾ ਸ਼ਾਹ ਅਸਵਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ’ ਲੋਕ ਅਰਪਣ ਕੀਤੀ ਗਈ।ਅੱਜ ਪਿੰਡ ਪੰਜੋਲੀ ਕਲਾਂ ਲਈ ਹੋਰ ਵੀ ਖੁਸ਼ੀ ਦੀ ਗੱਲ ਹੋਈ ਗੁਰਦੁਆਰਾ ਸ੍ਰੀ ਖਾਲਸਾ ਦਰਬਾਰ ਪੰਜੋਲੀ ਕਲਾਂ ਵਿੱਚ ਬਣਾਏ ਗਏ ਭਾਈ ਲਛਮਣ ਸਿੰਘ ਧਾਰੋਵਾਲੀ ਅਕਾਲ ਗੈਸਟ ਹਾਊਸ ਦਾ ਰਸਮੀ ਉਦਘਾਟਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ।
ਇਸ ਮੋਕੇ ਹੋਰਨਾ ਤੋਂ ਇਲਾਵਾ ਬੀਬੀ ਕੁਲਦੀਪ ਕੌਰ ਟੌਹੜਾ, ਸ੍ਰ. ਦੀਦਾਰ ਸਿੰਘ ਭੱਟੀ, ਸ੍ਰ. ਜਗਦੀਪ ਸਿੰਘ ਚੀਮਾ, ਸ. ਗੁਰਪ੍ਰੀਤ ਸਿੰਘ ਰਾਜੂਖੰਨਾ, ਸ੍ਰ. ਸਰਬਜੀਤ ਸਿੰਘ ਝਿੰਜਰ, ਸ੍ਰੇਰ ਸਿੰਘ, ਦਰਬਾਰਾ ਸਿੰਘ ਰੰਧਾਵਾ, ਹਰਬੰਸ ਸਿਘ ਮੰਝਪੁਰ, ਦਿਲਬਾਗ ਸਿੰਘ ਬਧੋਛੀ, ਮਹਿੰਦਰਜੀਤ ਸਿੰਘ ਖਰੋੜੀ, ਗਿਆਨ ਸਿੰਘ ਪੰਜੋਲੀ, ਸੁਖਦੇਵ ਸਿੰਘ ਨੰਬਰਦਾਰ, ਜਤਿੰਦਰ ਸਿੰਘ ਲਾਡੀ, ਅਜੈਪਾਲ ਮਿੱਡੂਖੇੜਾ,ਯੋਧ ਸਿੰਘ, ਹਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਐਸ਼ ਬਹਾਦਰ ਪੰਜੋਲੀ, ਹਰਪ੍ਰੀਤ ਸਿੰਘ ਹੈਪੀ ਆਦਿ ਨੇ ਹਾਜਰੀ ਭਰੀ।ਸਟੇਜ ਦੀ ਕਾਰਵਾਈ ਸ੍ਰ. ਜਗਜੀਤ ਸਿੰਘ ਪੰਜੋਲੀ ਨੇ ਚਲਾਈ।

Leave a Reply

Your email address will not be published. Required fields are marked *