ਦੂਰ ਹੋਣਾ ਹੀ ਬਿਹਤਰ (-ਕੈਲਾਸ਼ ਚੰਦਰ ਸ਼ਰਮਾ)

ਸਮਾਜਿਕ ਜੀਵਨ ਵਿੱਚ ਆਪਸੀ ਸਬੰਧਾਂ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਹਰ ਸਬੰਧ ਮਨ ਅਤੇ ਭਾਵ ਨਾਲ ਜੁੜਿਆ ਹੁੰਦਾ ਹੈ। ਇਨ੍ਹਾਂ ਸਬੰਧਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ’ਤੇ ਸਨੇਹ ਉਪਜਦਾ ਹੈ। ਵਿਅਕਤੀ ਡੂੰਘਾਈ ਤੱਕ ਹਿਰਦੇ ਨਾਲ ਜੁੜ ਜਾਂਦੇ ਹਨ ਅਤੇ ਉਨ੍ਹਾਂ ਦੇ ਉੱਤਮ ਭਾਵਾਂ ਨੂੰ ਸਵੀਕਾਰ ਕਰਕੇ ਇਨ੍ਹਾਂ ਵਿਚਲਾ ਨਿੱਘ ਪ੍ਰਾਪਤ ਹੁੰਦਾ ਹੈ। ਅੱਜ ਦੇ ਯੁੱਗ ਵਿੱਚ ਸਮਾਜਿਕ ਸਬੰਧਾਂ ਨੂੰ ਵੀ ਡਾਢਾ ਖੋਰਾ ਲੱਗਦਾ ਜਾ ਰਿਹਾ ਹੈ। ਇਨਸਾਨ ਦੀ ਸੋਚ ਸਿਰਫ਼ ਆਪਣੇ ਸਵਾਰਥ ਤੱਕ ਹੀ ਸਿਮਟ ਕੇ ਰਹਿ ਗਈ ਹੈ। ਅਸੀਂ ਆਪਣੇ ਵਿਰਸੇ ਨੂੰ ਭੁੱਲਦੇ ਹੋਏ ਬੁਨਿਆਦੀ ਕਦਰਾਂ-ਕੀਮਤਾਂ ਨੂੰ ਵੀ ਤਿਲਾਂਜਲੀ ਦੇ ਰਹੇ ਹਾਂ।

ਜਦੋਂ ਇਨਸਾਨ ਸਵਾਰਥੀ ਹੋ ਜਾਂਦਾ ਹੈ ਤਾਂ ਇਨਸਾਨੀਅਤ ਦੇ ਗੁਣ ਵੀ ਉਸ ਲਈ ਬੇਅਰਥ ਹੋ ਜਾਂਦੇ ਹਨ। ਉਨ੍ਹਾਂ ਨੂੰ ਕੇਵਲ ਆਪਣਾ ਸੁੱਖ ਅਤੇ ਯਸ਼ ਹੀ ਦਿਖਾਈ ਦਿੰਦਾ ਹੈ। ਅੱਜ ਸਮਾਜ ਵਿੱਚ ਬਹੁਤੇ ਲੋਕ ਇਸ ਤਰ੍ਹਾਂ ਦੇ ਮਿਲਦੇ ਹਨ ਜੋ ਕਿਸੇ ਦੇ ਵਿਸ਼ਵਾਸਪਾਤਰ ਬਣ ਕੇ ਬਾਅਦ ਵਿੱਚ ਕਿਸੇ ਹੋਰ ਲਾਲਚ ਵਿੱਚ ਆ ਕੇ, ਉਨ੍ਹਾਂ ਦੀ ਹੀ ਵਿਰੋਧਤਾ ਕਰਨ ਵਿੱਚ ਜ਼ਰਾ ਜਿੰਨੀ ਸ਼ਰਮ ਵੀ ਨਹੀਂ ਕਰਦੇ। ਆਪਣੇ ਕੰਮ ਨੂੰ ਸੰਵਾਰਨ ਲਈ ਕਿਸੇ ਦਾ ਵੀ ਨੁਕਸਾਨ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸੇ ਕਾਰਨ ਹੀ ਅੱਜ ਸਾਡੇ ਸਮਾਜ ਦਾ ਸਮੁੱਚਾ ਤਾਣਾ-ਬਾਣਾ ਉਲਝਦਾ ਜਾ ਰਿਹਾ ਹੈ।

ਅਜਿਹੇ ਲੋਕ ਜਿਨ੍ਹਾਂ ਅੰਦਰ ਆਪਣਿਆਂ ਪ੍ਰਤੀ ਵਫ਼ਾ ਕਰਨ ਦਾ ਜਜ਼ਬਾ ਨਹੀਂ ਹੁੰਦਾ ਉਨ੍ਹਾਂ ਨੂੰ ਆਕ੍ਰਿਤਘਣ ਵਿਅਕਤੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਆਕ੍ਰਿਤਘਣ ਲੋਕਾਂ ਦੀ ਚਾਲ ਅਤੇ ਚਿਹਰਾ ਸਮਝ ’ਚ ਨਾ ਆਵੇ ਸੁਭਾਵਿਕ ਹੈ ਕਿਉਂਕਿ ਅਜਿਹੇ ਲੋਕ ਅੰਧੇਰੇ ਵਿੱਚ ਹੀ ਹਮਲਾ ਕਰਦੇ ਹਨ ਅਰਥਾਤ ਛਲ, ਕਪਟ ਦਾ ਸਹਾਰਾ ਲੈਂਦੇ ਹਨ। ਜਦੋਂ ਆਪਣੇ ਹੀ ਦੁਸ਼ਮਣ ਬਣ ਕੇ ਇਸ ਸ਼੍ਰੇਣੀ ਵਿੱਚ ਆ ਜਾਣ ਤਾਂ ਰੋਸ਼ਨੀ ਵਿੱਚ ਵੀ ਉਨ੍ਹਾਂ ਦਾ ਚਿਹਰਾ ਨਹੀਂ ਪਹਿਚਾਣਿਆ ਜਾ ਸਕਦਾ। ਇਹ ਸੰਸਾਰ ਪਲ-ਪਲ ਬਦਲ ਰਿਹਾ ਹੈ, ਇੱਥੇ ਕੋਈ ਵੀ ਕਿਸੇ ਦਾ ਨਹੀਂ।

ਅੱਜ ਸਮਾਜ ਅੰਦਰ ਬਹੁਤੇ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ ਜੋ ਕੇਵਲ ਓਹੀ ਯਾਦ ਰੱਖਦੇ ਹਨ ਜੋ ਉਨ੍ਹਾਂ ਨੇ ਤੁਹਾਡੇ ਵਾਸਤੇ ਕੀਤਾ ਹੁੰਦਾ ਹੈ, ਪਰ ਜੋ ਤੁਸੀਂ ਉਨ੍ਹਾਂ ਵਾਸਤੇ ਕੀਤਾ, ਉਸ ਨੂੰ ਯਾਦ ਨਹੀਂ ਰੱਖਦੇ। ਕੇਵਲ ਆਪਣੇ ਦੁਆਰਾ ਤੁਹਾਡੇ ਲਈ ਕੀਤੇ ਕੰਮਾਂ ਦੀ ਦੁਹਾਈ ਦੇ ਕੇ ਤੁਹਾਨੂੰ ਦੂਸਰਿਆਂ ਸਾਹਮਣੇ ਬੇਇੱਜ਼ਤ ਕਰਨ ’ਚ ਜ਼ਰਾ ਜਿੰਨੀ ਵੀ ਸ਼ਰਮ ਨਹੀਂ ਕਰਦੇ। ਕਿਸੇ ਦੇ ਕੀਤੇ ਅਹਿਸਾਨਾਂ ਨੂੰ ਭੁਲਾ ਕੇ ਉਸ ਨੂੰ ਮਾੜਾ ਕਹਿ ਕੇ ਉਸ ਦਾ ਦਿਲ ਦੁਖਾਉਣ ਵਾਲਾ ਵਿਅਕਤੀ ਵੀ ਤਾਂ ਆਕ੍ਰਿਤਘਣ ਹੀ ਹੁੰਦਾ ਹੈ। ਅਜਿਹੇ ਲੋਕਾਂ ਕਰਕੇ ਹੀ ਅਜੋਕੇ ਸਮਾਜ ਵਿੱਚ ਆਪਸੀ ਸਬੰਧ ਵਿਗੜਦੇ ਰਹਿੰਦੇ ਹਨ। ਜੇਕਰ ਦੋਵੇਂ ਧਿਰਾਂ ਇੱਕ-ਦੂਜੇ ਦੇ ਕੀਤੇ ਕੰਮਾਂ ਨੂੰ ਯਾਦ ਰੱਖਦੇ ਹੋਏ ਵਿਚਰਨ ਤਾਂ ਸਬੰਧਾਂ ਵਿੱਚ ਕਦੇ ਵੀ ਤਰੇੜਾਂ ਨਾ ਪੈਣ ਅਤੇ ਜੀਵਨ ਵਿੱਚ ਸ਼ਾਂਤੀ ਦਾ ਦਾਮਨ ਬਣਿਆ ਰਹੇ। ਵਿਅਕਤੀ ਦੇ ਜੀਵਨ ਵਿੱਚ ਕਈ ਵਾਰ ਅਜਿਹੇ ਪਲ ਆ ਜਾਂਦੇ ਹਨ ਜਦੋਂ ਵਿਅਕਤੀ ਜੀਵਨ ਦੇ ਅਜਿਹੇ ਮੋੜ ’ਤੇ ਖੜ੍ਹਾ ਹੁੰਦਾ ਹੈ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਪਾਸੇ ਮੁੜੇ। ਅਜਿਹੇ ਸਮੇਂ ਉਹ ਆਪਣੇ ਕਿਸੇ ਪਿਆਰੇ ਨਾਲ ਸਲਾਹ ਕਰਦਾ ਹੈ, ਮਿਲੀ ਸਲਾਹ ’ਤੇ ਚੱਲਦਾ ਹੋਇਆ ਅੱਗੇ ਵਧਦਾ ਹੈ। ਜੇਕਰ ਉਹ ਅਸਫਲ ਹੋ ਜਾਵੇ ਤੇ ਉਸ ਨੂੰ ਸਲਾਹ ਦੇਣ ਵਾਲੇ ਹੀ ਜਦੋਂ ਉਸ ਦਾ ਮਜ਼ਾਕ ਉਡਾਉਣ ਲੱਗ ਪੈਣ ਤਾਂ ਅਜਿਹੇ ਸਲਾਹਕਾਰ ਵੀ ਤਾਂ ਆਕ੍ਰਿਤਘਣ ਹੀ ਹੁੰਦੇ ਹਨ।

ਸਮਾਜ ਵਿੱਚ ਵਿਚਰਦੇ ਸਮੇਂ ਆਪਸੀ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਹੈ। ਇਸ ਦੌਰਾਨ ਜਦੋਂ ਕੋਈ ਵਿਅਕਤੀ ਕਿਸੇ ਦੂਸਰੇ ਕੋਲੋਂ ਕੁਝ ਗੱਲਾਂ ਗ੍ਰਹਿਣ ਕਰਕੇ ਕੁਝ ਨਵਾਂ ਕਰਨ ਲੱਗਦੇ ਹਨ ਤੇ ਫਿਰ ਆਪਣੇ-ਆਪ ਨੂੰ ਉੱਚਾ ਅਖਵਾਉਣ ਦੇ ਚਾਹਵਾਨ ਅਜਿਹੇ ਵਿਅਕਤੀ ਉਨ੍ਹਾਂ ਨੂੰ ਹੀ ਨੀਵਾਂ ਵਿਖਾਉਣ ਲਈ ਨਜ਼ਰਅੰਦਾਜ਼ ਕਰਨ ਲੱਗ ਪੈਣ ਜਿਨ੍ਹਾਂ ਕੋਲੋਂ

ਉਨ੍ਹਾਂ ਨੇ ਸਿੱਖਿਆ ਸੀ ਤਾਂ ਉਹ ਵੀ ਆਕ੍ਰਿਤਘਣਾਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ। ਅਜਿਹੇ ਸਵਾਰਥੀ ਕਿਸਮ ਦੇ ਲੋਕ ਜੋ ਸ਼ਿਸ਼ਟਾਚਾਰ ਦਾ ਪੱਲਾ ਝਾੜ ਕੇ ਉਨ੍ਹਾਂ ਲੋਕਾਂ ਦਾ ਸ਼ੁਕਰੀਆ ਵੀ ਨਹੀਂ ਕਰਦੇ, ਕਦੇ ਉਨ੍ਹਾਂ ਦੀ ਖੈ਼ਰ ਵੀ ਨਹੀਂ ਮੰਗਦੇ ਜਿਨ੍ਹਾਂ ਕੋਲੋਂ ਉਨ੍ਹਾਂ ਨੇ ਗੁਣਾਂ ਦੀ ਅਮੀਰੀ ਪ੍ਰਾਪਤ ਕੀਤੀ ਹੁੰਦੀ ਹੈ ਬਲਕਿ ਆਪਣੇ-ਆਪ ਨੂੰ ਅਕਲਮੰਦ ਸਮਝਦੇ ਹੋਏ ਅੱਖਾਂ ਵਿਖਾਉਣ ਲੱਗ ਪੈਣ ਤਾਂ ਉਹ ਕੇਵਲ ਆਪਣੀ-ਅੰਤਰ ਆਤਮਾ ਨਾਲ ਜ਼ੁਲਮ ਹੀ ਕਰਦੇ ਹਨ। ਅਜਿਹੇ ਲੋਕਾਂ ਨੂੰ ਫਿਰ ਸਮਾਜ ਵੀ ਨਕਾਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਚੰਗੇ ਲੋਕ ਇਨ੍ਹਾਂ ਦਾ ਨਾਂ ਲੈਣਾ ਵੀ ਚੰਗਾ ਨਹੀਂ ਸਮਝਦੇ।

ਅਜਿਹੇ ਸਵਾਰਥੀ ਕਿਸਮ ਦੇ ਲੋਕਾਂ ਨੂੰ ਜਦੋਂ ਮਤਲਬ ਹੁੰਦਾ ਹੈ ਤਾਂ ਇੰਨੇ ਨਿਮਰ ਹੋ ਜਾਂਦੇ ਹਨ ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਗੱਲਾਂ ਕਰਦੇ ਸਮੇਂ ਉਨ੍ਹਾਂ ਦੇ ਮੂੰਹ ਵਿੱਚੋਂ ਸੁਗੰਧਿਤ ਫੁੱਲ ਕਿਰ ਰਹੇ ਹੋਣ। ਉਨ੍ਹਾਂ ਦਾ ਅਸਲੀ ਚਿਹਰਾ ਪਹਿਚਾਣਨਾ ਮੁਸ਼ਕਿਲ ਹੋ ਜਾਂਦਾ ਹੈ। ਮਤਲਬ ਨਿਕਲ ਜਾਣ ਤੋਂ ਬਾਅਦ ਉਹ ਝੱਟ ਰੰਗ ਬਦਲ ਲੈਂਦੇ ਹਨ ਅਤੇ ਪਛਾਣਨੋਂ ਵੀ ਹਟ ਜਾਂਦੇ ਹਨ। ਆਕ੍ਰਿਤਘਣ ਲੋਕ ਉਸ ਕਿਰਾੲੇ ਦੇ ਮਕਾਨ ਦੀ ਤਰ੍ਹਾਂ ਹੁੰਦੇ ਹਨ ਜਿਸ ਨੂੰ ਜਿੰਨਾ ਮਰਜ਼ੀ ਸਜਾ ਲਓ ਕਦੇ ਵੀ ਆਪਣਾ ਨਹੀਂ ਹੁੰਦਾ। ਅਜਿਹੇ ਲੋਕਾਂ ਦੀ ਨਜ਼ਰ ਅਤੇ ਨੀਅਤ ਵਿੱਚ ਬਹੁਤ ਫ਼ਰਕ ਹੁੰਦਾ ਹੈ। ਸ਼ਰੀਫ਼ ਅਤੇ ਸਿੱਧੇ-ਸਾਦੇ ਲੋਕ ਇਨ੍ਹਾਂ ਦੀ ਚੁੰਗਲ ਵਿੱਚ ਜਲਦੀ ਫਸ ਜਾਂਦੇ ਹਨ। ਸਿਆਣੇ ਕਹਿੰਦੇ ਹਨ: ‘‘ਨਾਸ਼ੁਕਰੇ ਆਦਮੀ ਨਾਲੋਂ ਤਾਂ ਇੱਕ ਵਫ਼ਾਦਾਰ ਕੁੱਤਾ ਪਾਲਣਾ ਜ਼ਿਆਦਾ ਚੰਗਾ ਹੁੰਦਾ ਹੈ।’’

ਆਕ੍ਰਿਤਘਣ ਲੋਕਾਂ ਵਿੱਚ ਘਿਰੇ ਰਹਿਣ ਨਾਲ ਕੋਈ ਲਾਭ ਨਹੀਂ ਹੁੰਦਾ ਬਲਕਿ ਪਛਤਾਵਾ ਹੀ ਝੋਲੀ ਪੈਂਦਾ ਹੈ ਅਜਿਹੇ ਲੋਕਾਂ ਨਾਲ ਚੱਲਣ ਨਾਲੋਂ ਤਾਂ ਇਕੱਲੇ ਚੱਲਣਾ ਜ਼ਿਆਦਾ ਫ਼ਾਇਦੇ ਵਾਲੀ ਗੱਲ ਹੈ। ਇਸ ਲਈ ਅਜਿਹੇ ਲੋਕਾਂ ਕੋਲੋਂ ਦੂਰੀ ਸਿਰਜ ਲੈਣੀ ਹੀ ਬਿਹਤਰ ਹੁੰਦੀ ਹੈ। ਇਸ ਨਾਲ ਜੀਵਨ ਵਿੱਚ ਆਨੰਦ ਦੀ ਨਵੀਂ ਕਿਰਨ ਚਮਕਣ ਲੱਗਦੀ ਹੈ, ਆਤਮਿਕ ਵਿਕਾਸ ਹੁੰਦਾ ਹੈ ਅਤੇ ਜ਼ਿੰਦਗੀ ਹੱਸਦੀ-ਮੁਸਕਰਾਉਂਦੀ ਮਹਿਸੂਸ ਹੁੰਦੀ ਹੈ।

Leave a Reply

Your email address will not be published. Required fields are marked *