ਅਕਾਲ ਪੈਣ ਦਾ ਖ਼ਤਰਾ

ਕਰੋਨਾਵਾਇਰਸ ਕਾਰਨ ਕਾਰੋਬਾਰ ਠੱਪ ਹੋਣ ਕਰਕੇ ਪਹਿਲਾਂ ਹੀ ਹਾਸ਼ੀਏ ਉੱਤੇ ਧੱਕੇ ਗਏ ਲੋਕਾਂ ਦੀ ਹਾਲਤ ਹੋਰ ਵੀ ਖ਼ਰਾਬ ਹੋਣ ਵਾਲੀ ਹੈ। ਸੰਯੁਕਤ ਰਾਸ਼ਟਰ ਸੰਘ (ਯੂਐੱਨਓ) ਦੀ ਖ਼ੁਰਾਕ ਰਾਹਤ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਸਾਲ 2020 ਦੇ ਅਖ਼ੀਰ ਤੱਕ ਅਕਾਲ ਪੈਣ ਦਾ ਖ਼ਤਰਾ ਹੈ ਅਤੇ ਭੁੱਖਮਰੀ ਨਾਲ ਜੂਝਣ ਵਾਲਿਆਂ ਦੀ ਗਿਣਤੀ ਲੰਘੇ ਸਾਲ ਦੇ ਮੁਕਾਬਲੇ ਦੁੱਗਣੀ ਹੋਣ ਦਾ ਅਨੁਮਾਨ ਹੈ। ਸਾਲ 2019 ਵਿਚ 13.5 ਕਰੋੜ ਦੇ ਕਰੀਬ ਲੋਕ ਭੁੱਖਮਰੀ ਦਾ ਸ਼ਿਕਾਰ ਸਨ ਅਤੇ ਇਸ ਸਾਲ ਇਹ ਗਿਣਤੀ ਵਧ ਕੇ 26.5 ਕਰੋੜ ਤੱਕ ਪਹੁੰਚ ਸਕਦੀ ਹੈ। ਜੇਕਰ ਹੁਣ ਤੋਂ ਹੀ ਕਦਮ ਨਾ ਉਠਾਏ ਗਏ ਤਾਂ ਜੰਗਾਂ ਅਤੇ ਅੰਦਰੂਨੀ ਕਲੇਸ਼ਾਂ ਵਿਚ ਉਲਝੇ, ਜਲਵਾਯੂ ਪਰਿਵਰਤਨ ਨਾਲ ਪ੍ਰਭਾਵਿਤ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ਾਂ ਦੇ ਗ਼ਰੀਬਾਂ ਉੱਤੇ ਭੁੱਖਮਰੀ ਦੀ ਮਾਰ ਜ਼ਿਆਦਾ ਪਵੇਗੀ। ਇਸ ਵਾਸਤੇ ਵਿਸ਼ਵ ਪੱਧਰ ਉੱਤੇ ਚਾਰਾਜੋਈ ਕਰਨ ਦੀ ਲੋੜ ਹੈ। ਕਰੋਨਾਵਾਇਰਸ ਦੇ ਸੰਕਟ ਨਾਲ ਅਰਥਚਾਰੇ ਵਿਚ ਆ ਰਿਹਾ ਮੰਦਵਾੜਾ ਵੀ ਉਸ ਤੋਂ ਘੱਟ ਖ਼ਤਰਨਾਕ ਨਹੀਂ ਹੈ।
ਮੌਜੂਦਾ ਸਮੇਂ ਜਦੋਂ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਮਹਾਮਾਰੀ ਦਾ ਸਾਹਮਣਾ ਕਰਨ ਦੀ ਲੋੜ ਹੈ। ਬਹੁਤੇ ਦੇਸ਼ ਇਕ ਦੂਸਰੇ ਉੱਤੇ ਇਲਜ਼ਾਮਤਰਾਸ਼ੀ ਵਿਚ ਉਲਝੇ ਹੋਏ ਹਨ। ਦੂਜੀ ਸੰਸਾਰ ਜੰਗ ਤੋਂ ਬਾਅਦ ਆਪੋ ਆਪਣੇ ਖੇਤਰਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀਆਂ ਸੰਸਥਾਵਾਂ ਵਿਚ ਲੋਕਾਂ ਦਾ ਭਰੋਸਾ ਬਰਕਰਾਰ ਰੱਖਣ ਲਈ ਕੰਮ ਕਰਨ ਦੀ ਬਜਾਏ ਵੱਡੀਆਂ ਤਾਕਤਾਂ ਹੀ ਉਨ੍ਹਾਂ ਉੱਤੇ ਬੇਭਰੋਸਗੀ ਪ੍ਰਗਟ ਕਰ ਰਹੀਆਂ ਹਨ। ਅਮਰੀਕਾ ਨੇ ਆਲਮੀ ਸਿਹਤ ਸੰਸਥਾ ਉੱਤੇ ਚੀਨ-ਪੱਖੀ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਸੰਸਥਾ ਨੂੰ ਚਲਾਉਣ ਲਈ ਸਭ ਤੋਂ ਵੱਧ ਪੈਸਾ ਅਮਰੀਕਾ ਦਿੰਦਾ ਸੀ ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਇਸ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਬੰਦ ਕਰ ਦਿੱਤੀ। ਹੁਣ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਇਸ ਸੰਸਥਾ ਉੱਤੇ ਚੀਨ ਦੇ ਪ੍ਰਾਪੇਗੰਡੇ ਦਾ ਸੰਦ ਹੋਣ ਦਾ ਦੋਸ਼ ਲਗਾਇਆ ਹੈ।
ਦੂਸਰੀ ਸੰਸਾਰ ਜੰਗ ਤੋਂ ਬਾਅਦ ਯੂਐੱਨਓ ਨਾਲ ਸਬੰਧਿਤ ਬਹੁਤ ਸਾਰੀਆਂ ਸੰਸਥਾਵਾਂ ਨੇ ਵੱਖ ਵੱਖ ਖੇਤਰਾਂ ਵਿਚ ਮਹੱਤਵਪੂਰਨ ਕੰਮ ਕੀਤਾ ਹੈ। ਤਾਕਤਾਂ ਦੇ ਤਵਾਜ਼ਨ ਕਾਰਨ ਇਨ੍ਹਾਂ ਸੰਸਥਾਵਾਂ ਉੱਤੇ ਦੂਜੀ ਸੰਸਾਰ ਜੰਗ ਵਿਚ ਜੇਤੂ ਧਿਰ ਦੇ ਦੇਸ਼ਾਂ ਦਾ ਦਬਦਬਾ ਵੱਧ ਰਿਹਾ ਹੈ। ਅਮਰੀਕਾ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ ਜ਼ਿਆਦਾ ਫੰਡ ਦੇਣ ਕਰਕੇ ਆਪਣਾ ਕੰਟਰੋਲ ਹੇਠ ਰੱਖਣ ਦਾ ਯਤਨ ਕਰਨਾ ਵੀ ਇਨ੍ਹਾਂ ਦੀ ਨਿਰਪੱਖਤਾ ਉੱਤੇ ਸਵਾਲ ਖੜ੍ਹੇ ਕਰਦਾ ਰਿਹਾ ਹੈ ਪਰ ਅਮਰੀਕਾ ਪਹਿਲਾਂ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਆਇਆ ਅਤੇ ਹੁਣ ਉਸ ਨੇ ਇਨ੍ਹਾਂ ਸੰਸਥਾਵਾਂ ਵਿਰੁੱਧ ਮੋਰਚਾ ਖੋਲ੍ਹਿਆ ਹੈ। ਕਈ ਮਾਹਿਰ ਇਹ ਕਹਿ ਵੀ ਰਹੇ ਹਨ ਕਿ ਦੁਨੀਆਂ ਆਗੂ ਵਿਹੂਣੀ ਹੁੰਦੀ ਦਿਖਾਈ ਦੇ ਰਹੀ ਹੈ। ਸੰਕਟ ਦੇ ਸਮਿਆਂ ਵਿਚ ਕੌਮਾਂਤਰੀ ਸਹਿਯੋਗ ਅਤੇ ਮਾਨਵੀ ਸੋਚ ਵਾਲੇ ਆਗੂਆਂ ਦੀ ਟੀਮ ਦੀ ਲੋੜ ਹੁੰਦੀ ਹੈ। ਇਸ ਸਮਾਂ ਆਲਮੀ ਸਿਹਤ ਸੰਸਥਾ ਜਿਹੀਆਂ ਸੰਸਥਾਵਾਂ ਨੂੰ ਜ਼ਿਆਦਾ ਮਜ਼ਬੂਤ ਕਰਨ ਦਾ ਹੈ ਤਾਂ ਕਿ ਮਹਾਮਾਰੀ ਅਤੇ ਭੁੱਖਮਰੀ ਵਿਰੁੱਧ ਲੜਾਈ ਪ੍ਰਭਾਵਸ਼ਾਲੀ ਢੰਗ ਨਾਲ ਲੜੀ ਜਾ ਸਕੇ।