ਹੋਲੀ ਸਿਟੀ ਵਾਸੀਆਂ ਨੇ ਮੋਦੀ, ਮਿਸ਼ਰਾ ਅਤੇ ਯੋਗੀ ਦੇ ਪੁਤਲੇ ਫੂਕੇ

ਅੰਮ੍ਰਿਤਸਰ (ਰਾਜਨ ਮਾਨ): ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਕਿਸਾਨਾਂ ਤੇ ਅੱਤਿਆਚਾਰ ਕਰਨ ਅਤੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਰੋਸ ਵਜੋਂ ਅੱਜ ਹੋਲੀ ਸਿਟੀ ਦੇ ਨਿਵਾਸੀਆਂ ਵਲੋਂ ਪਰਿਵਾਰਾਂ ਸਮੇਤ ਸੜਕਾਂ ‘ਤੇ ਉਤਰਕੇ ਮੋਦੀ, ਮਿਸ਼ਰਾ, ਯੋਗੀ, ਖੱਟਰ ਅਤੇ ਅੰਮਿਤ ਸ਼ਾਹ ਦੇ ਪੁੱਤਲੇ ਫੂਕੇ ਗਏ।

ਹੋਲੀ ਸਿਟੀ ਫਾਰਮਰਜ਼ ਗਰੁੱਪ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਲੋਕ ਬੱਚਿਆਂ ਸਮੇਤ ਸ਼ਾਮਲ ਹੋਏ। ਲੋਕਾਂ ਨੇ ਹੱਥਾਂ ਵਿੱਚ ਭਾਜਪਾ ਵਿਰੋਧੀ ਤੱਖਤੀਆਂ ’ਤੇ ਬੈਨਰ ਫੜੇ ਹੋਏ ਸਨ। ਇਸ ਮੌਕੇ ਕਿਸਾਨ ਆਗੂ ਰਾਜਨ ਮਾਨ, ਗੁਰਦੇਵ ਸਿੰਘ ਮਾਹਲ, ਸਾਬਕਾ ਵਾਈਸ ਚਾਂਸਲਰ ਡਾ. ਐਮ.ਪੀ ਅੈਸ ਈਸ਼ਰ, ਸਿਕੰਦਰ ਸਿੰਘ ਗਿੱਲ, ਲਾਲੀ ਸ਼ਹਿਬਾਜ਼ਪੁਰੀ, ਰਣਜੀਤ ਸਿੰਘ ਰਾਣਾ, ਡਾ ਬਿਕਰਮਜੀਤ ਸਿੰਘ ਬਾਜਵਾ, ਰਮਨਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦਾ ਦਰਦ ਸਮਝਣ ਦੀ ਬਜਾਏ ਉਹਨਾਂ ਉਪਰ ਅੱਤਿਆਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਸਜਾ ਦੇਣ ਦੀ ਬਜਾਏ ਉਸਨੂੰ ਕੁਰਸੀ ਨਾਲ ਨਿਵਾਜੀ ਬੈਠੇ ਹਨ। ਉਹਨਾਂ ਕਿਹਾ ਕਿ ਇਸ ਕਾਤਲ ਮੰਤਰੀ ਨੂੰ ਤੁਰੰਤ ਗੱਦੀਓਂ ਲਾਹਿਆ ਜਾਵੇ।

ਆਗੂਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਹੁਣ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਖੇਤੀ ਸੈਕਟਰ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾ ਕੇ ਕਿਸਾਨਾਂ ਨੂੰ ਖੇਤੀ ਵਿੱਚੋ ਬਾਹਰ ਧੱਕਣ ਲਈ ਖੇਤੀ ਵਿਰੋਧੀ ਕਾਲੇ ਕਾਨੂੰਨ ਲੈਕੇ ਆਈ ਹੈ। ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਕੇ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਵਿਚੋਂ ਬਾਹਰ ਕੱਢਣ ਦੀ ਲੋੜ ਹੈ। ਅੱਜ ਦੇ ਇਕੱਠ ਵਿੱਚ ਕਾਰਪੋਰੇਟ ਭਜਾਓ, ਖੇਤੀ ਬਚਾਓ ਦੇ ਨਾਅਰੇ ਲਗਾਏ ਗਏ ਤੇ ਬਾਅਦ ਵਿੱਚ ਕਾਰਪੋਰੇਟ ਘਰਾਣਿਆਂ, ਮੋਦੀ, ਯੋਗੀ ਤੇ ਅਜੇ ਮਿਸ਼ਰਾ ਦੇ ਵੱਡੇ ਪੁਤਲੇ ਫੂਕੇ ਗਏ। ਆਗੂਆਂ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀ ਅਜੇ ਮਿਸ਼ਰਾ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ, ਮੋਦੀ ਸਰਕਾਰ ਬੀ ਐੱਸ ਐੱਫ ਨੂੰ 50 ਕਿਲੋਮੀਟਰ ਤੱਕ ਦਿੱਤੇ ਅਧਿਕਾਰ ਖੇਤਰ ਨੂੰ ਵਾਪਸ ਲਵੇ, ਝੋਨੇ ਦੀ ਖਰੀਦ ਤੇ ਡੀ ਏ ਪੀ ਖਾਦ ਦੀਆਂ ਮੁਸ਼ਕਲਾਂ ਦੂਰ ਕੀਤੀਆਂ ਜਾਣ,ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ 3 ਮਹੀਨੇ ਤੋਂ ਕਿਤੇ ਵਾਧੇ ਵਾਪਸ ਲਏ ਜਾਣ।

ਲੋਕ ਦੋਸ਼ੀ ਮੰਤਰੀ ਨੂੰ ਤੁਰੰਤ ਗੱਦੀ ਤੋਂ ਲਾਹੁਣ ਤੇ ਉਸਦੇ ਪੁੱਤ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਸਨ। ਸ਼ਹੀਦ ਹੋਏ ਚਾਰ ਕਿਸਾਨਾਂ ਦੀ ਸ਼ਹਾਦਤ ਦਾ ਮੁੱਲ ਪਾਇਆ ਜਾਵੇਗਾ। ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਦੇ ਖ਼ਾਤਮੇ ਦੇ ਦਿਨ ਸ਼ੁਰੂ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਕ ਪਾਸੇ ਇਹ ਭਾਜਪਾ ਸਰਕਾਰਾਂ ਕਿਸਾਨਾਂ ਦੀਆਂ ਸ਼ਹਾਦਤਾਂ ਲੈ ਰਹੀ ਹੈ ਅਤੇ ਦੂਜੇ ਪਾਸੇ ਇਹਨਾਂ ਹੀ ਕਿਸਾਨਾਂ ਦੇ ਪੁੱਤ ਭਾਰਤ ਦੀ ਰੱਖਿਆ ਲਈ ਸ਼ਹਾਦਤਾਂ ਦੇ ਜਾਮ ਪੀ ਰਹੇ ਹਨ। ਇਕ ਘਰ ਵਿਚ ਕਿਸਾਨ ਦੀ ਅਰਥੀ ਕਿਸਾਨੀ ਝੰਡੇ ਵਿਚ ਲਿਪਟਕੇ ਆ ਰਹੀ ਹੈ ਅਤੇ ਦੂਜੇ ਘਰ ਵਿੱਚ ਜਵਾਨ ਦੀ ਅਰਥੀ ਤਿਰੰਗੇ ਵਿਚ ਲਿਪਟਕੇ ਆ ਰਹੀ ਹੈ। ਅੱਜ ਦੇਸ਼ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦਾ ਅਸਲੀ ਰਾਖਾ ਕਿਸਾਨ ਤੇ ਜਵਾਨ ਹੈ ਅਤੇ ਇਹ ਭਾਜਪਾਈ ਦੇਸ਼ ਦੇ ਗਦਾਰ ਹਨ। ਇਹ ਦੇਸ਼ ਨੂੰ ਵੇਚਣ ਤੇ ਤੁਲੇ ਹਨ ਤੇ ਕਿਸਾਨ ਤੇ ਜਵਾਨ ਦੇਸ਼ ਨੂੰ ਬਚਾਉਣ ਲਈ ਸ਼ਹਾਦਤਾਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦੇਸ਼ ਭਰ ਵਿੱਚ ਕਰੋੜਾਂ ਕਿਸਾਨ ਰੋਸ ਧਰਨਿਆਂ ਉੱਤੇ ਸ਼ਾਮਲ ਹੋਏ ਹਨ। ਕਿਸਾਨ ਅੰਦੋਲਨ ਸਿਰਫ਼ ਤਿੰਨ ਕਾਲੇ ਕਾਨੂੰਨ ਹੀ ਰੱਦ ਨਹੀਂ ਕਰਵਾਏਗਾ ਸਗੋਂ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਅਤੇ ਨਿੱਜੀਕਰਨ ਵੱਲ ਜਾਣ ਦਾ ਰਾਹ ਵੀ ਬੰਦ ਕਰੇਗਾ। ਯੂਪੀ ਦੀ ਧਰਤੀ ਤੇ ਜੋ ਕਿਸਾਨਾਂ ਦਾ ਖੂਨ ਡੁੱਲ੍ਹਿਆ ਹੈ ਉਹ ਕਿਸਾਨ ਅੰਦੋਲਨ ਵਿਚ ਨਵੀਂ ਰੂਹ ਫੂਕੇਗਾ। ਬੀਜੇਪੀ ਵਾਲ਼ਿਆਂ ਦਾ ਘਰਾਂ ਵਿਚੋਂ ਨਿਕਲਣਾ ਬੰਦ ਕਰ ਦਿੱਤਾ ਜਾਵੇਗਾ। ਅਡਾਨੀ, ਅੰਬਾਨੀ ਅਤੇ ਹੋਰ ਦੇਸੀ ਵਿਦੇਸ਼ੀ ਕੰਪਨੀਆਂ ਦਾ ਖੇਤੀ ਖੇਤਰ ਸਮੇਤ ਬਾਕੀ ਖੇਤਰਾਂ ਵਿੱਚੋਂ ਵੀ ਦਾਖਲਾ ਬੰਦ ਕਰ ਦਿੱਤਾ ਜਾਵੇਗਾ। ਕਿਸਾਨ ਅੰਦੋਲਨ ਨੂੰ ਜਿੱਤਣ ਤੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਕਿਸਾਨਾਂ ਦੇ ਨਾਂ ਅਪੀਲ ਜਾਰੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਅਤੇ ਸੜਕਾਂ ਤੇ ਉੱਤਰਣ। ਇਸ ਮੌਕੇ ‘ਤੇ ਮਨਜੀਤ ਸਿੰਘ ਭੁੱਲਰ, ਸਤਨਾਮ ਸਿੰਘ ਭੁੱਲਰ, ਗੁਰਦੇਵ ਸਿੰਘ ਢਿੱਲੋਂ, ਅਮੋਲਕ ਸਿੰਘ ਮਾਨ, ਸ਼੍ਰੀ ਬਜਾਜ, ਪ੍ਰੋਫੈਸਰ ਨਾਭਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *