ਲਾਕਡਾਊਨ ਤੋਂ ਛੋਟ ਦਾ ਰੋਡਮੈਪ ਬਣਾ ਰਹੇ ਕਈ ਦੇਸ਼

ਪੈਰਿਸ : ਕੋਰੋਨਾ ਮਹਾਮਾਰੀ ਨਾਲ ਜਿਥੇ ਹਾਲੇ ਤਕ ਕਈ ਦੇਸ਼ ਜੂਝ ਰਹੇ ਹਨ ਉਥੇ ਕੁਝ ਦੇਸ਼ਾਂ ਨੇ ਲਾਕਡਾਊਨ ਤੋਂ ਛੋਟ ਦਾ ਰੋਡਮੈਪ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਯੂਰਪ ਦੇ ਦੋ ਦੇਸ਼ ਫਰਾਂਸ ਤੇ ਸਪੇਨ ਇਸ ਨੂੰ ਅੰਤਿਮ ਰੂਪ ਦੇਣ ‘ਚ ਲੱਗੇ ਹਨ। ਸਪੇਨ ‘ਚ ਪਿਛਲੇ 24 ਘੰਟਿਆਂ ‘ਚ 301 ਲੋਕਾਂ ਦੀ ਮੌਤ ਹੋਈ। ਇਹ ਦੋ ਅਪ੍ਰਰੈਲ ਨੂੰ ਹੋਈਆਂ 951 ਲੋਕਾਂ ਦੀ ਮੌਤ ਦੇ ਮੁਕਾਬਲੇ ਤਿੰਨ ਗੁਣਾ ਘੱਟ ਹੈ। ਦੇਸ਼ ‘ਚ ਹਾਲੇ ਤਕ ਕਰੀਬ 24 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਹਾਮਾਰੀ ਨਾਲ ਜੂਝ ਰਹੇ ਦੇਸ਼ ਲਾਕਡਾਊਨ ‘ਚ ਛੋਟ ਦੇ ਕੇ ਆਪਣੇ ਖ਼ਰਾਬ ਅਰਥਚਾਰੇ ਨੂੰ ਗਤੀ ਦੇਣਾ ਚਾਹੁੰਦੇ ਹਨ। ਇਸ ਦੇ ਨਾਲ ਵੱਡਾ ਸਵਾਲ ਇਹ ਵੀ ਹੈ ਕਿ ਆਖ਼ਰ ਸਕੂਲ ਕਦੋਂ ਖੁੱਲ੍ਹਣਗੇ? ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਚਾਹੁੰਦੇ ਹਨ ਕਿ ਸਕੂਲ 11 ਮਈ ਤੋਂ ਫਿਰ ਤੋਂ ਖੁੱਲ੍ਹਣ ਪਰ ਅਧਿਆਪਕ ਤੇ ਮਾਪੇ ਸਿਹਤ ਖ਼ਤਰਿਆਂ ਨੂੰ ਲੈ ਕੇ ਚਿੰਤਤ ਹਨ। ਸਰਕਾਰ ਦਾ ਹਾਲਾਂਕਿ ਕਹਿਣਾ ਹੈ ਕਿ ਇਹ ਮਾਪਿਆਂ ਨੇ ਤੈਅ ਕਰਨਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣਗੇ ਜਾਂ ਨਹੀਂ। ਸਪੇਨ ‘ਚ ਵੀ ਬੀਤੇ ਸ਼ਨਿਚਰਵਾਰ ਤੋਂ 14 ਸਾਲ ਦੇ ਛੋਟੇ ਬੱਚਿਆਂ ਨੂੰ ਇਕ ਘੰਟੇ ਲਈ ਘਰੋਂ ਨਿਕਲਣ ਦੀ ਛੋਟ ਦੇ ਦਿੱਤੀ ਹੈ। ਉਥੋਂ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ ਨੇ ਕਿਹਾ ਕਿ ਜੇ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ‘ਚ ਇਸ ਤਰ੍ਹਾਂ ਨਾਲ ਕਮੀ ਆਉਂਦੀ ਰਹੀ ਤਾਂ ਦੋ ਮਈ ਤੋਂ ਲਾਕਡਾਊਨ ‘ਚ ਪੜਾਅਵਾਰ ਤਰੀਕੇ ਨਾਲ ਛੋਟ ਦਿੱਤੀ ਜਾਵੇਗੀ।

ਆਸਟ੍ਰੇਲੀਆ ‘ਚ ਘਟਾਇਆ ਜਾਣ ਲੱਗਾ ਲਾਕਡਾਊਨ
ਆਸਟ੍ਰੇਲੀਆ ਨੇ ਲਾਕਡਾਊਨ ‘ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ ਨੇ ਮੰਗਲਵਾਰ ਨੂੰ ਸਥਾਨਕ ਲੋਕਾਂ ਨੂੰ ਮਸ਼ਹੂਰ ਬੋਂਡੀ ਵੀਚ ਸਮੇਤ ਹੋਰ ਤੱਟਾਂ ‘ਤੇ ਜਾਣ ਦੀ ਛੋਟ ਦੇ ਦਿੱਤੀ। ਇਸ ਤੋਂ ਇਲਾਵਾ ਸੂਬਾਈ ਸਰਕਾਰ ਨੇ ਲੋਕਾਂ ਨੂੰ ਗੁਆਂਢੀਆਂ ਦੇ ਘਰ ਜਾਣ ਦੀ ਸ਼ਰਤਾਂ ਸਮੇਤ ਆਗਿਆ ਦੇ ਦਿੱਤੀ। ਇਕ ਦੂਜੇ ਦੇ ਘਰ ਆਉਣ ਜਾਣ ‘ਚ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣ ਦੀ ਰਿਆਇਤ ਦਿੱਤੀ ਗਈ ਹੈ। ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਅਨੁਸਾਰ, ਬੀਤੇ 24 ਘੰਟਿਆਂ ‘ਚ ਦੇਸ਼ ‘ਚ ਸਿਰਫ ਇਕ ਨਵਾਂ ਮਾਮਲਾ ਸਾਹਮਣੇ ਆਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਕੋਰੋਨਾ ‘ਤੇ ਜਿੱਤ ਵੱਲ ਵੱਧ ਰਿਹਾ ਹੈ। ਆਸਟ੍ਰੇਲੀਆ ‘ਚ ਕੋਰੋਨਾ ਇਨਫੈਕਸ਼ਨ ਦੇ 6,700 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ‘ਚ 88 ਲੋਕਾਂ ਦੀ ਜਾਨ ਤੋਂ ਹੱਥ ਧੋਣਾ ਪਿਆ।

ਦੱਖਣੀ ਕੋਰੀਆ ‘ਚ ਇਨਫੈਕਸ਼ਨ ਖ਼ਾਤਮੇ ਵੱਲ
ਇਕ ਸਮੇਂ ਚੀਨ ਤੋਂ ਬਾਅਦ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹੇ ਦੱਖਣੀ ਕੋਰੀਆ ‘ਚ ਇਨਫੈਕਸ਼ਨ ਹੁਣ ਖ਼ਾਤਮੇ ਵੱਲ ਵਧ ਰਿਹਾ ਹੈ। ਦੇਸ਼ ‘ਚ ਮੰਗਲਵਾਰ ਨੂੰ ਲਗਾਤਾਰ 10ਵੇਂ ਦਿਨ ਨਵੇਂ ਮਾਮਲਿਆਂ ਦੀ ਗਿਣਤੀ 15 ਤੋਂ ਘੱਟ ਰਹੀ। ਇਸ ਤੋਂ ਉਤਸ਼ਾਹਿਤ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਲਾਕਡਾਊਨ ਦੇ ਨਿਯਮਾਂ ‘ਚ ਢਿੱਲ ਦਿੱਤੀ ਜਾ ਸਕਦੀ ਹੈ। ਹਾਲਾਂਕਿ ਅਗਲੇ ਹਫ਼ਤੇ ਤਿਉਹਾਰਾਂ ਨੂੰ ਦੇਖਦਿਆਂ ਅਧਿਕਾਰੀਆਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਦੇਸ਼ ਨੂੰ ਇਨਫੈਕਸ਼ਨ ਤੋਂ ਮੁਕਤ ਸਮਝਣ ਦੀ ਭੁੱਲ ਨਾ ਕਰਨ। ਦੱਖਣੀ ਕੋਰੀਆ ‘ਚ ਇਨਫੈਕਸ਼ਨ ਦੇ 10 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਤੇ 244 ਲੋਕ ਦਮ ਤੋੜ ਚੁੱਕੇ ਹਨ।

ਰੂਸ ‘ਚ ਤੇਜ਼ੀ ਨਾਲ ਵਧ ਰਹੇ ਇਨਫੈਕਸ਼ਨ ਦੇ ਮਾਮਲੇ
ਪਿਛਲੇ 24 ਘੰਟਿਆਂ ਦੌਰਾਨ ਰੂਸ ‘ਚ ਇਨਫੈਕਸ਼ਨ ਦੇ ਛੇ ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ ਤੇ 72 ਲੋਕਾਂ ਦੀ ਮੌਤ ਹੋਈ। ਦੇਸ਼ ‘ਚ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵਧ ਕੇ 93 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਰੂਸ ‘ਚ ਲਾਕਡਾਊਨ 30 ਅਪ੍ਰਰੈਲ ਨੂੰ ਖਤਮ ਹੋ ਰਿਹਾ ਹੈ। ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਫੈਸਲਾ ਕਰਨਾ ਹੈ ਕਿ ਇਸ ਨੂੰ ਅੱਗੇ ਵਧਾਇਆ ਜਾਵੇ ਜਾਂ ਨਾ।

ਬਰਤਾਨੀਆ ‘ਚ ਰੱਖਿਆ ਗਿਆ ਇਕ ਮਿੰਟ ਦਾ ਮੌਨ
ਕੋਰੋਨਾ ਮਹਾਮਾਰੀ ਦੌਰਾਨ ਜਾਨ ਗੁਆਉਣ ਵਾਲੇ ਸਿਹਤ ਮੁਲਾਜ਼ਮਾਂ ਤੇ ਹੋਰ ਮੁਲਾਜ਼ਮਾਂ ਦੀ ਯਾਦ ‘ਚ ਮੰਗਲਵਾਰ ਨੂੰ ਬਰਤਾਨੀਆ ‘ਚ ਇਕ ਮਿੰਟ ਦਾ ਮੌਨ ਰੱਖਿਆ ਗਿਆ। ਕੋਰੋਨਾ ਤੋਂ ਜਿੱਤ ਕੇ ਸਰਕਾਰ ਦਾ ਦੁਬਾਰਾ ਕੰਮਕਾਜ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ 10 ਡਾਊਨਿੰਗ ਸਟੀਰਟ ‘ਚ 11 ਵਜੇ ਸ਼ਰਧਾਂਜਲੀ ਦਿੱਤੀ। ਦੇਸ਼ ‘ਚ ਹੁਣ ਤਕ ਨੈਸ਼ਨਲ ਹੈਲਥ ਸਰਵਿਸ ਨਾਲ ਜੁੜੇ 82 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚ ਕਈ ਭਾਰਤੀ ਮੂਲ ਦੇ ਸਨ।

Leave a Reply

Your email address will not be published. Required fields are marked *