ਰੰਧਾਵਾ ਵੱਲੋਂ 4 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਹੁਕਮ

ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਵੇਰੇ ਜੀ.ਟੀ.ਰੋਡ ਉਤੇ ਲੱਗੇ ਨਾਕਿਆਂ ਦੀ ਅਸਲ ਸਥਿਤੀ ਜਾਣਨ ਅਤੇ ਸੜਕ ਉੱਪਰ ਭੀੜ ਵਾਲੀਆਂ ਥਾਂਵਾਂ ਉਤੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲੈਣ ਲਈ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਤਹਿਤ ਚਾਰ ਪੁਲਿਸ ਕਰਮੀਆਂ ਨੂੰ ਮੁਅੱਤਲ ਕੀਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਪੁਲਿਸ ਕਰਮੀ ਫਿਲੌਰ (ਜਲੰਧਰ) ਤੇ ਇਕ ਪੁਲਿਸ ਕਰਮੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ) ਨਾਲ ਸਬੰਧਤ ਹਨ।

ਸ. ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਫਤਿਹਗੜ੍ਹ ਸਾਹਿਬ ਜ਼ਿਲੇ ਅੰਦਰ ਗੋਬਿੰਦਗੜ੍ਹ ਵਿਖੇ ਟ੍ਰੈਫ਼ਿਕ ਵਿਵਸਥਾ ਲਈ ਪੁਲਿਸ ਦੇ ਢਿੱਲੇ ਪ੍ਰਬੰਧਾਂ ਉਤੇ ਨਾਖੁਸ਼ੀ ਪ੍ਰਗਟਾਈ। ਇਸੇ ਤਰ੍ਹਾਂ ਸਤਲੁਜ ਪੁੱਲ ਪਾਰ ਕਰਨ ਸਾਰ ਫਿਲੌਰ (ਜਲੰਧਰ ਜਿਲਾ) ਵਿੱਚ ਜੀ.ਟੀ. ਰੋਡ ਉੱਪਰ ਪੁਲਿਸ ਨਾਕੇ ਉਤੇ ਤਾਇਨਾਤ ਪੁਲਿਸ ਕਰਮੀਆਂ ਵੱਲੋਂ ਅਵੇਸਲੇਪਣ ਨਾਲ ਦਿੱਤੀ ਜਾ ਰਹੀ ਡਿਊਟੀ ਦਾ ਨੋਟਿਸ ਲੈਂਦਿਆਂ ਮੁਸਤੈਦੀ ਨਾਲ ਡਿਊਟੀ ਕਰਨ ਲਈ ਕਿਹਾ।

ਉਪ ਮੁੱਖ ਮੰਤਰੀ ਵੱਲੋਂ ਕੀਤੀ ਗਈ ਚੈਕਿੰਗ ਵਿੱਚ ਊਣਤਾਈਆਂ ਪਾਈਆਂ ਜਾਣ ਤੋਂ ਉਪਰੰਤ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਸੰਦੀਪ ਗੋਇਲ ਨੇ ਗੋਬਿੰਦਗੜ੍ਹ ਵਿਖੇ ਤਾਇਨਾਤ ਟ੍ਰੈਫਿਕ ਇੰਚਾਰਜ ਏ.ਐਸ.ਆਈ. ਗੁਰਮੀਤ ਸਿੰਘ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੰਦਿਆਂ ਵਿਭਾਗੀ ਜਾਂਚ ਦੇ ਹੁਕਮ ਦਿੱਤੇ। ਗੋਬਿੰਦਗੜ੍ਹ ਵਿਖੇ ਜੀ.ਟੀ. ਰੋਡ ਉਪਰ ਜਾਮ ਲੱਗਿਆ ਹੋਇਆ ਸੀ ਅਤੇ ਟ੍ਰੈਫਿਕ ਇੰਚਾਰਜ ਮੌਕੇ ਉਤੇ ਹਾਜ਼ਰ ਨਹੀਂ ਸੀ। ਇਸੇ ਤਰ੍ਹਾਂ ਫਿਲੌਰ ਵਿਖੇ ਪੁਲਿਸ ਨਾਕੇ ਉਤੇ ਚੈਕਿੰਗ ਦੌਰਾਨ ਪਾਈਆਂ ਗਈਆਂ ਊਣਤਾਈਆਂ ਤੋਂ ਬਾਅਦ ਉਥੇ ਤਾਇਨਾਤ ਏ.ਐਸ.ਆਈ. ਜਸਵੰਤ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ ਤੇ ਸਿਪਾਹੀ ਕੁਲਜੀਤ ਸਿੰਘ ਨੂੰ ਮੁਅੱਤਲ ਕਰ ਕੇ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿੱਤੇ।

ਉਪ ਮੁੱਖ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਡਿਊਟੀ ਵਿੱਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਪੁਲਿਸ ਨੂੰ ਜਿੱਥੇ ਸੁਰੱਖਿਆ ਦੇ ਪੱਖ ਤੋਂ ਮੁਸਤੈਦੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਉੱਥੇ ਰਾਹਗੀਰਾਂ ਨੂੰ ਟ੍ਰੈਫ਼ਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਟ੍ਰੈਫਿਕ ਪੁਲਿਸ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਯਕੀਨੀ ਬਣਾਏ।

Leave a Reply

Your email address will not be published. Required fields are marked *