ਸੁਸਤ ਰਫ਼ਤਾਰ ਲਿਫ਼ਟਿੰਗ ਕਾਰਨ ਮੰਡੀਆਂ ’ਚ ਬੋਰੀਆਂ ਦੇ ਅੰਬਾਰ

ਖਮਾਣੋਂ : ਦਾਣਾ ਮੰਡੀ ਖਮਾਣੋਂ ਵਿਚ ਕਣਕ ਦੀ ਚੁਕਾਈ ਸੁਸਤ ਹੋਣ ਕਾਰਨ ਦਾਣਾ ਮੰਡੀ ਵਿਚ ਕਣਕ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਦਾਣਾ ਮੰਡੀ ਵਿਚ ਪੰਜਾਬ ਸਰਕਾਰ ਦੇ ਨਾਲੋ ਨਾਲ ਲਿੰਫਟਿੰਗ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਆੜ੍ਹਤੀਆਂ ਨੇ ਦੱਸਿਆ ਕਿ ਸਬੰਧਤ ਟਰਾਂਸਪੋਰਟਰ ਡੰਗ ਟਪਾਊ ਨੀਤੀ ਉੱਤੇ ਚੱਲ ਰਿਹਾ ਹੈ ਤੇ ਮੰਡੀ ਵਿੱਚ ਘੱਟ ਗੱਡੀਆਂ ਭੇਜੀਆਂ ਜਾ ਰਹੀਆਂ ਹਨ, ਜਿਸ ਦਾ ਖਮਿਆਜ਼ਾ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭੁਗਤਣਾ ਪੈ ਰਿਹਾ ਹੈ। ਦਾਣਾ ਮੰਡੀ ਖਮਾਣੋਂ ਦਾ ਦੌਰਾ ਕਰਨ ’ਤੇ ਵੇਖਿਆ ਗਿਆ ਕਿ ਮੰਡੀ ਵਿੱਚ ਕਣਕ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗ ਜਾਣ ਕਾਰਨ ਕਿਸਾਨਾਂ ਨੂੰ ਹੋਰ ਕਣਕ ਮੰਡੀ ਵਿੱਚ ਸੁੱਟਣ ਲਈ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਾਣਾ ਮੰਡੀ ਵਿਚ ਖ਼ਰੀਦ ਕੀਤੀ ਕਣਕ ਦੀ ਸਬੰਧਤ ਠੇਕੇਦਾਰ ਵੱਲੋਂ ਅਤੀ ਸੁਸਤ ਚੁਕਾਈ ਕੀਤੇ ਜਾਣ ਕਾਰਨ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਸਥਾਨਕ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ 23 ਅਪਰੈਲ ਨੂੰ ਡੀਸੀ ਅੰਮ੍ਰਿਤ ਕੌਰ ਗਿੱਲ ਨੂੰ ਖਮਾਣੋਂ ਪਹੁੰਚਣ ਉੱਤੇ ਮਾਰਕਿਟ ਕਮੇਟੀ ਖਮਾਣੋਂ ਦੇ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ ਵੱਲੋਂ ਉਨ੍ਹਾਂ ਨੂੰ ਦਾਣਾ ਮੰਡੀ ਵਿੱਚ ਆ ਰਹੀ ਲਿਫ਼ਟਿੰਗ ਦੀ ਸਮੱਸਿਆ ਸਬੰਧੀ ਜਾਣੂ ਕਰਵਾਇਆ ਸੀ ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਉਨਾਂ ਨੂੰ ਇਸ ਸਮੱਸਿਆ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਉਕਤ ਮਸਲਾ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਅਜੇ ਤੱਕ ਲਿਫਟਿੰਗ ਦੀ ਸਮੱਸਿਆ ਉਸੇ ਤਰਾਂ ਬਰਕਰਾਰ ਹੈ। ਆੜ੍ਹਤੀਆਂ ਨੇ ਮੰਗ ਕੀਤੀ ਕਿ ਲਿਫਟਿੰਗ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਦੀਂ ਜਾਵੇ ਤਾਂ ਜੋ ਹੋਰ ਪ੍ਰੇਸ਼ਾਨੀ ਪੇਸ਼ ਨਾ ਆਵੇ।

ਬਸੀ ਪਠਾਣਾਂ : ਬਸੀ ਪਠਾਣਾਂ ਦੀ ਅਨਾਜ ਮੰਡੀ ਵਿਚ ਕਣਕ ਦੀ ਲਿਫ਼ਟਿੰਗ ਦੀ ਮੱਠੀ ਰਫ਼ਤਾਰ ਕਾਰਨ ਕਿਸਾਨ ਤੇ ਆੜ੍ਹਤੀ ਦੋਵੇਂ ਪ੍ਰੇਸ਼ਾਨ ਹਨ। ਵੇਚੀ ਗਈ ਫ਼ਸਲ ਦੀ ਚੁਕਾਈ ਨਾ ਹੋਣ ਕਾਰਨ ਹੋਰ ਆਉਣ ਵਾਲੀ ਫ਼ਸਲ ਲਈ ਥਾਂ ਨਹੀਂ ਬਚ ਰਿਹਾ, ਜਿਸ ਕਾਰਨ ਕਿਸਾਨ ਤੇ ਆੜ੍ਹਤੀ ਮੁਸ਼ਕਿਲ ਵਿਚ ਹਨ। ਸਰਕਾਰੀ ਖਰੀਦ ਅਜੈਂਸੀਆਂ ਆੜ੍ਹਤੀਆਂ ਨੂੰ ਕਣਕ ਦੀ ਅਦਾਇਗੀ ਕਣਕ ਦੀ ਮੰਡੀ ਵਿੱਚੋਂ ਚੁਕਾਈ ਹੋਣ ਤੋਂ ਬਾਅਦ ਕਰਨਗੀਆਂ। ਬਸੀ ਪਠਾਣਾਂ ਦੀ ਅਨਾਜ ਮੰਡੀ ਵਿਖੇ ਸਰਕਾਰੀ ਖਰੀਦ ਅਜੈਂਸੀ ਮਾਰਕਫੈੱਡ ਨੇ 1313 ਟਨ ਕਣਕ ਦੀ ਖਰੀਦ ਕੀਤੀ ਹੈ, ਜਿਸ ਵਿੱਚੋਂ ਸਿਰਫ਼ 320 ਟਨ ਕਣਕ ਦੀ ਲਿਫਟਿੰਗ ਹੋਈ ਹੈ ਤੇ 993 ਟਨ ਮੰਡੀ ਵਿੱਚ ਪਈ ਹੈ, ਪਨਗਰੇਨ ਨੇ 1045 ਟਨ ਦੀ ਖਰੀਦ ਕੀਤੀ ਤੇ 370 ਟਨ ਦੀ ਲਿਫਟਿੰਗ ਤੇ 675 ਮੰਡੀ ਵਿਚ ਪਈ ਹੈ, ਪਨਸਪ ਦੀ 2357 ਵਿਚੋਂ 250 ਟਨ ਦੀ ਲਿਫ਼ਟਿੰਗ ਹੋਈ ਹੈ ਤੇ 2107 ਟਨ ਅਤੇ ਐਫਸੀਆਈ ਨੇ ਹਲੇ ਤੱਕ 2413 ਟਨ ਦੀ ਖਰੀਦ ਕੀਤੀ 1485 ਟਨ ਦੀ ਲਿਫਟੀਂਗ ਅਤੇ ਮੰਡੀ ਵਿੱਚ 928 ਟਨ ਕਣਕ ਬਕਾਇਆ ਪਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹਾਲੇ ਕੁਲ ਖਰੀਦ ਦੀ 66 ਫਿਸਦ ਕਣਕ ਦੀ ਲਿਫ਼ਟਿੰਗ ਹੋਣੀ ਬਾਕੀ ਹੈ। ਬਸੀ ਪਠਾਣਾਂ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤਾਂ ਮੰਡੀ ਵਿੱਚ ਆੜ੍ਹਤੀਆਂ ਕੋਲ ਲਿਫਟਿੰਗ ਲਈ ਲੇਬਰ ਤਾਂ ਸੀ ਪਰ ਠੇਕੇਦਾਰ ਕੋਲ ਟਰੱਕ ਉਪਲੱਬਧ ਨਹੀਂ ਸਨ। ਮਾਰਕਿਟ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ ਨੇ ਕਿਹਾ ਕਿ ਬਸੀ ਪਠਾਣਾਂ ਦੀ ਅਨਾਜ ਮੰਡੀ ਵਿਚ ਖਰੀਦ ਵੀ ਦੇਰੀ ਨਾਲ ਸ਼ੁਰੂ ਹੋਈ ਹੈ, ਜਿਸ ਕਾਰਨ ਇਹ ਸਮੱਸਿਆ ਸਾਹਮਣੇ ਆ ਰਹੀ ਹੈ।

Leave a Reply

Your email address will not be published. Required fields are marked *