ਦੂਜੇ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਦੇਣਾ ਪੰਜਾਬ ਨਾਲ ਧੋਖਾ : ਬੈਂਸ

ਫ਼ਤਹਿਗੜ੍ਹ ਸਾਹਿਬ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਥੇ ਕਿਹਾ ਕਿ ਪੰਜਾਬ ਸਰਕਾਰ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਦੀ ਬਜਾਏ ਸਰਕਾਰੀ ਨੌਕਰੀਆਂ ’ਚ ਪੰਜਾਬੀਆਂ ਨੂੰ ਪਹਿਲ ਦੇਵੇ ਕਿਉਂਕਿ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਨੂੰ ਸਰਕਾਰ ਦੇ ਵੱਖ -ਵੱਖ ਵਿਭਾਗਾਂ ’ਚ ਨੌਕਰੀਆਂ ਦੇਣਾ ਪੰਜਾਬ ਨਾਲ ਧੋਖਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ 7 ਨਵੰਬਰ ਨੂੰ ਬਾਘਾਪੁਰਾਣਾ ਵਿਖੇ ‘117 ਦੀ ਕਸਮ ਭ੍ਰਿਸ਼ਟਾਚਾਰ ਕਰਾਂਗੇ ਖ਼ਤਮ’ ਇਜਲਾਸ ਹੋਵੇਗਾ। ਇਜਲਾਸ ’ਚ 117 ਹਲਕਿਆਂ ਤੋਂ 11 ਮੈਂਬਰੀ ਟੀਮਾਂ ਸ਼ਿਰਕਤ ਕਰਨਗੀਆਂ ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦਾ ਧਿਆਨ ਭਟਕਾਉਣ ਦੀ ਬਜਾਏ ਪੰਜਾਬ ਦੇ ਅਸਲ ਮੁੱਦੇ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਨਸ਼ਾ ਤਸਕਰੀ ’ਤੇ ਕੰਮ ਕਰਕੇ ਦੋਸ਼ੀਆਂ ਨੂੰ ਸਲਾਖ ਪਿੱਛੇ ਕਰਨ ਤਾਂ ਕਿ ਪੰਜਾਬ ਵਾਸੀਆਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਪੱਟੀ ਹੋ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਕੇ ਉਸ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀਆ ਗੱਲਾਂ ਕਰ ਰਹੇ ਹਨ ਜਿਸ ਨੇ ਅੱਧਾ ਪੰਜਾਬ ਬੀਐੱਸਐੱਫ ਹਵਾਲੇ ਕਰ ਦਿੱਤਾ ਹੈ ਜਿਸ ਕਰਕੇ ਪੰਜਾਬ ਦੇ ਲੋਕ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਨਹੀਂ ਦੇਣਗੇ। ਬੈਂਸ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਲੋਕ ਇਨਸਾਫ ਪਾਰਟੀ ਵਿਧਾਨ ਸਭਾ ਚੋਣਾ ਲੜਨ ਦੇ ਸਮਰੱਥ ਹੈ ਤੇ ਪਾਰਟੀ ਇਕੱਲੀ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਉਮੀਦਵਾਰ ਉਤਾਰ ਕੇ ਚੋਣਾਂ ਲੜੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰੋ. ਧਰਮਜੀਤ ਜਲਵੇੜ੍ਹਾ, ਵਾਈਸ ਪ੍ਰਧਾਨ ਅਵਤਾਰ ਸਿੰਘ ਛਿੱਬਰ, ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਵਰਿੰਦਰਪਾਲ ਸਾਬੀ, ਹਲਕਾ ਅਮਲੋਹ ਦੇ ਇੰਚਾਰਜ ਡਾ. ਅਮਿਤ ਸੰਦਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੋਸਲਾਂ, ਮਲਕੀਤ ਸਿੰਘ ਅੰਬੇਮਾਜਰਾ, ਜਗਦੇਵ ਸਿੰਘ ਜੱਲ੍ਹਾ, ਬਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਖ਼ਾਲਸਾ ਤੇ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *