ਮਿਆਂਮਾਰ ਚੋਣ ਕਮਿਸ਼ਨ ਆਂਗ ਸਾਂਗ ਤੇ ਚਲਾਇਆ ਮੁਕੱਦਮਾ, ਲਗਾਏ ਧੋਖਾਧੜੀ ਦੇ ਦੋਸ਼

ਬੈਂਕਾਕ (ਏਪੀ): ਮਿਆਂਮਾਰ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਦੇਸ਼ ਦੀ ਬੇਦਖਲ ਨੇਤਾ ਆਂਗ ਸਾਂਗ ਸੂ ਕੀ ਅਤੇ 15 ਹੋਰ ਸੀਨੀਅਰ ਨੇਤਾਵਾਂ ‘ਤੇ ਮੁਕੱਦਮਾ ਚਲਾਏਗਾ। ਇਹ ਮੁਕੱਦਮਾ ਪਿਛਲੀ ਨਵੰਬਰ ਦੀਆਂ ਆਮ ਚੋਣਾਂ ‘ਚ ਧੋਖਾਧੜੀ ਦੇ ਦੋਸ਼ਾਂ ਤਹਿਤ ਚਲਾਇਆ ਜਾਵੇਗਾ। ਇਹ ਘੋਸ਼ਣਾ ਮੰਗਲਵਾਰ ਨੂੰ ਸਰਕਾਰੀ  ‘ਗਲੋਬਲ ਨਿਊ ਲਾਈਟ ਆਫਮਿਆਂਮਾਰ’ ਅਖ਼ਬਾਰ ਅਤੇ ਹੋਰ ਰਾਜ ਮੀਡੀਆ ਵਿੱਚ ਪ੍ਰਕਾਸ਼ਿਤ ਕੀਤੀ ਗਈ। 

ਫ਼ੌਜ ਨੇ ਇਸ ਸਾਲ 1 ਫਰਵਰੀ ਨੂੰ ਆਂਗ ਸਾਂਗ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ, ਅਜਿਹਾ ਕਰਨ ਦਾ ਮੁੱਖ ਕਾਰਨ ਵਿਆਪਕ ਚੋਣਾਂ ਵਿਚ ਧੋਖਾਧੜੀ ਦੱਸਿਆ ਸੀ। ਚੋਣਾਂ ਵਿਚ ਆਂਗ ਸਾਂਗ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਹ ਹੁਣੇ ਹੀ ਦੂਜੇ ਪੰਜ ਸਾਲਾਂ ਦੇ ਦੂਜੇ ਕਾਰਜਕਾਲ ਲਈ ਕੰਮ ਕਰਨਾ ਸ਼ੁਰੂ ਕਰਨ ਵਾਲੀ ਸੀ। ਫ਼ੌਜ ਦੇ ਸਮਰਥਨ ਵਾਲੀ ਯੂਨੀਅਨ ਸੋਲੀਡੈਰਿਟੀ ਐਂਡ ਡਿਵੈਲਪਮੈਂਟ ਪਾਰਟੀ ਨੂੰ ਅਚਾਨਕ ਭਾਰੀ ਨੁਕਸਾਨ ਹੋਇਆ ਸੀ। ਏਸ਼ੀਅਨ ਨੈੱਟਵਰਕ ਫਾਰ ਫਰੀ ਇਲੈਕਸ਼ਨਜ਼ ਜਿਹੇ ਆਜ਼ਾਦ ਨਿਰੀਖਕਾਂ ਨੂੰ ਚੋਣਾਂ ਵਿੱਚ ਬੇਨਿਯਮੀਆਂ ਦਾ ਕੋਈ ਸਬੂਤ ਨਹੀਂ ਮਿਲਿਆ। ਹਾਲਾਂਕਿ, ਉਹਨਾਂ ਨੇ ਕੁਝ ਪਹਿਲੂਆਂ ਦੀ ਆਲੋਚਨਾ ਕੀਤੀ ਸੀ। 

ਫੈਡਰਲ ਚੋਣ ਕਮਿਸ਼ਨ ਦੀਆਂ ਕਾਰਵਾਈਆਂ ਕਾਰਨ ਆਂਗ ਸਾਂਗ ਦੀ ਪਾਰਟੀ ਨੂੰ ਭੰਗ ਕੀਤਾ ਜਾ ਰਿਹਾ ਹੈ ਅਤੇ ਉਹ ਨਵੀਆਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇਗੀ ਜਿਸਦਾ ਫ਼ੌਜ ਨੇ ਵਾਅਦਾ ਕੀਤਾ ਹੈ। ਫ਼ੌਜ ਵੱਲੋਂ ਕੀਤੇ ਵਾਅਦੇ ਮੁਤਾਬਕ ਸੱਤਾ ਵਿੱਚ ਆਉਣ ਦੇ ਦੋ ਸਾਲਾਂ ਦੇ ਅੰਦਰ ਚੋਣਾਂ ਕਰਵਾਈਆਂ ਜਾਣਗੀਆਂ। ਹਾਲਾਂਕਿ ਕਮਿਸ਼ਨ ਨੇ ਸੋਮਵਾਰ ਦੇ ਨੋਟਿਸ ‘ਚ ਇਹ ਨਹੀਂ ਦੱਸਿਆ ਕਿ ਦੋਸ਼ੀ ‘ਤੇ ਕਿਸ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਮਈ ਵਿੱਚ, ਫ਼ੌਜ ਦੁਆਰਾ ਨਿਯੁਕਤ ਕਮਿਸ਼ਨ ਦੇ ਨਵੇਂ ਮੁਖੀ ਨੇ ਕਿਹਾ ਕਿ ਉਹਨਾਂ ਦੀ ਏਜੰਸੀ ਆਂਗ ਸਾਂਗ ਦੀ ਪਾਰਟੀ ਨੂੰ ਭੰਗ ਕਰਨ ਬਾਰੇ ਵਿਚਾਰ ਕਰੇਗੀ। 

ਕਮਿਸ਼ਨ ਦੇ ਮੁਖੀ ਥੀਨ ਸੋਏ ਨੇ ਕਿਹਾ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਪਾਰਟੀ ਨੇ ਚੋਣਾਂ ‘ਚ ਫਾਇਦਾ ਲੈਣ ਲਈ ਸਰਕਾਰ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕੀਤਾ ਸੀ। ਇੱਥੇ ਦੱਸ ਦਈਏ ਕਿ ਸੱਤਾ ‘ਚ ਆਉਣ ਤੋਂ ਬਾਅਦ ਫ਼ੌਜ ਨੇ ਪਿਛਲੇ ਸਾਲ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਪ੍ਰਮਾਣਿਤ ਕਰਨ ਵਾਲੇ ਚੋਣ ਕਮਿਸ਼ਨ ਦੇ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਨਵੇਂ ਮੈਂਬਰ ਨਿਯੁਕਤ ਕੀਤੇ ਸਨ। ਨਵੇਂ ਕਮਿਸ਼ਨ ਨੇ ਪਿਛਲੇ ਸਾਲ ਦੇ ਚੋਣ ਨਤੀਜਿਆਂ ਨੂੰ ਅਯੋਗ ਕਰਾਰ ਦਿੱਤਾ ਹੈ।

Leave a Reply

Your email address will not be published. Required fields are marked *