ਦੱਖਣੀ ਆਸਟਰੇਲੀਆ ਦੇ ਇਤਿਹਾਸ ਚ ਪਹਿਲੀ ਵਾਰ ਸੰਸਦ ਵਿਚ ਮਨਾਇਆ ਗਿਆ ਪ੍ਰਕਾਸ਼ ਪੁਰਬ

ਐਡੀਲੇਡ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਆਸਟਰੇਲੀਆ ‘ਚ ਵੀ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੱਖਣੀ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇੱਥੇ ਬਹੁਗਿਣਤੀ ‘ਚ ਸਿੱਖਾਂ ਸਮੇਤ ਭਾਰਤੀਆਂ ਨੇ ਗੁਰਪੁਰਬ ਮਨਾਉਣ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਹਨ। ਦੱਖਣੀ ਆਸਟਰੇਲੀਆ ਦੇ ਇਤਿਹਾਸ ਵਿਚ ਪਹਿਲੀ ਵਾਰ (ਖੇਤਰ ਦੇ ਹਿਸਾਬ ਨਾਲ ਆਸਟਰੇਲੀਆ ਦੇ ਸੂਬਿਆਂ ਤੇ ਖੇਤਰਾਂ ‘ਚ ਚੌਥਾਂ ਸਭ ਤੋਂ ਵੱਡਾ ਤੇ ਜਨਸੰਖਿਆ ਦੇ ਹਿਸਾਬ ਨਾਲ ਪੰਜਵਾਂ ਸਭ ਤੋਂ ਵੱਡਾ ਸੂਬਾ) ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਸੰਸਦ ਭਵਨ ਦੇ ਅੰਦਰ ਹੋਇਆ। ਇਹ ਸਾਰਿਆਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੱਖਣੀ ਆਸਟਰੇਲੀਆਈ ਸੰਸਦ ਭਵਨ ‘ਚ ਸਜਾਇਆ ਗਿਆ ਹੈ।
ਵਿਧਾਨ ਪ੍ਰੀਸ਼ਦ ਤੇ ਆਸਟਰੇਲੀਆਈ ਲੇਬਰ ਪਾਰਟੀ ਦੇ ਮੈਂਬਰ ਰਸੇਲ ਵੋਰਟਲੀ ਨੇ ਇਸਦਾ ਆਯੋਜਨ ਕੀਤਾ ਹੈ। ਰਸੇਲ ਵੋਰਟਲੀ ਨੇ ਕਿਹਾ ਕਿ ਮੈਂ ਕਈ ਤਿਉਹਾਰਾਂ, ਪ੍ਰੋਗਰਾਮਾਂ, ਗੁਰਦੁਆਰਿਆਂ ਤੇ ਵਿਆਹਾਂ ਵਿਚ ਹਿੱਸਾ ਲਿਆ ਹੈ, ਮੈਨੂੰ ਲੱਗਦਾ ਹੈ ਕਿ ਮੇਰਾ ਸਿੱਖਾਂ ਦੇ ਨਾਲ ਡੂੰਘਾ ਸਬੰਧ ਹੈ। ਇਹ ਬਹਾਦਰ ਯੋਧੇ ਹਨ। ਵੋਰਟਲੀ ਨੇ ਉਸ ਸਭਾ ਨੂੰ ਸੋਬੋਧਨ ਕੀਤਾ, ਜਿਸ ਵਿਚ ਭਾਰਤੀ ਭਾਈਚਾਰੇ ਦੇ ਪਤਵੰਤ ਲੋਕਾਂ ਦੇ ਨਾਲ-ਨਾਲ ਦੱਖਣੀ ਆਸਟਰੇਲੀਆਈ ਸਿਆਸਤਦਾਨ ਵੀ ਸਨ। ਵੋਰਟਲੀ ਆਪਣੀ ਪਤਨੀ ਤੇ ਸੰਸਦ ਮੈਂਬਰ ਡਾਨਾ ਵੋਰਟਲੀ ਦੇ ਨਾਲ ਇਸ ਪ੍ਰੋਗਰਾਮ ਵਿਚ ਪਹੁੰਚੇ ਸਨ।