ਰਾਸ਼ਨ ਲੈਣ ਲਈ ਕੈਪਟਨ ਦੀ ਰਿਹਾਇਸ਼ ਨੇੜੇ ਮੁਜ਼ਾਹਰਾ

ਪਟਿਆਲਾ : ਇੱਥੇ ਇਕ ਸਮਾਜ ਸੇਵੀ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਸਥਾਵਾਂ ’ਤੇ ਰਾਸ਼ਨ ਵੰਡਣ ਦੀ ਰੋਕ ਲਾ ਦਿੱਤੀ ਸੀ। ਇਸ ਮਗਰੋਂ ਰੈੱੱਡ ਕਰਾਸ ਵੱਲੋਂ ਭਾਵੇਂ ਲੰਗਰ ਵੰਡਿਆ ਜਾ ਰਿਹਾ ਹੈ ਪਰ ਲੋੜਵੰਦਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸਾਰਿਆਂ ਤਕ ਲੰਗਰ ਤੇ ਰਾਸ਼ਨ ਨਾ ਪੁੱਜਣ ਕਰਕੇ ਸ਼ਹਿਰ ’ਚ ਤਕਰੀਬਨ ਰੋਜ਼ਾਨਾ ਲੋੜਵੰਦਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਰਾਸ਼ਨ ਦੀ ਤੋਟ ਕਾਰਨ ਅੱਜ ਤ੍ਰਿਪੜੀ ਖੇਤਰ ਦੇ ਕੁਝ ਲੋੜਵੰਦ ਮੁੱਖ ਮੰਤਰੀ ਦੀ ਇੱਥੇ ਸਥਿਤ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਕੋਲ ਪੁੱਜੇ ਤੇ ਰਾਸ਼ਨ ਦੀ ਕਾਣੀ ਵੰਡ ਦੇ ਦੋਸ਼ ਲਾਏ।
ਅੱਜ ਤੜਕੇ ਵੱਖ ਵੱਖ ਪਰਿਵਾਰਾਂ ਦੇ ਸੌ ਦੇ ਕਰੀਬ ਮੈਂਬਰ ਇੱਥੇ ਅਮਰ ਆਸ਼ਰਮ ਨੇੜੇ ਇਕੱਤਰ ਹੋਏ। ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਉਨ੍ਹਾਂ ਨੂੰ ਰਾਸ਼ਨ ਵੰਡਿਆ ਜਾਵੇਗਾ। ਕੁਝ ਘੰਟਿਆਂ ਦੇ ਇੰਤਜ਼ਾਰ ਮਗਰੋਂ ਅੱਧੇ ਤਾਂ ਚਲੇ ਗਏ ਪਰ ਪੰਜਾਹ ਦੇ ਕਰੀਬ ਮਹਿਲਾਵਾਂ ਤੇ ਹੋਰ ਮੈਂਬਰਾਂ ਨੇ ਮਹਿਲ ਵੱਲ ਚਾਲੇ ਪਾ ਦਿੱਤੇ। ਜਦੋਂ ਉਹ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸਥਿਤ ਵਾਈਪੀਐੱਸ ਚੌਕ ਵਿਚ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਕੁਝ ਮਹਿਲਾਵਾਂ ਇਸ ਤੋਂ ਅੱਗੇ ਚਲੀਆਂ ਗਈਆਂ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਰਾਸ਼ਨ ਦੀ ਕਾਣੀ ਵੰਡ ਸਬੰਧੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਜਾਣੂ ਕਰਵਾਉਣਾ ਚਾਹੁੰਦੇ ਹਨ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਇਲਾਕੇ ਦੇ ਪਤਵੰਤਿਆਂ ਨਾਲ਼ ਗੱਲ ਕਰਵਾਉੁਂਦਿਆਂ ਲੋੜਵੰਦਾਂ ਨੂੰ ਰਾਸ਼ਨ ਯਕੀਨੀ ਬਣਾਉਣ ਦਾ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ।