ਅੱਖਾਂ ‘ਚ ਘੱਟਾ ਪਾਉਣ ਵਾਲੀ ਹੈ ਸੁਮੇਧ ਸੈਣੀ ਖ਼ਿਲਾਫ਼ ਕੈਪਟਨ ਸਰਕਾਰ ਦੀ ਕਾਰਵਾਈ-ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਹੁਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਇੱਕ ਸਾਬਕਾ ਆਈਏਐਸ ਅਫ਼ਸਰ ਦੇ ਪੁੱਤਰ ਨੂੰ ਕਤਲ ਕਰਨ ਦੇ ਕਥਿਤ ਦੋਸ਼ ‘ਚ 29 ਸਾਲਾਂ ਬਾਅਦ ਦਰਜ਼ ਹੋਏ ਸੰਵੇਦਨਸ਼ੀਲ ਮਾਮਲੇ ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਸਵਾਲ ਉਠਾਏ ਕਿ ਆਮ ਲੋਕਾਂ ਨੂੰ ਐਫ.ਆਈ.ਆਰ ਦਰਜ਼ ਹੋਣ ਸਾਰ ਚੁੱਕ ਲਿਆ ਜਾਂਦਾ ਹੈ। ਇਨ੍ਹਾਂ ਹੀ ਨਹੀਂ ਬਹੁਤ ਕੇਸਾਂ ‘ਚ ਆਮ ਬੰਦਾ ਪਹਿਲਾਂ ਥਾਣੇ ਬੰਦ ਕਰਕੇ ਫਿਰ ਮੁਕੱਦਮਾ ਦਰਜ਼ ਕਰਨ ਦੀ ਕਾਰਵਾਈ ਹੁੰਦੀ ਹੈ, ਪਰੰਤੂ ਸੁਮੇਧ ਸਿੰਘ ਸੈਣੀ ਵਰਗੇ ਚਰਚਿਤ ਅਤੇ ਪ੍ਰਭਾਵਸ਼ਾਲੀ ਸ਼ਖ਼ਸ ਨੂੰ ਮੁਕੱਦਮਾ ਦਰਜ਼ ਕਰਨ ਉਪਰੰਤ ਤੁਰੰਤ ਗਿਰਫਤਾਰ ਕਰਨ ਦੀ ਥਾਂ ਜਾਣ ਬੁੱਝ ਕੇ ਐਨਾ ਸਮਾਂ ਕਿਉਂ ਦਿੱਤਾ ਗਿਆ ਕਿ ਉਹ ਅਗਾਊਂ ਜ਼ਮਾਨਤ ਲੈ ਕੇ ਗਿਰਫਤਾਰੀ ਤੋਂ ਬਚ ਸਕੇ?
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਅਸੀਂ ਕਾਨੂੰਨ ਅਤੇ ਅਦਾਲਤਾਂ ‘ਚ ਅਟੁੱਟ ਵਿਸ਼ਵਾਸ ਰੱਖਦੇ ਹਾਂ। ਅਦਾਲਤਾਂ ਦੇ ਫ਼ੈਸਲਿਆਂ ਦਾ ਸਨਮਾਨ ਕਰਦੇ ਹਾਂ, ਪਰੰਤੂ ਆਮ ਆਦਮੀ ਹੋਣ ਦੇ ਨਾਤੇ ਮਨ ‘ਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਪੁਲਸ, ਕਾਨੂੰਨ ਅਤੇ ਅਦਾਲਤ ਸਾਧਾਰਨ ਲੋਕਾਂ ਪ੍ਰਤੀ ਇਸ ਪੱਧਰ ਦੀ ਸੰਵੇਦਨਾ ਰੱਖਣ ‘ਚ ਕਿਉਂ ਉੱਕ ਜਾਂਦੀਆਂ ਹਨ?”
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੁਮੇਧ ਸਿੰਘ ਸੈਣੀ ਦਾ ਵਿਵਾਦਾਂ ਭਰਿਆ ਅਤੇ ਦਾਗ਼ੀ ਪਿਛੋਕੜ ਹੋਣ ਦੇ ਬਾਵਜੂਦ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਿਆਂ ‘ਚ ਘਿਰ ਜਾਣ ਦੇ ਬਾਵਜੂਦ ਗਿਰਫਤਾਰੀਆਂ ਤੋਂ ਕਿਵੇਂ ਬਚ ਜਾਂਦਾ ਹੈ? ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਗੰਭੀਰਤਾ ਨਾਲ ਨਿਰਪੱਖ ਕਾਰਵਾਈ ਕਰਦੀਆਂ ਤਾਂ ਸੁਮੇਧ ਸਿੰਘ ਸੈਣੀ ਵੱਲੋਂ ਕੀਤੇ ਗਏ ਗੁਨਾਹਾਂ ਦੇ ਬਦਲੇ ਹੁਣ ਤੱਕ ਸੁਮੇਧ ਸਿੰਘ ਸੈਣੀ ਨੂੰ ਫਾਂਸੀ ਹੋ ਚੁੱਕੀ ਹੁੰਦੀ, ਪਰੰਤੂ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਨੇ ਸੁਮੇਧ ਸਿੰਘ ਸੈਣੀ ਨੂੰ ਹਰ ਕਦਮ ‘ਤੇ ਬਚਾਇਆ ਹੈ।
ਸੰਧਵਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ‘ਚ ਸੁਮੇਧ ਸਿੰਘ ਸੈਣੀ ਦੀ ਤਤਕਾਲੀ ਡੀਜੀਪੀ ਵਜੋਂ ਨਿਭਾਈ ਗਈ ਭੂਮਿਕਾ ਕਿਸੇ ‘ਖਲਨਾਇਕ’ ਤੋਂ ਘੱਟ ਨਹੀਂ, ਪਰੰਤੂ ਬਾਦਲਾਂ ਦੀਆਂ ਅੱਖਾਂ ਦੇ ਤਾਰੇ ਸੁਮੇਧ ਸਿੰਘ ਸੈਣੀ ਉੱਤੇ ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਜਿੰਨੇ ਹੀ ਮਿਹਰਬਾਨ ਹਨ। ਇਸ ਲਈ ਅਸੀਂ ਸੁਮੇਧ ਸਿੰਘ ਸੈਣੀ ਖ਼ਿਲਾਫ਼ ਪੰਜਾਬ ਪੁਲਸ ਅਤੇ ਐਡਵੋਕੇਟ ਜਨਰਲ ਦਫ਼ਤਰ ਵੱਲੋਂ ਹੋ ਰਹੀ ਕਾਰਵਾਈ ਅਤੇ ਪੈਰਵੀ ਸਿਰਫ਼ ਡਰਾਮਾ ਅਤੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਤੋਂ ਵੱਧ ਕੁੱਝ ਵੀ ਨਹੀਂ ਹੈ।
ਸੰਧਵਾਂ ਨੇ ਸਵਾਲ ਉਠਾਇਆ ਕਿ 1994 ਵਿਚ ਲੁਧਿਆਣਾ ਦੀ ਸੈਣੀ ਮੋਟਰਜ਼ ਨਾਲ ਸੰਬੰਧਿਤ ਵਿਨੋਦ ਕੁਮਾਰ, ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਦੇ ਕਤਲ ਕੇਸ ‘ਚ ਜੇਕਰ ਕੋਈ ਆਮ ਬੰਦਾ ਫਸਿਆ ਹੁੰਦਾ ਤਾਂ ਹੁਣ ਤੱਕ ਜੇਲ੍ਹਾਂ ‘ਚ ਸੜ ਚੁੱਕਾ ਹੁੰਦਾ, ਪਰੰਤੂ ਸੁਮੇਧ ਸਿੰਘ ਸੈਣੀ ਦਾ ਅਜੇ ਤੱਕ ਵਾਲ ਵੀ ਬਾਂਕਾ ਨਹੀਂ ਹੋਇਆ।
ਸੰਧਵਾਂ ਨੇ ਕਿਹਾ ਕਿ 2022 ‘ਚ ਜੇਕਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ ਤਾਂ ਆਮ ਆਦਮੀ ਦੀ ਸਰਕਾਰ ਅਜਿਹੇ ਕਿਸੇ ਵੀ ‘ਦਰਿੰਦਾ ਪ੍ਰਵਿਰਤੀ’ ਵਾਲੇ ਸ਼ਖ਼ਸ ਨੂੰ ਬਖ਼ਸ਼ੇਗੀ ਨਹੀਂ, ਚਾਹੇ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ?

Leave a Reply

Your email address will not be published. Required fields are marked *