ਕ੍ਰਿਪਟੋ ਬਾਜ਼ਾਰ ‘ਚ ਹਾਹਾਕਾਰ, ਰਾਤੋਂ ਰਾਤ ‘ਕੰਗਾਲ’ ਹੋਏ ਨਿਵੇਸ਼ਕ

ਮੁੰਬਈ – ਦੇਸ਼ ਵਿੱਚ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਰਾਤੋ-ਰਾਤ ‘ਕੰਗਾਲ’ ਹੋ ਗਏ ਹਨ। ਭਾਰਤ ਵਿੱਚ ਕ੍ਰਿਪਟੋ ਵਪਾਰ ਦਾ ਸੰਚਾਲਨ ਕਰਨ ਵਾਲੇ ਵਜ਼ੀਰਐਕਸ ‘ਤੇ ਬਿਟਕੁਆਇਨ ਦੀ ਕੀਮਤ 23% ਤੱਕ ਡਿੱਗ ਗਈ ਹੈ ਅਤੇ ਹੋਰ ਕ੍ਰਿਪਟੋਕਰੰਸੀਆਂ ਵਿੱਚ ਵੀ 35% ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦਰਅਸਲ, 29 ਨਵੰਬਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਕੇਂਦਰ ਸਰਕਾਰ ਕ੍ਰਿਪਟੋਕਰੰਸੀ ਨੂੰ ਨਿਯਮਤ ਕਰਨ ਲਈ ਇੱਕ ਕਾਨੂੰਨ ਲਿਆਉਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਕ੍ਰਿਪਟੋਕਰੰਸੀ ‘ਤੇ ਕਈ ਪਾਬੰਦੀਆਂ ਲਗਾ ਸਕਦਾ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਸਰਕਾਰ ਵੱਲੋਂ ਕ੍ਰਿਪਟੋਕਰੰਸੀ ਨਾਲ ਸਬੰਧਤ ਬਿੱਲ ਪੇਸ਼ ਕਰਨ ਦੀ ਖ਼ਬਰ ਤੋਂ ਬਾਅਦ ਕ੍ਰਿਪਟੋਕਰੰਸੀ ‘ਚ ਵੱਖ-ਵੱਖ ਤਰੀਕਿਆਂ ਨਾਲ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਿਟਕੁਆਇਨ 46 ਲੱਖ ਰੁਪਏ ਤੋਂ ਘਟ ਕੇ 33 ਲੱਖ ਰੁਪਏ ਰਹਿ ਗਿਆ ਸੀ ਅਤੇ ਹੁਣ ਸਾਢੇ 35 ਲੱਖ ਰੁਪਏ ਦਾ ਕਾਰੋਬਾਰ ਕਰ ਰਿਹਾ ਹੈ।

PunjabKesari

ਇਸ ਵੱਡੀ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕ ਸਭਾ ਦੇ ਮੰਗਲਵਾਰ ਦੇ ਬੁਲੇਟਿਨ ਦੇ ਅਨੁਸਾਰ, ਕ੍ਰਿਪਟੋਕਰੰਸੀ ਅਤੇ ਅਧਿਕਾਰਤ ਡਿਜੀਟਲ ਕਰੰਸੀ ਰੈਗੂਲੇਸ਼ਨ ਬਿੱਲ 2021 ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਹੇਠਲੇ ਸਦਨ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਦੀ ਸੂਚੀ ਵਿੱਚ ਸੂਚੀਬੱਧ ਹੈ। ਇਹ ਬਿੱਲ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਅਧਿਕਾਰਤ ਡਿਜੀਟਲ ਮੁਦਰਾ ਦੀ ਸਿਰਜਣਾ ਲਈ ਇੱਕ ਸਹਾਇਕ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਪ੍ਰਸਤਾਵਿਤ ਬਿੱਲ ਵਿਚ ਭਾਰਤ ਵਿੱਚ ਸਾਰੀਆਂ ਕਿਸਮਾਂ ਦੀਆਂ ਨਿੱਜੀ ਕ੍ਰਿਪਟੋਕਰੰਸੀਆਂ ‘ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। ਹਾਲਾਂਕਿ, ਇਸ ਵਿੱਚ ਕੁਝ ਅਪਵਾਦ ਹਨ,  ਤਾਂ ਜੋ ਕ੍ਰਿਪਟੋਕਰੰਸੀ ਨਾਲ ਸਬੰਧਤ ਤਕਨਾਲੋਜੀ ਅਤੇ ਇਸਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਕ੍ਰਿਪਟੋਕਰੰਸੀ ਦੀ ਵਰਤੋਂ ਬਾਰੇ ਕੋਈ ਪਾਬੰਦੀ ਜਾਂ ਨਿਯਮ ਨਹੀਂ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕ੍ਰਿਪਟੋਕਰੰਸੀ ‘ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੰਕੇਤ ਦਿੱਤਾ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਸਖ਼ਤ ਨਿਯੰਤ੍ਰਕ ਉਪਾਅ ਕੀਤੇ ਜਾਣਗੇ। ਹਾਲ ਹੀ ਦੇ ਸਮੇਂ ਵਿੱਚ ਕਾਫ਼ੀ ਸੰਖਿਆ ਵਿਚ ਅਜਿਹੇ ਵਿਗਿਆਪਨ ਆ ਰਹੇ ਹਨ, ਜਿਸ ਵਿਚ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਵਿੱਚ ਮਹੱਤਵਪੂਰਨ ਰਿਟਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਫਿਲਮੀ ਸ਼ਖਸੀਅਤਾਂ ਇਸ ਕਰੰਸੀ ਨੂੰ ਉਤਸ਼ਾਹਿਤ ਕਰਦੀਆਂ ਦਿਖਾਈ ਦੇ ਰਹੀਆਂ ਹਨ।ਅਜਿਹੇ ‘ਚ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਵਾਲੇ ਵਾਅਦਿਆਂ ‘ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ।  

ਪਿਛਲੇ ਹਫਤੇ, ਵਿੱਤ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ, ਭਾਜਪਾ ਦੇ ਸੰਸਦ ਮੈਂਬਰ ਜਯੰਤ ਸਿਨਹਾ ਨੇ ਕ੍ਰਿਪਟੋ ਐਕਸਚੇਂਜ, ਬਲਾਕਚੈਨ ਅਤੇ ਕ੍ਰਿਪਟੋ ਐਸੇਟ ਕੌਂਸਲ (ਬੀਏਸੀਸੀ) ਅਤੇ ਹੋਰਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਸਿੱਟੇ ‘ਤੇ ਪਹੁੰਚੇ ਕਿ ਕ੍ਰਿਪਟੋਕਰੰਸੀ ‘ਤੇ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ, ਸਗੋਂ ਇਸ ਨੂੰ ਨਿਯੰਤ੍ਰਿਤ ਕਰਨਾ ਚਾਹੀਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵਾਰ-ਵਾਰ ਕ੍ਰਿਪਟੋਕਰੰਸੀ ਦੇ ਖਿਲਾਫ ਆਪਣੇ ਸਖ਼ਤ ਵਿਚਾਰ ਪ੍ਰਗਟ ਕੀਤੇ ਹਨ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ  ਇਸ ਮਹੀਨੇ ਦੇ ਸ਼ੁਰੂ ਵਿੱਚ ਕ੍ਰਿਪਟੋਕਰੰਸੀ ਨੂੰ ਇਜਾਜ਼ਤ ਦੇਣ ਦੇ ਖਿਲਾਫ ਸਖ਼ਤ ਵਿਚਾਰ ਪ੍ਰਗਟ ਕੀਤੇ ਸਨ ਅਤੇ ਕਿਹਾ ਸੀ ਕਿ ਇਹ ਕਿਸੇ ਵੀ ਵਿੱਤੀ ਪ੍ਰਣਾਲੀ ਲਈ ਵੱਡਾ ਖ਼ਤਰਾ ਹੈ।

Leave a Reply

Your email address will not be published. Required fields are marked *