ਸਾਡੀ ਫ਼ਸਲ ਦੀ ਵਧੀ ਉਪਜ ਜਾ ਕਿਥੇ ਰਹੀ ਹੈ?

ਅੱਜ ਤੋਂ 50-60 ਸਾਲ ਪਹਿਲਾਂ ਪੰਜਾਬ ਵਿਚ ਲਗਭਗ 25-30 ਫ਼ਸਲਾਂ ਹੁੰਦੀਆਂ ਸਨ। ਸਿੰਚਾਈ ਦਾ ਸਾਧਨ ਵੀ ਸਿਰਫ਼ ਮੀਂਹ ਹੀ ਹੁੰਦੇ ਸਨ। ਕਿਸਾਨ ਖੇਤਾਂ ਵਿਚ ਹੱਲ ਨਾਲ ਵਾਹ ਕੇ ਬੀਜਾਂ ਦੇ ਛਿੱਟੇ ਦੇ ਆਉਂਦੇ ਸਨ। ਕਿਸੇ ਸਾਲ ਜੇਕਰ ਚੰਗੇ ਮੀਂਹ ਪੈਂਦੇ ਤਾਂ ਫ਼ਸਲ ਚੰਗੀ ਹੋ ਜਾਂਦੀ ਨਹੀਂ ਤਾਂ ਸੁਣਦੇ ਹਾਂ ਕਈ-ਕਈ ਸਾਲ ਫ਼ਸਲ ਬਹੁਤ ਮਾੜੀ ਰਹਿੰਦੀ ਸੀ ਤੇ ਕਣਕ ਉਦੋਂ ਪ੍ਰਤੀ ਏਕੜ ਵਿਚੋਂ 4-5 ਪੀਪੇ ਯਾਨੀ ਕਿ ਮਣ ਜਾਂ ਦੋ ਮਣ ਹੀ ਹੁੰਦੀ ਸੀ ਤੇ ਘਰਾਂ ਵਿਚ ਜ਼ਿਆਦਾਤਰ ਜੌਆਂ ਦੇ ਆਟੇ ਦੀ ਰੋਟੀ ਪਕਾਈ ਜਾਂਦੀ ਸੀ। ਕਣਕ ਦੀ ਰੋਟੀ ਤਾਂ ਕਹਿੰਦੇ ਕਿਸੇ ਖ਼ਾਸ ਰਿਸ਼ਤੇਦਾਰ ਦੇ ਆਉਣ ਉਤੇ ਹੀ ਪਕਦੀ ਸੀ ਤੇ ਇਹੀ ਹਾਲ ਬਾਕੀ ਫ਼ਸਲਾਂ ਨਰਮਾ, ਕਪਾਹ, ਮੁੰਗੀ, ਝੋਨਾ, ਤਾਰਾਮੀਰਾ, ਸਰ੍ਹੋਂ ਆਦਿ ਦਾ ਸੀ।

ਪੀਣ ਵਾਸਤੇ ਕੋਰੇ ਤੌੜੇ ਦਾ ਪਾਣੀ ਗਰਮੀਆਂ ਵਿਚ ਕਪੜਾ ਗਿੱਲਾ ਕਰ ਕੇ ਉਪਰ ਲੈ ਲੈਣਾ। ਬਿਜਲੀ ਦੇ ਬੱਲਬ ਦੀ ਥਾਂ ਤੇਲ ਦੀਵੇ ਜਾਂ ਲਾਲਟੈਣ, ਮਨੋਰੰਜਨ ਵਾਸਤੇ ਸੱਥਾਂ ਵਿਚ ਤਾਸ਼ ਹੁੰਦੀ ਸੀ। ਜੇਕਰ ਕੋਈ ਪੜ੍ਹਨਾ ਚਾਹੁੰਦਾ ਤਾਂ ਲਗਭਗ ਸਾਰਿਆਂ ਲਈ ਉਹੀ ਸਰਕਾਰੀ ਸਕੂਲ ਹੁੰਦਾ ਸੀ। ਬੀਮਾਰੀ ਕਿਸੇ ਨੂੰ ਘੱਟ ਵੱਧ ਹੀ ਹੁੰਦੀ ਤੇ ਜੇਕਰ ਹੁੰਦੀ ਤਾਂ ਦੂਰ ਸ਼ਹਿਰ ਕੋਈ ਛੋਟਾ ਜਿਹਾ ਸਰਕਾਰੀ ਹਸਪਤਾਲ ਹੁੰਦਾ। ਪਰ ਉਥੋਂ ਤਕ ਦੀ ਨੌਬਤ ਬਹੁਤ ਘੱਟ ਹੀ ਆਉਂਦੀ ਸੀ। ਕਹਿੰਦੇ ਜਦੋਂ ਕੋਈ ਰਿਸ਼ਤੇਦਾਰ ਘਰ ਆਉਂਦਾ ਤਾਂ ਘਰ ਦੇ ਬੱਚਿਆਂ ਨੂੰ ਚਾਅ ਚੜ੍ਹ ਜਾਂਦਾ ਕਿ ਅੱਜ ਕਣਕ ਦੀਆਂ ਰੋਟੀਆਂ ਖਾਵਾਂਗੇ। ਆਲੂਆਂ ਦੀ ਸਬਜ਼ੀ ਵੀ ਕਹਿੰਦੇ ਕਿਸੇ ਆਏ ਗਏ ਤੋਂ ਹੀ ਬਣਦੀ ਸੀ। ਬਜ਼ਾਰੋਂ ਸਬਜ਼ੀ ਲਿਆ ਕੇ ਖਾਣ ਦਾ ਚਿੱਤ ਚੇਤਾ ਹੀ ਨਹੀਂ ਸੀ।

ਛੋਲੀਆ, ਗਾਜਰਾਂ, ਅੱਲਾਂ, ਮੂਲੀਆਂ, ਸ਼ਲਗਮ, ਗੰਢੇ ਆਦਿ ਸੱਭ ਅਪਣੇ ਖੇਤਾਂ ਵਿਚ ਕਿਆਰੀਆਂ ਬਣਾ ਕੇ ਬੀਜੇ ਜਾਂਦੇ ਸਨ ਤੇ ਇਨ੍ਹਾਂ ਘਰ ਦੀ ਦੇਸੀ ਬੀਜਾਂ ਦੀ ਹੀ ਸਬਜ਼ੀ ਤਿਆਰ ਹੁੰਦੀ ਸੀ। ਉਹ ਵੀ ਕਦੇ-ਕਦੇ ਦੱਸੀਂ-ਪੰਦਰੀਂ ਦਿਨੀਂ। ਬਾਕੀ ਦਿਨ ਤੌੜੀ ਦੀ ਮੁੰਗੀ ਜਾਂ ਗੰਢੇ ਜਾਂ ਚਿੱਭੜਾਂ ਦੀ ਚਟਣੀ ਹੀ ਚਲਦੀ ਸੀ। ਪਰ ਏਨੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਲੋਕ ਰੂਹ ਤੋਂ ਖ਼ੁਸ਼, ਤੰਦਰੁਸਤ ਤੇ ਕੰਮ ਕਰਨ ਵਿਚ ਤਕੜੇ ਸਨ।

ਇਸ ਦੇ ਉਲਟ ਅਜਕਲ ਹਰੀਕ੍ਰਾਂਤੀ ਦੀ ਬਦੌਲਤ ਕਣਕ 60 ਮਣ ਪ੍ਰਤੀ ਏਕੜ ਤਕ ਪਹੁੰਚ ਗਈ ਹੈ। ਨਰਮਾ 30 ਏਕੜ ਪ੍ਰਤੀ ਮਣ ਤਕ ਪਹੁੰਚ ਗਿਆ ਹੈ। ਝੋਨਾ ਵੀ 100 ਮਨ ਪ੍ਰਤੀ ਏਕੜ ਤਕ ਚੰਗੀ ਜ਼ਮੀਨ ਵਿਚੋਂ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਹੋਰ ਸੱਭ ਫ਼ਸਲਾਂ ਨੂੰ ਵੇਖੀਏ ਤਾਂ ਪਿਛਲੇ 50-60 ਸਾਲਾਂ ਦੇ ਮੁਕਾਬਲੇ ਕਈ ਗੁਣਾਂ ਵੱਧ ਗਈ ਹੈ। ਅੱਜ ਪੰਜਾਬ ਵਿਚ ਹਰ ਰੋਜ਼ ਕਿਸੇ ਬੇਵਸ ਗ਼ਰੀਬ ਨੂੰ ਛੱਡ ਕੇ ਹਰ ਘਰ ਕਣਕ ਦੀ ਰੋਟੀ ਪਕਦੀ ਹੈ। ਹਰ ਰੋਜ਼ ਬਜ਼ਾਰੋਂ ਨਵੀਂ ਸਬਜ਼ੀ ਲਿਆ ਕੇ ਬਣਾਈ ਜਾਂਦੀ ਹੈ। ਦਾਲਾਂ ਜਾਂ ਚਟਣੀ ਹੁਣ ਦਸੀਂ-ਪੰਦਰੀਂ ਦਿਨੀਂ ਭਾਵੇਂ ਬਣ ਜਾਵੇ।

ਜ਼ਿੰਦਗੀ ਦੀ ਹਰ ਸੁੱਖ ਸਹੂਲਤ ਅੱਜ ਘਰ ਮੌਜੂਦ ਹੈ। ਕਾਰਾਂ, ਕੋਠੀਆਂ, ਹੀਟਰ, ਏ.ਸੀ, ਟੈਲੀਵਿਜ਼ਨ, ਫ਼ਰਿੱਜ, ਮੋਬਾਈਲ, ਕੰਪਿਊਟਰ ਆਦਿ ਪਰ ਫਿਰ ਵੀ ਹਰ ਕਿਸੇ ਦੀ ਰੂਹ ਉਤੇ ਭਾਰ ਹੈ, ਕੋਈ ਅੰਦਰੋਂ ਖ਼ੁਸ਼ ਨਹੀਂ। ਠਹਾਕਾ ਮਾਰ ਕੇ ਹਸਣਾ ਤਾਂ ਪੰਜਾਬੀ ਭੁੱਲ ਹੀ ਗਏ ਹਨ। ਹਾਸੇ ਦੀ ਥਾਂ ਹੁਣ ਹਲਕੀ ਜਹੀ ਮੁਸਕੁਰਾਹਟ ਨੇ ਲੈ ਲਈ ਹੈ। ਹੱਸਣ ਵਾਸਤੇ ਵੀ ਹੁਣ ਬਾਬੇ ਰਾਮਦੇਵ ਦੇ ਕੈਂਪ ਵਿਚ ਜਾਣਾ ਪੈਂਦਾ ਹੈ। ਫ਼ਸਲਾਂ ਲੱਖਾਂ ਰੁਪਏ ਦੀਆਂ ਹੋਣ ਲਗੀਆਂ। ਪਰ ਏਨਾ ਕੁੱਝ ਹੋਣ ਹੋਣ ਦੇ ਬਾਵਜੂਦ ਡਿਪਰੈਸ਼ਨ, ਬਲੱਡ ਪ੍ਰੈਸ਼ਰ, ਸ਼ੂਗਰ, ਯੂਰਿਕ ਐਸਿਡ ਆਦਿ ਬੀਮਾਰੀਆਂ ਹਰ ਘਰ ਦੀ ਹੋਣੀ ਬਣ ਗਈਆਂ ਹਨ। ਖੁਲ੍ਹ ਕੇ ਬੇਫਿਕਰੀ ਨਾਲ ਹਸਣਾ ਜਾ ਰਹਿਣਾ ਸਿਰਫ਼ ਕਿਤਾਬਾਂ ਵਿਚ ਹੀ ਪੜ੍ਹਦੇ ਹਾਂ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਸੀ ਫ਼ਸਲਾਂ ਲੱਖਾਂ ਰੁਪਏ ਦੀਆਂ ਕੱਢਣ ਲੱਗੇ, ਹਰ ਰੋਜ਼ ਕਣਕ ਦੀ ਰੋਟੀ, ਸਬਜ਼ੀ ਤੇ ਹੋਰ ਵੰਨ ਸੁਵੰਨੇ ਖਾਣੇ ਖਾਣ ਲੱਗੇ ਪਰ ਫਿਰ ਵੀ ਫ਼ਿਕਰ, ਕਰਜ਼ਾ, ਖ਼ੁਦਕੁਸ਼ੀਆਂ ਤੇ ਬੀਮਾਰੀਆਂ ਘਰ-ਘਰ ਹਨ। ਜਿਸ ਰਫ਼ਤਾਰ ਨਾਲ ਪੈਸਾ ਆ ਰਿਹਾ ਹੈ, ਉਸ ਤੋਂ ਦੁਗਣੀ ਰਫ਼ਤਾਰ ਨਾਲ ਜਾ ਰਿਹਾ ਹੈ। ਜਿਵੇਂ ਕਿ ਹੁਣ ਆਮ ਪਿੰਡਾਂ ਵਿਚ ਸਾਧਾਂ ਕੋਲ ਜਾ ਕੇ ਬੀਬੀਆਂ ਦਾ ਇਕ ਹੀ ਸਵਾਲ ਹੁੰਦਾ ਹੈ ਕਿ ‘ਬਾਬਾ ਜੀ ਪੈਸਾ ਆਉਂਦਾ ਬਹੁਤ ਹੈ ਪਰ ਟਿਕਦਾ ਨਹੀਂ।’ ਬਸ ਸਾਰੀ ਗੱਲ ਇਥੇ ਆ ਕੇ ਖ਼ਤਮ ਹੋ ਜਾਂਦੀ ਹੈ ਕਿ ਜੋ ਪੈਸਾ ਆ ਰਿਹਾ ਹੈ ਉਹ ਜਾਂਦਾ ਕਿਥੇ ਹੈ?

ਜੋ ਕੁੱਝ ਮੈਂ ਮਹਿਸੂਸ ਕੀਤਾ ਹੈ ਕਿ ਫ਼ਸਲਾਂ ਦੀ ਉਪਜ ਵਧਣ ਦੀ ਰਫ਼ਤਾਰ ਤੋਂ ਕਈ ਗੁਣਾਂ ਜ਼ਿਆਦਾ ਰਫ਼ਤਾਰ ਨਾਲ ਅਸੀ ਅਪਣੇ ਖ਼ਰਚੇ ਵਧਾ ਲਏ ਹਨ। ਕੁੱਝ ਖ਼ਰਚੇ ਅਸੀ ਖ਼ੁਦ ਵਧਾਏ ਤੇ ਕੁੱਝ ਕੁ ਸਰਕਾਰਾਂ ਦੀ ਨਾਲਾਇਕੀ ਕਾਰਨ ਅਸੀ ਵਧਾਉਣ ਲਈ ਮਜਬੂਰ ਹੋਏ। ਸੱਭ ਤੋਂ ਪਹਿਲਾਂ ਗੱਲ ਸਕੂਲਾਂ ਤੋਂ ਸ਼ੁਰੂ ਕਰਦੇ ਹਾਂ। ਪਹਿਲਾਂ ਲਗਭਗ ਹਰ ਬੱਚਾ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ ਜਿਥੇ ਫ਼ੀਸ ਨਾਂ ਮਾਤਰ ਹੁੰਦੀ ਸੀ ਤੇ ਪੜ੍ਹਾਈ ਵੀ ਚੰਗੀ ਹੁੰਦੀ ਸੀ। ਉਦੋਂ ਦੇ ਦਸਵੀਂ ਜਾਂ ਗਿਆਨੀ ਪੜ੍ਹੇ ਹੋਏ ਅੱਜ ਦੇ ਐਮ.ਏ. ਜਿੰਨੀ ਵਕਾਫ਼ੀਅਤ ਰਖਦੇ ਹਨ।

ਪ੍ਰੰਤੂ ਅਜਕਲ ਪੜ੍ਹਾਈ ਇਕ ਵਧੀਆ ਵਪਾਰ ਬਣ ਕੇ ਰਹਿ ਗਈ ਹੈ। ਸਕੂਲਾਂ ਦੇ ਨਾਂ ਤੇ ਧੜਾ-ਧੜ ਨਵੀਆਂ ਦੁਕਾਨਾਂ ਖੁਲ੍ਹ ਰਹੀਆਂ ਹਨ ਤੇ ਨਵੇਂ ਦੁਕਾਨਦਾਰ ਬੈਠ ਗਏ ਹਨ। ਲੱਖਾਂ ਰੁਪਏ ਖ਼ਰਚ ਕੇ ਵੀ ਮਾਪਿਆਂ ਦੀ ਸ਼ਿਕਾਇਤ ਉਹੀ ਹੁੰਦੀ ਹੈ ਕਿ ਬਚੇ ਪੜ੍ਹਾਈ ਵਿਚ ਕਮਜ਼ੋਰ ਹਨ, ਨੰਬਰ ਘੱਟ ਹਨ। ਨਵੇਂ-ਨਵੇਂ ਨਿਜੀ ਸਕੂਲ ਜਿਵੇਂ ਕਿ ਸੇਂਟ ਜੋਸਫ਼, ਮਾਊਟ ਲਿਟਰਾਂ, ਦ-ਮਿਲੇਨੀਅਮ, ਸਿਲਵਰ ਓਕਸ, ਜੈਮਜ਼ ਆਦਿ ਕਿੰਨੇ ਹੀ ਸਕੂਲ ਹਨ ਜਿਨ੍ਹਾਂ ਦਾ ਖ਼ਰਚਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਸਾਰਿਆਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਾਡੇ ਬੱਚਿਆਂ ਦਾ ਦਾਖ਼ਲਾ ਇਨ੍ਹਾਂ ਸਕੂਲਾਂ ਵਿਚ ਹੋਵੇ।

ਸਰਕਾਰੀ ਸਕੂਲਾਂ ਨੂੰ ਤਾਂ ਹੁਣ ਗ਼ਰੀਬਾਂ ਦੇ ਸਕੂਲ ਕਿਹਾ ਜਾਣ ਲੱਗਾ ਹੈ ਤੇ ਸਾਡੀ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਨਿਜੀ ਸਕੂਲਾਂ ਵਿਚ ਪੜ੍ਹਾਈ ਵਧੀਆ ਹੁੰਦੀ ਹੈ। ਹੁਣ ਬਜਾਏ ਇਸ ਦੇ ਕਿ ਅਸੀ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੇ ਮਿਆਰ ਨੂੰ ਸੁਧਾਰਨ ਵਾਸਤੇ ਕੋਈ ਅੰਦੋਲਨ ਕਰੀਏ, ਅਸੀ ਨਿਜੀ ਸਕੂਲਾਂ ਦੀ ਲੁੱਟ ਦੇ ਸ਼ਿਕਾਰ ਹੋ ਰਹੇ ਹਾਂ। ਲਗਭਗ ਸਾਰੇ ਨਿਜੀ ਸਕੂਲਾਂ ਵਿਚ ਰਾਜਨੀਤਕ ਤੇ ਧਾਰਮਕ ਲੋਕਾਂ ਦੇ ਹਿੱਸੇ ਹਨ। ਇਹ ਉਨ੍ਹਾਂ ਦੇ ਮੁਨਾਫ਼ੇ ਦੇ ਵਧੀਆ ਸਾਧਨ ਹਨ। ਇਕ ਸਾਜ਼ਸ਼ ਤਹਿਤ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਡੇਗਿਆ ਜਾ ਰਿਹਾ ਹੈ ਤਾਕਿ ਨਿਜੀ ਸਕੂਲਾਂ ਦੀਆਂ ਮੋਟੀਆਂ ਫ਼ੀਸਾਂ ਰਾਹੀਂ ਕਮਾਈ ਕੀਤੀ ਜਾ ਸਕੇ। ਸਾਡੀ ਵਧੀ ਉਪਜ ਦਾ ਇਕ ਹਿੱਸਾ ਨਿਜੀ ਸਕੂਲ ਹੜੱਪ ਰਹੇ ਹਨ।

ਵਧੀ ਫ਼ਸਲ ਦਾ ਦੂਜਾ ਮੋਟਾ ਹਿੱਸਾ ਨਿਜੀ ਹਸਪਤਾਲਾਂ ਦੀ ਭੇਂਟ ਚੜ੍ਹ ਰਿਹਾ ਹੈ। ਮਾਲਵਾ ਪੱਟੀ ਕੈਂਸਰ ਤੇ ਕਾਲੇ ਪੀਲੀਏ ਦਾ ਗੜ੍ਹ ਬਣ ਚੁੱਕੀ ਹੈ। ਇਹ ਤਾਂ ਤੁਸੀ ਜਾਣਦੇ ਹੋ ਕਿ ਇਨ੍ਹਾਂ ਨਾ-ਮੁਰਾਦ ਬੀਮਾਰੀਆਂ ਦਾ ਖ਼ਰਚਾ ਕਿੰਨਾ ਜ਼ਿਆਦਾ ਹੈ। ਬਾਕੀ ਹਰ ਘਰ ਵਿਚ ਸ਼ੂਗਰ, ਬਲੱਡ ਪ੍ਰੈਸ਼ਰ, ਯੂਰਿਕ ਐਸਿਡ, ਗੰਠੀਆ ਜਾਂ ਕਿਸੇ ਹੋਰ ਬੀਮਾਰੀ ਦੇ ਪੱਕੇ ਇਕ ਜਾਂ ਦੋ ਮਰੀਜ਼ ਹਨ। ਪੁਰਾਣੇ ਜ਼ਮਾਨੇ ਦੇ ਮੈਡੀਕਲਾਂ ਜਿੰਨੀ ਦਵਾਈ ਹੁਣ ਆਮ ਘਰਾਂ ਵਿਚ ਪਈ ਮਿਲਦੀ ਹੈ। ਕਈ-ਕਈ ਦਵਾਈਆਂ ਦੇ ਸਾਨੂੰ ਜ਼ੁਬਾਨੀ ਨਾਮ ਯਾਦ ਹੋ ਗਏ ਹਨ।

ਹਾਈਬ੍ਰਿਡ ਤੇ ਬੀ.ਟੀ ਬੀਜਾਂ ਅਤੇ ਹਰੀਕ੍ਰਾਂਤੀ ਦਾ ਪੰਜਾਬ ਨੂੰ ਇਹ ਤੋਹਫ਼ਾ ਹੈ। ਜਿਵੇਂ ਹੁਣ ਬਠਿੰਡੇ ਵਿਚ ਕੈਂਸਰ ਹਸਪਤਾਲ ਤੇ ਏਮਜ਼ ਖੋਲ੍ਹਣ ਦੀਆਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ, ਉਨ੍ਹਾਂ ਆਗੂਆਂ ਨੂੰ ਇਹ ਤਾਂ ਪੁੱਛੋ ਕਿ ਇਹ ਖ਼ਿੱਤਾ ਇਸ ਬੀਮਾਰੀ ਦੀ ਚਪੇਟ ਵਿਚ ਆਇਆ ਕਿਵੇਂ? ਪੈਰ ਨਾਲ ਧਰਤੀ ਹਿਲਾ ਦੇਣ ਵਾਲੇ ਗੱਭਰੂ ਧਰਤੀ ਤੇ ਦਿਨ ਕਟੀਆਂ ਕਰਨ ਲਈ ਮਜਬੂਰ ਕਿਵੇਂ ਹੋ ਗਏ? ਕਿਸਾਨਾਂ ਤੇ ਮਜ਼ਦੂਰਾਂ ਨੂੰ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਸਰਕਾਰਾਂ ਨੂੰ ਕਹਿਣ ਕਿ ਉਨ੍ਹਾਂ ਨੂੰ ਹੋਰ ਕੁੱਝ ਮੁਫ਼ਤ ਦਾ ਨਹੀਂ ਚਾਹੀਦਾ। ਮੋਟਰਾਂ ਦੇ ਬਿੱਲ ਅਸੀ ਭਰਾਂਗੇ, ਖਾਦ-ਸਪਰੇਆਂ ਉਤੇ ਸਬਸਿਡੀ ਨਾ ਦਿਉ, ਕਣਕ ਅਸੀ ਖ਼ੁਦ ਮਿਹਨਤ ਕਰ ਕੇ ਖ਼ਰੀਦ ਲਵਾਂਗੇ ਪਰ ਸਾਨੂੰ ਪੜ੍ਹਾਈ ਤੇ ਇਲਾਜ ਮੁਫ਼ਤ ਕਰ ਦਿਉ।

ਫ਼ਸਲਾਂ ਦੇ ਵਾਜਬ ਭਾਅ ਦੇ ਦਿਉ। ਹਰ ਫ਼ਸਲ ਦਾ ਭਾਅ ਮਿੱਥੋ। ਬਿਜਲੀ ਦਿੱਲੀ ਦੀ ਤਰਜ ਤੇ 2 ਰੁ. ਪ੍ਰਤੀ ਯੂਨਿਟ ਦਿਉ। ਬਾਕੀ ਸੱਭ ਅਸੀ ਛਡਿਆ। ਪ੍ਰੰਤੂ ਸਰਕਾਰ ਇਹ ਕਦੇ ਵੀ ਨਹੀਂ ਕਰੇਗੀ ਕਿਉਂਕਿ ਉਹ ਤੁਹਾਨੂੰ ਸਬਸਿਡੀ ਦੇ ਨਾਂ ਤੇ ਇਕ ਰੁ. ਦੇ ਕੇ ਨਿਜੀ ਸਕੂਲਾਂ, ਹਸਪਤਾਲਾਂ ਤੇ ਨਿਜੀ ਥਰਮਲਾਂ ਰਾਹੀਂ 10 ਰੁ. ਵਸੂਲ ਰਹੀ ਹੈ ਪਰ ਸਾਡਾ ਧਿਆਨ ਕਦੇ ਇਸ ਪਾਸੇ ਨਹੀਂ ਗਿਆ।

ਸਾਡੀ ਵਧੀ ਉਪਜ ਦਾ ਤੀਜਾ ਵੱਡਾ ਹਿੱਸਾ ਬਿਜਲੀ ਦੀਆਂ ਵਧੀਆਂ ਦਰਾਂ ਰਾਹੀਂ ਜਾ ਰਿਹਾ ਹੈ। ਜੇਕਰ ਦਿੱਲੀ ਵਿਚ ਕੇਜਰੀਵਾਲ ਸਰਕਾਰ ਦੂਜੇ ਸੂਬਿਆਂ ਤੋਂ ਬਿਜਲੀ ਖ਼ਰੀਦ ਕੇ 2 ਰੁ. ਪ੍ਰਤੀ ਯੂਨਿਟ ਦੇ ਰਹੀ ਹੈ ਤਾਂ ਸਾਡੇ ਪੰਜਾਬ ਵਿਚ ਥਰਮਲ ਲਗਾ ਕੇ ਸਾਡਾ ਹੀ ਵਾਤਾਵਰਣ ਪ੍ਰਦੂਸ਼ਿਤ ਕਰ ਕੇ ਉਹੀ ਬਿਜਲੀ ਸਾਨੂੰ 10 ਰੁ. ਪ੍ਰਤੀ ਯੂਨਿਟ ਦਿਤੀ ਜਾ ਰਹੀ ਹੈ। ਕਦੇ ਕਿਸੇ ਨੇ ਕਿਸੇ ਵੀ ਪਾਰਟੀ ਦੀ ਬਣਦੀ ਸਰਕਾਰ ਨੂੰ ਕਿਹਾ ਹੈ ਕਿ ਸਾਨੂੰ ਨਹੀਂ ਚਾਹੀਦੇ ਇਹ ਥਰਮਲ ਜੋ ਪੰਜਾਬ ਵਾਸਤੇ ਚਿਟੇ ਹਾਥੀ ਹਨ। ਸਾਨੂੰ ਦਿੱਲੀ ਵਾਂਗ ਬਿਜਲੀ ਖ਼ਰੀਦ ਕੇ 2 ਰੁਪਏ ਪ੍ਰਤੀ ਯੂਨਿਟ ਦਿਉ। ਨਿਜੀ ਥਰਮਲਾਂ ਕਾਰਨ ਪੰਜਾਬ ਕੰਗਾਲ ਹੋ ਰਿਹਾ ਹੈ ਤੇ ਸਮੇਂ ਦੀਆਂ ਸਰਕਾਰਾਂ ਆਖ ਰਹੀਆਂ ਨੇ ਕਿ ਅਸੀ ਕਿਸਾਨਾਂ ਨੂੰ ਏਨੇ ਯੂਨਿਟ ਮੁਫ਼ਤ ਦੇ ਰਹੇ ਹਾਂ।

ਇਹ ਸਰਕਾਰਾਂ ਸ਼ੁਰੂ ਤੋਂ ਸਾਨੂੰ ਬਿਜਲੀ ਮੁਫ਼ਤ ਨਹੀਂ ਦੇ ਰਹੀਆਂ, ਸਗੋਂ ਮੁਫ਼ਤ ਦਾ ਝਾਂਸਾ ਦੇ ਕੇ ਪੰਜ ਗੁਣਾਂ ਵੱਧ ਵਸੂਲਦੀਆਂ ਆ ਰਹੀਆਂ ਹਨ ਜਿਸ ਦੀ ਸ਼ੁਰੂਆਤ ਬਾਦਲ ਸਰਕਾਰ ਤੋਂ ਹੋਈ। ਸਾਨੂੰ 2 ਰੁਪਏ ਪ੍ਰਤੀ ਯੂਨਿਟ ਦਿਉ, ਇਲਾਜ ਤੇ ਪੜ੍ਹਾਈ ਮੁਫ਼ਤ ਕਰੋ ਅਸੀ ਬਿੱਲ ਭਰਾਂਗੇ। ਅੱਗੇ ਵੇਖੋ ਕਿ ਫ਼ਸਲਾਂ ਦੇ ਭਾਅ ਹਰ ਸਾਲ ਨਿਗੂਣੇ ਜਹੇ ਵਧਾਏ ਜਾਂਦੇ ਹਨ। ਕਿੰਨੀਆਂ ਹੀ ਫ਼ਸਲਾਂ ਦਾ ਪੱਕਾ ਰੇਟ ਤੈਅ ਨਹੀਂ ਕੀਤਾ ਜਾਂਦਾ। ਪਰ ਖਾਦ, ਦਵਾਈਆਂ ਤੇ ਬੀਜਾਂ ਦੇ ਭਾਅ ਹਰ ਸਾਲ ਬੇ ਹਿਸਾਬੇ ਵਧਾ ਦਿਤੇ ਜਾਂਦੇ ਹਨ। ਮਹਿੰਗੀ ਤੋਂ ਮਹਿੰਗੀ ਦਵਾਈ ਵੀ ਕਈ ਵਾਰ ਨਦੀਨਾਂ ਨੂੰ ਨਹੀਂ ਮਾਰਦੀ। ਇਨ੍ਹਾਂ ਤੋਂ ਪੁੱਛੋ 5-6 ਹਜ਼ਾਰ ਲੀਟਰ ਦੀ ਸਪਰੇਅ ਵਿਚ ਕਿਹੜਾ ਨਵਾਂ ਜ਼ਹਿਰ ਪਾਇਆ ਜਾਂਦਾ ਹੈ ਤੇ ਪਿਛਲੀ ਅਕਾਲੀ ਸਰਕਾਰ ਸਮੇਂ ਤਾਂ 20-22 ਸਪਰੇਆਂ ਕਰ ਕੇ ਵੀ ਨਰਮੇ ਦੀ ਫ਼ਸਲ ਬਿਲਕੁਲ ਤਬਾਹ ਹੋ ਗਈ ਸੀ ਕਿਉਂਕਿ ਕਿਸਾਨਾਂ ਨੂੰ ਸਿਰਫ਼ ਪਾਣੀ ਹੀ ਵੇਚਿਆ ਜਾ ਰਿਹਾ ਸੀ।

ਕਈ ਵਾਰ ਮਹਿੰਗੇ ਬੀਜ ਵੀ ਲੈਂਦੇ ਹਾਂ ਪਰ ਉਹ ਵੀ ਵਧੀਆ ਝਾੜ ਨਹੀਂ ਦਿੰਦੇ ਤੇ ਉਲਟਾ ਕਿਸਾਨਾਂ ਦੇ ਸਿਰ ਠੀਕਰਾ ਭੰਨ ਦਿਤਾ ਜਾਂਦਾ ਹੈ ਕਿ ਦਵਾਈ ਦੀ ਮਾਤਰਾ ਸਹੀ ਨਹੀਂ ਪਾਈ ਜਾਂ ਬਿਜਾਈ ਸਹੀ ਨਹੀਂ ਕੀਤੀ। ਸੋ ਸਾਡੀਆਂ ਫ਼ਸਲਾਂ ਦੀ ਵਧੀ ਉਪਜ ਦਾ ਵੱਡਾ ਹਿੱਸਾ ਇਨ੍ਹਾਂ ਰੇਹਾਂ, ਸਪਰੇਆਂ, ਬੀਜਾਂ ਆਦਿ ਦੀ ਭੇਟ ਚੜ੍ਹ ਜਾਂਦਾ ਹੈ। ਚਲੋ ਪੜ੍ਹਾਈ, ਇਲਾਜ, ਬਿਜਲੀ, ਰੇਹ, ਸਪਰੇਅ, ਬੀਜ ਆਦਿ ਤਾਂ ਸਰਕਾਰਾਂ ਦੀ ਨਾਲਾਇਕੀ ਦਾ ਨਤੀਜਾ ਹਨ ਜਿਥੇ ਅਸੀ ਚਾਹ ਕੇ ਵੀ ਕੁੱਝ ਨਹੀਂ ਕਰ ਸਕਦੇ। ਪਰ ਕੁੱਝ ਬੇਲੋੜੇ ਖ਼ਰਚੇ ਅਸੀ ਖ਼ੁਦ ਵਧਾ ਲਏ ਹਨ।

ਪਿੱਛੇ ਕਮਰੇ ਤੇ ਮੂਹਰੇ ਵਰਾਂਡੇ ਹੁਣ ਸਾਨੂੰ ਚੰਗੇ ਨਹੀਂ ਲਗਦੇ। 60-70 ਲੱਖ ਦੀ ਕੋਠੀ ਤੋਂ ਬਿਨਾਂ ਸਾਡਾ ਨੱਕ ਨਹੀਂ ਰਹਿੰਦਾ। ਫਿਰ ਉਸ ਕੋਠੀ ਵਿਚ ਏ.ਸੀ, ਐੱਲ.ਈ.ਡੀ, ਹੀਟਰ ਆਦਿ ਵੀ ਹੋਣੇ ਚਾਹੀਦੇ ਹਨ। ਨਵੇਂ ਸਮਾਰਟ ਫ਼ੋਨ ਘਰ ਦੇ ਹਰ ਜੀਅ ਨੂੰ ਚਾਹੀਦੇ ਹਨ। ਘਰ ਦੇ ਹਰ ਜੀਅ ਨੂੰ ਵੱਖ-ਵੱਖ ਵਾਹਨ ਜਿਵੇਂ ਕਾਰ ਜਾਂ ਮੋਟਰ ਸਾਈਕਲ ਚਾਹੀਦਾ ਹੈ। ਘਰ ਦੀਆਂ ਦਾਲਾਂ ਸਬਜ਼ੀਆਂ, ਸੇਵੀਆਂ, ਖੀਰ, ਚੌਲ ਆਦਿ ਪਿਛੜੇ ਲੋਕਾਂ ਦਾ ਖਾਣਾ ਹੋ ਗਿਆ। ਸਾਨੂੰ ਹੁਣ ਮਹਿੰਗੇ ਪੀਜ਼ੇ, ਬਰਗਰ, ਪਾਸਤਾ ਆਦਿ ਚਾਹੀਦੇ ਹਨ। ਇਹ ਮਹਿੰਗੇ ਤਾਂ ਹਨ ਹੀ, ਸਿਹਤ ਲਈ ਹਾਨੀਕਾਰਕ ਵੀ ਹਨ। ਚਾਹੀਦੀ ਹਰ ਸਹੂਲਤ ਹੈ ਪਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਹੁਣ ਖੇਤ ਵਿਚ ਨੱਕੇ ਮੋੜਨ ਵੀ ਮੋਟਰ ਸਾਈਕਲ ਉਤੇ ਜਾਈਦਾ ਹੈ ਤੇ ਨੱਕੇ ਕੀ ਮੋੜਨੇ ਨੇ, ਉਥੇ ਵੀ ਪਲਾਸਟਿਕ ਦੀਆਂ ਪਾਈਪਾਂ ਦੇ ਢੱਕਣ ਖੋਲ੍ਹਣੇ ਤੇ ਪਾਉਣੇ ਹੁੰਦੇ ਹਨ। ਸਾਨੂੰ ਖੇਤੀ ਵਾਸਤੇ ਨਵਾਂ ਟਰੈਕਟਰ ਤੇ ਉਸ ਉਤੇ ਡੀ.ਜੇ ਵਰਗਾ ਡੈੱਕ ਚਾਹੀਦਾ ਹੈ। ਜ਼ਮੀਨ ਭਾਵੇਂ 4-5 ਏਕੜ ਹੀ ਹੋਵੇ ਜੋ ਕਿ ਅਸਾਨੀ ਨਾਲ ਕਿਰਾਏ ਉਤੇ ਵੀ ਵਹਾਈ ਜਾ ਸਕਦੀ ਹੈ। ਸਾਦੇ ਵਿਆਹ ਤਾਂ ਸਾਨੂੰ ਹੁਣ ਚੰਗੇ ਨਹੀਂ ਲਗਦੇ। ਵਿਆਹ ਵਾਸਤੇ ਚੰਗਾ ਮਹਿੰਗੇ ਪੈਲੇਸ, ਵਧੀਆ ਸ਼ਰਾਬ, ਮੀਟ, ਤੇ ਹੋਰ ਪਕਵਾਨ। 3-4 ਘੰਟਿਆਂ ਵਿਚ ਹੀ 10-15 ਲੱਖ ਨੂੰ ਸਾੜ ਕੇ ਔਹ ਜਾਂਦੇ ਹਾਂ। ਸਾਡੀ ਭਾਵੇਂ ਹੈਸੀਅਤ ਨਾ ਵੀ ਹੋਵੇ ਏਨਾ ਅਡੰਬਰ ਕਰਨ ਦੀ ਪਰ ਬਈ ਨੱਕ ਕਿਥੇ ਰਹਿੰਦੈ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਖ਼ਰਚੇ ਅਸੀ ਬਿਨਾਂ ਵਜ੍ਹਾ ਵਧਾ ਲਏ ਹਨ। ਸਰਕਾਰ ਦੇ ਕਰਨ ਵਾਲੇ ਕੰਮਾਂ ਨੂੰ ਛੱਡ ਕੇ ਜੇ ਅਸੀ ਸਿਰਫ਼ ਨੱਕ ਰੱਖਣ ਖ਼ਾਤਰ ਕੀਤੇ ਜਾਂਦੇ ਖ਼ਰਚੇ ਹੀ ਕੰਟਰੋਲ ਕਰ ਲਈਏ ਤਾਂ ਪੰਜਾਬ ਵਿਚ ਕੋਈ ਵਿਰਲਾ ਕਿਸਾਨ ਹੀ ਕਰਜ਼ੇ ਦੇ ਬੋਝ ਹੇਠ ਦਬੇਗਾ।

Leave a Reply

Your email address will not be published. Required fields are marked *