ਪੀਆਰਟੀਸੀ ਵੱਲੋਂ 80 ਰੂਟਾਂ ’ਤੇ ਬੱਸ ਸੇਵਾ ਬਹਾਲ

ਪਟਿਆਲਾ : ਕੋਵਿਡ-19 ਕਰਕੇ ਐਲਾਨੀ ਗਈ ਤਾਲਾਬੰਦੀ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈ ਪੀਆਰਟੀਸੀ ਬੱਸ ਸੇਵਾ ਅੱਜ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਕਾਰਪੋਰੇਸ਼ਨ ਦੇ ਸਾਰੇ ਨੌਂ ਡਿਪੂਆਂ ਦੇ 80 ਰੂਟਾਂ ’ਤੇ ਬੱਸਾਂ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਅੱਜ ਪਹਿਲੇ ਦਿਨ ਬੱਸ ਸੇਵਾ ਨੂੰ ਮੁਸਾਫਰਾਂ ਨੇ ਮੱਠਾ ਹੁੰਗਾਰਾ ਦਿੱਤਾ। ਇਸ ਕਾਰਨ ਬੱਸਾਂ ਨੂੰ ਕਈ ਥਾਈਂ ਜਾਂ ਤਾਂ ਸਵਾਰੀਆਂ ਲਈ ਲੰਬੀ ਉਡੀਕ ਕਰਨੀ ਪਈ ਜਾਂ ਘੱਟ ਸਵਾਰੀਆਂ ਨਾਲ ਹੀ ਬੱਸਾਂ ਚਲਾਉਣੀਆਂ ਪਈਆਂ। ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਜਸਕਿਰਨ ਸਿੰਘ ਨੇ ਮੁੜ ਸ਼ੁਰੂ ਹੋਈ ਬੱਸ ਸੇਵਾ ਦਾ ਇੱਥੇ ਬੱਸ ਅੱਡੇ ਵਿਚ ਪੁੱਜ ਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਿ ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੀਆਰਟੀਸੀ ਨੂੰ ਤਾਲਾਬੰਦੀ ਦੌਰਾਨ ਕਰੀਬ ਪੰਜਾਹ ਕਰੋੜ ਦਾ ਵਿੱਤੀ ਘਾਟਾ ਪਿਆ ਹੈ। ਅਗਲੇ ਦਿਨੀਂ ਸਵਾਰੀਆਂ ਦੀ ਮੰਗ ਅਨੁਸਾਰ ਹੋਰ ਵਾਧਾ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਬੱਸਾਂ ਦੀ ਸਮਰੱਥਾ ਦੇ ਮੁਕਾਬਲੇ ਪੰਜਾਹ ਫੀਸਦੀ ਸਵਾਰੀਆਂ ਚੜ੍ਹਾਉਣ ਦਾ ਹੀ ਫ਼ੈਸਲਾ ਲਿਆ ਗਿਆ ਹੈ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਅੱਜ ਸਥਾਨਕ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਅੱਡੇ ਤੋਂ ਕੁਝ ਚੋਣਵੇਂ ਸ਼ਹਿਰਾਂ ਲਈ ਬੱਸ ਸੇਵਾ ਸ਼ੁਰੂ ਹੋਈ। ਬੱਸ ਅੱਡੇ ’ਤੇ ਯਾਤਰੂਆਂ ਤੇ ਅਮਲੇ ਵਾਸਤੇ ਵੀ ਲੋੜੀਂਦੇ ਨਿਯਮਾਂ ਦੀ ਪਾਲਣਾ ਕੀਤੀ ਗਈ। ਸਥਾਨਕ ਬੱਸ ਅੱਡੇ ਤੋਂ ਪਠਾਨਕੋਟ, ਜਲੰਧਰ, ਫ਼ਿਰੋਜ਼ਪੁਰ ਤੇ ਕੁਝ ਹੋਰ ਸ਼ਹਿਰਾਂ ਵਾਸਤੇ ਬੱਸਾਂ ਚਲਾਈਆਂ ਗਈਆਂ ਹਨ। ਇਸੇ ਤਰ੍ਹਾਂ ਚੰਡੀਗੜ੍ਹ, ਅੰਮ੍ਰਿਤਸਰ ਮਾਰਗ ’ਤੇ ਵੀ ਬੱਸ ਸੇਵਾ ਚੱਲੀ।

ਕਿਹੜੇ ਰੂਟਾਂ ’ਤੇ ਚੱਲੀਆਂ ਬੱਸਾਂ
ਅਧਿਕਾਰੀਆਂ ਅਨੁਸਾਰ ਮੁੱਢਲੇ ਤੌਰ ’ਤੇ ਪਟਿਆਲਾ ਤੋਂ ਨਾਭਾ, ਮਲੇਰਕੋਟਲਾ, ਸਮਾਣਾ, ਪਾਤੜਾਂ, ਰਾਜਪੁਰਾ, ਅੰਮ੍ਰਿਤਸਰ, ਰੋਪੜ, ਘਨੌਰ, ਨਵਾਂਗਾਓਂ, ਭਵਾਨੀਗੜ੍ਹ, ਘੜਾਮ ਸਮੇਤ ਨਾਭਾ ਤੋਂ ਮਲੇਰਕੋਟਲਾ, ਖੰਨਾ ਤੋਂ ਪਟਿਆਲਾ ਰੂਟਾਂ ’ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਪਟਿਆਲਾ, ਸੰਗਰੂਰ, ਬਠਿੰਡਾ, ਲੁਧਿਆਣਾ, ਰੋਪੜ ਤੇ ਰਾਜਪੁਰਾ। ਸੰਗਰੂਰ ਤੋਂ ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਪਾਤੜਾਂ, ਚੰਡੀਗੜ੍ਹ, ਸੁਨਾਮ, ਅੰਮ੍ਰਿਤਸਰ ਤੇ ਧੂਰੀ। ਬਰਨਾਲਾ ਤੋਂ ਚੰਡੀਗੜ੍ਹ, ਪਟਿਆਲਾ, ਸੰਗਰੂਰ, ਮਾਨਸਾ, ਮੋਗਾ, ਬਠਿੰਡਾ ਤੇ ਲੁਧਿਆਣਾ। ਬਠਿੰਡਾ ਤੋਂ ਚੰਡੀਗੜ੍ਹ, ਪਟਿਆਲਾ, ਮਾਨਸਾ ਤੇ ਮੁਕਤਸਰ। ਫ਼ਰੀਦਕੋਟ ਤੋਂ ਮੋਗਾ, ਫਿਰੋਜ਼ਪੁਰ, ਬਠਿੰਡਾ, ਅੰਮ੍ਰਿਤਸਰ, ਲੁਧਿਆਣਾ ਤੇ ਚੰਡੀਗੜ੍ਹ। ਬੁਢਲਾਡਾ ਤੋਂ ਜਾਖਲ, ਪਾਤੜਾਂ, ਪਟਿਆਲਾ, ਸੁਨਾਮ ਤੇ ਮਾਨਸਾ। ਲੁਧਿਆਣਾ ਤੋਂ ਹੁਸ਼ਿਆਰਪੁਰ, ਸੰਗਰੂਰ, ਪਟਿਆਲਾ, ਅੰਮ੍ਰਿਤਸਰ, ਚੰਡੀਗੜ੍ਹ ਤੇ ਬਠਿੰਡਾ। ਕਪੂਰਥਲਾ ਤੋਂ ਜਲੰਧਰ, ਗੋਇੰਦਵਾਲ, ਟਾਂਡਾ, ਅੰਮ੍ਰਿਤਸਰ ਅਤੇ ਪਟਿਆਲਾ ਆਦਿ ਰੂਟਾਂ ’ਤੇ ਬੱਸਾਂ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ

ਹਰਿਆਣਾ ਵੱਲੋਂ ਅੰਤਰ-ਰਾਜੀ ਬੱਸਾਂ ਨਾ ਚਲਾਉਣ ਦਾ ਫ਼ੈਸਲਾ
ਚੰਡੀਗੜ੍ਹ: ਕਰੋਨਾਵਾਇਰਸ ਕੇਸਾਂ ਦੀ ਗਿਣਤੀ ’ਚ ਵਾਧਾ ਹੋਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਆਪਣਾ ਫ਼ੈਸਲਾ ਉਲਟਾਉਂਦਿਆਂ ਅੰਤਰ-ਰਾਜੀ ਬੱਸਾਂ ਨਾ ਚਲਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਪਿਛਲੇ ਹਫ਼ਤੇ ਸ਼ੁਰੂ ਹੋਈ ਬੱਸ ਸੇਵਾ 22 ਜ਼ਿਲ੍ਹਿਆਂ ਵਿੱਚ ਜਾਰੀ ਰਹੇਗੀ। ਇਹ ਫ਼ੈਸਲਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਇੱਕ ਮੀਟਿੰਗ ’ਚ ਲਿਆ ਗਿਆ। –

Leave a Reply

Your email address will not be published. Required fields are marked *