ਮੁੱਖ ਸਕੱਤਰ ਦੀ ਮੁਆਫ਼ੀ ਮਗਰੋਂ ਸਿਆਸੀ ਰੇੜਕਾ ਮੁੱਕਿਆ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਮੁਆਫੀ ਮੰਗ ਲੈਣ ਮਗਰੋਂ ਕਰੀਬ ਢਾਈ ਹਫ਼ਤਿਆਂ ਤੋਂ ਚੱਲ ਰਿਹਾ ਸਿਆਸੀ ਰੇੜਕਾ ਕੇਵਲ ਦੋ ਮਿੰਟਾਂ ’ਚ ਮੁੱਕ ਗਿਆ। ਮੰਤਰੀਆਂ ਨੇ ਇਸ ਮੁਆਫ਼ੀ ਨੂੰ ਜਮਹੂਰੀਅਤ ਦੀ ਜਿੱਤ ਦੱਸਿਆ ਹੈ। ਦੂਜੇ ਪਾਸੇ ਮੁੱਖ ਸਕੱਤਰ ਖੁਸ਼ ਹਨ ਕਿ ਮੁਆਫ਼ੀ ਨਾਲ ਹੀ ਮਸਲਾ ਨਿੱਬੜ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਸਕੱਤਰ ਨੂੰ ਮੁਖਾਤਿਬ ਹੁੰਦਿਆਂ ਮੀਟਿੰਗ ਸ਼ੁਰੂ ਕਰਨ ਲਈ ਆਖਿਆ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਮੁੱਚੇ ਮੰਤਰੀ ਮੰਡਲ ਤੋਂ ਮੁਆਫ਼ੀ ਮੰਗੀ ਅਤੇ ਭਰੋਸਾ ਦਿੱਤਾ ਕਿ ਭਵਿੱਖ ’ਚ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ। ਇਸ ਤਰ੍ਹਾਂ ਮੁੱਖ ਸਕੱਤਰ ਦਾ ਮਾਮਲਾ ਪਹਿਲੇ ਦੋ-ਤਿੰਨ ਮਿੰਟਾਂ ’ਚ ਹੀ ਮੁਕਾ ਲਿਆ ਗਿਆ। ਵੇਰਵਿਆਂ ਅਨੁਸਾਰ ਕੈਪਟਨ ਦੀ ਦੋ ਦਿਨ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਈ ਬੈਠਕ ਮੌਕੇ ਹੀ ‘ਮੁਆਫ਼ੀਨਾਮੇ’ ਦਾ ਅਗਾਊਂ ਖਾਕਾ ਤਿਆਰ ਹੋ ਗਿਆ ਸੀ, ਜੋ ਅੱਜ ਕੈਬਨਿਟ ਮੀਟਿੰਗ ਵਿਚ ਅਮਲ ਵਿਚ ਆਇਆ। ਅੱਜ ਮੀਟਿੰਗ ਮਗਰੋਂ ਵਜ਼ੀਰਾਂ ਦੇ ਸੁਰ ਬਦਲੇ ਹੋਏ ਸਨ ਅਤੇ ਉਹ ਖੁਸ਼ ਸਨ। ਮੁੱਖ ਸਕੱਤਰ ਦੇ ਮੁਆਫੀ ਮੰਗਣ ਮਗਰੋਂ ਹੀ ਵਜ਼ੀਰਾਂ ਨੇ ਆਬਕਾਰੀ ਘਾਟੇ ਨਾਲ ਜੁੜੇ ਮਸਲੇ ਵੱਟੇ ਖਾਤੇ ਪਾ ਦਿੱਤੇ ਹਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੀਟਿੰਗ ਮਗਰੋਂ ਦੱਸਿਆ ਕਿ ਮੁੱਖ ਸਕੱਤਰ ਨੇ ਇੱਕ ਵਾਰ ਨਹੀਂ, ਤਿੰਨ ਵਾਰੀ ਮੁਆਫ਼ੀ ਮੰਗੀ ਹੈ। ਵਿਵਾਦ ਵਾਲੇ ਦਿਨ ਉਨ੍ਹਾਂ ਨੇ ਨਿੱਜੀ ਤੌਰ ’ਤੇ ਮੁਆਫ਼ੀ ਮੰਗੀ ਤੇ ਫਿਰ ਪਿੰਡ ਬਾਦਲ ਪੁੱਜ ਕੇ ਮੁਆਫ਼ੀ ਮੰਗੀ। ਅੱਜ ਤੀਜੀ ਵਾਰ ਕੈਬਨਿਟ ’ਚ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਤਿੰਨ ਵਾਰੀ ਮੁਆਫ਼ੀ ਮੰਗਣ ’ਤੇ ਵੀ ਜੇਕਰ ਮੁਆਫ਼ ਨਾ ਕੀਤਾ ਜਾਵੇ ਤਾਂ ਉਹ ਹੰਕਾਰੀ ਅਖਵਾਉਣਗੇ। ਉਨ੍ਹਾਂ ਦੱਸਿਆ ਕਿ ਅੱਜ ਸਰਬਸੰਮਤੀ ਨਾਲ ਮੰਤਰੀ ਮੰਡਲ ਨੇ ਮੁੱਖ ਸਕੱਤਰ ਨੂੰ ਮੁਆਫ਼ ਕਰ ਦਿੱਤਾ ਹੈ, ਜਿਸ ਨਾਲ ਇਹ ਅਧਿਆਇ ਹੁਣ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਰਾਜ ਦੀ ਜਿੱਤ ਹੈ। ਸ੍ਰੀ ਬਾਦਲ ਨੇ ਆਬਕਾਰੀ ਘਾਟੇ ਦੇ ਸੰਦਰਭ ’ਚ ਦੱਸਿਆ ਕਿ ਮੁੱਖ ਸਕੱਤਰ ਨੇ ਲਿਖਤੀ ਤੌਰ ’ਤੇ ਦਿੱਤਾ ਹੈ ਕਿ ਉਸ ਦੇ ਪੁੱਤਰ ਵਲੋਂ ਪੰਜਾਬ ’ਚ ਸ਼ਰਾਬ ਦਾ ਕੋਈ ਕਾਰੋਬਾਰ ਨਹੀਂ ਕੀਤਾ ਜਾ ਰਿਹਾ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਸਕੱਤਰ ਨਾਲ ਮੁੱਖ ਰੌਲਾ ਦੋ ਸਾਥੀ ਵਜ਼ੀਰਾਂ ਦਾ ਸੀ। ਜੇਕਰ ਉਨ੍ਹਾਂ ਦੀ ਤਸੱਲੀ ਹੋ ਗਈ ਹੈ ਤਾਂ ਮਸਲਾ ਖ਼ਤਮ ਸਮਝਿਆ ਜਾਣਾ ਚਾਹੀਦਾ ਹੈ। ਤਕਨੀਕੀ ਸਿੱਖਿਆ ਚਰਨਜੀਤ ਚੰਨੀ ਨੇ ਮੀਟਿੰਗ ਮਗਰੋਂ ਕਿਹਾ ਕਿ ਮੁਆਫ਼ੀ ਮੰਗੇ ਜਾਣ ਕਰਕੇ ਮਾਮਲਾ ਖ਼ਤਮ ਹੋ ਗਿਆ ਹੈ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਿਰਫ਼ ਏਨਾ ਕਿਹਾ ਕਿ ਵਿਵਾਦ ਮੁੱਕ ਗਿਆ ਹੈ।

Leave a Reply

Your email address will not be published. Required fields are marked *