ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁੱਧ ਮੁਜ਼ਾਹਰੇ

ਪਟਿਆਲਾ: ਦਿੱਲੀ ਬਾਰਡਰਾਂ ਉੱਤੇ ਕਿਸਾਨ ਅੰਦੋਲਨ ਸਮਾਪਤ ਹੋਇਆ ਡੇਢ ਮਹੀਨੇ ਤੋਂ ਵੀ ਜਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵੱਲੋਂ ਕੀਤੇ ਸਮਝੌਤੇ ਮੁਤਾਬਕ ਗੱਲਾਂ ਨਾ ਲਾਗੂ ਕਰਨ ਦੇ ਵਿਰੋਧ ਵਜੋਂ ਪੰਜਾਬ ਵਿੱਚ ਕਿਸਾਨਾਂ ਵੱਲੋਂ ਵਿਸ਼ਵਾਸਘਾਤ ਦਿਵਸ ਵਜੋਂ ਮਨਾਇਆ ਗਿਆ ਤੇ ਰੋਸ ਵਜੋਂ ਵੱਖ-ਵੱਖ ਥਾਵਾਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਸਾੜੇ ਗਏ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਬਲਾਕਾਂ ਵੱਲੋਂ ਐਸਡੀਐਮ ਤੇ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਗਏ।  ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੁੱਖ ਮੰਗਾਂ ਜਿਨ੍ਹਾਂ ਤੇ ਸਹਿਮਤੀ ਬਣੀ ਸੀ, ਉਨ੍ਹਾਂ ਵਿੱਚ ਸਾਰੀਆਂ ਫ਼ਸਲਾਂ ਤੇ ਐਮ ਐਸ ਪੀ  ਸਵਾਮੀਨਾਥਨ ਕਮਿਸ਼ਨ ਮੁਤਾਬਕ, ਪੂਰੀ ਖਰੀਦ ਦੀ ਕਾਨੂੰਨੀ ਗਰੰਟੀ, ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ ਲਈ ਕਮੇਟੀ ਦਾ ਗਠਨ ਕਰਨਾ, ਲਖੀਮਪੁਰ ਖੀਰੀ ਕਾਂਡ ਵਿੱਚ ਸ਼ਾਮਿਲ ਸਾਰੇ ਆਰੋਪੀਆਂ ਨੂੰ ਸਜ਼ਾ ਦੇਣਾ ਤੇ ਮੁਲਜ਼ਮ ਮੰਤਰੀ ਨੂੰ ਕੁਰਸੀ ਤੋਂ ਲਾਹੁਣਾ, ਦਿੱਲੀ, ਚੰਡੀਗੜ੍ਹ, ਹਰਿਆਣਾ, ਯੂਪੀ ਅਤੇ ਹੋਰ ਰਾਜਾਂ ਵਿੱਚ ਦਰਜ ਅੰਦੋਲਨਕਾਰੀ ਕਿਸਾਨਾਂ, ਮਜਦੂਰਾਂ ਤੇ ਕੇਸ ਰੱਦ ਕਰਨਾ, ਅੰਦੋਲਨ ਦੌਰਾਨ ਸ਼ਹੀਦ ਹੋਏ ਵੱਖ-ਵੱਖ ਰਾਜਾਂ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਸਾਰੇ ਕਰਜ਼ੇ ਖਤਮ ਕਰਨਾ, ਬਿਜਲੀ ਬਿੱਲ 2020 ਵਿੱਚ ਸਮਝੌਤੇ ਮੁਤਾਬਕ ਸਾਰੀਆਂ ਸੋਧਾਂ ਲਾਗੂ ਕਰਨਾ ਸ਼ਾਮਿਲ ਹਨ, ਨੂੰ ਲਾਗੂ ਕਰਨ ਤੋਂ ਪਿੱਛੇ ਹੱਟ ਰਹੀ ਹੈ। ਇਨ੍ਹਾਂ ਤੋਂ ਇਲਾਵਾ ਹੋਰ ਮੰਗਾਂ ਵਿੱਚ ਕਰੋਨਾ ਦੀ ਆੜ ਵਿੱਚ ਬੰਦ ਕੀਤੇ ਗਏ ਸਾਰੇ ਵਿਦਿਅਕ ਅਦਾਰੇ ਤੁਰੰਤ ਖੋਲ੍ਹਣ ਬਾਰੇ ਵੀ ਮੰਗ ਕੀਤੀ ਗਈ। ਸਾਰੇ ਇਕੱਠਾਂ ਵਿੱਚ ਵੱਡੀਆਂ ਇਕੱਤਰਤਾਵਾਂ ਕਰਕੇ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ ਤੇ ਬੁਲਾਰਿਆਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਨਾ ਕੀਤੀ ਤੇ ਪੰਜ ਰਾਜਾਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਇਸਦਾ ਖਮਿਆਜਾ ਭਾਜਪਾ ਨੂੰ ਭੁਗਤਣਾ ਪਵੇਗਾ।

Leave a Reply

Your email address will not be published. Required fields are marked *