ਜਦੋਂ ਸਟੇਜ ’ਤੇ ਬੋਲਦੇ ਨਵਜੋਤ ਸਿੱਧੂ ਨੂੰ ਚਰਨਜੀਤ ਚੰਨੀ ਨੇ ਪਾਈ ਜੱਫ਼ੀ

ਲੁਧਿਆਣਾ : ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਵਿਚਾਲੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਚੱਲ ਰਹੀ ਖਿੱਚੋ-ਤਾਣ ’ਤੇ ਹੁਣ ਵਿਰਾਮ ਲੱਗ ਗਿਆ ਹੈ। ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਸਾਰਿਆਂ ਦੀਆਂ ਨਜ਼ਰਾਂ ਨਵਜੋਤ ਸਿੱਧੂ ਦੇ ਸੰਬੋਧਨ ’ਤੇ ਟਿਕੀਆਂ ਹੋਈਆਂ ਸਨ ਤਾਂ ਅਚਾਨਕ ਸਟੇਜ ’ਤੇ ਬੈਠੇ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੀ ਥਾਂ ਤੋਂ ਉਠੇ ਅਤੇ ਨਵਜੋਤ ਸਿੱਧੂ ਨੂੰ ਜੱਫ਼ੀ ਪਾ ਲਈ।

ਦਰਅਸਲ ਰੈਲੀ ਵਿਚ ਸੰਬੋਧਨ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਫ਼ੈਸਲੇ ਦੀ ਘ਼ੜੀ ਹੈ। ਮੈਨੂੰ ਕਿਸੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ ਪਰ ਮੈਨੂੰ ਦਰਸ਼ਨੀ ਘੋੜਾ ਨਾ ਬਨਣ ਦੇਣਾ। ਮੈਨੂੰ ਫ਼ੈਸਲਾ ਲੈਣ ਦੀ ਤਾਕਤ ਦਿਓ। ਪੰਜਾਬ ਲਈ ਰੱਖੀ ਜਾ ਰਹੀ ਨੀਂਹ ਦਾ ਉਹ ਪਹਿਲਾ ਪੱਥਰ ਬਨਣ ਲਈ ਤਿਆਰ ਹਨ। ਇਸ ਦੌਰਾਨ ਜਦੋਂ ਸਿੱਧੂ ਨੇ ਸਟੇਜ ’ਤੇ ਬੈਠੇ ਚਰਨਜੀਤ ਚੰਨੀ ਨੂੰ ਤਾੜੀਆਂ ਮਾਰਨ ਲਈ ਆਖਿਆ ਤਾਂ ਚੰਨੀ ਆਪਣੀ ਜਗ੍ਹਾ ਤੋਂ ਉੱਠੇ ਅਤੇ ਸਿੱਧੂ ਨੂੰ ਕਲਾਵੇ ਵਿਚ ਲੈ ਲਿਆ।

ਸਿੱਧੂ ਨੇ ਐਲਾਨ ਕੀਤਾ ਕਿ ਜਦੋਂ ਤਕ ਉਹ ਪ੍ਰਧਾਨ ਨਹੀਂ ਉਦੋਂ ਤਕ ਉਹ ਕਿਸੇ ਵਿਧਾਇਕ ਦੇ ਪੁੱਤਰ ਨੂੰ ਚੇਅਰਮੈਨ ਨਹੀਂ ਬਣਨ ਦੇਣਗੇ, ਸਿਰਫ ਆਮ ਵਰਕਰ ਵਿਚੋਂ ਹੀ ਚੇਅਰਮੈਨ ਬਣਾਇਆ ਜਾਵੇਗਾ। ਜੇਕਰ ਕਿਸੇ ਵਿਧਾਇਕ ਦਾ ਪੁੱਤਰ ਚੇਅਰਮੈਨ ਬਣਦਾ ਹੈ ਤਾਂ ਉਹ ਅਸਤੀਫ਼ਾ ਦੇ ਦੇਣਗੇ। ਸਿੱਧੂ ਨੇ ਕਿਹਾ ਕਿ ਜੇ ਮੈਨੂੰ ਫ਼ੈਸਲੇ ਲੈਣ ਦੀ ਤਾਕਤ ਮਿਲੀ ਤਾਂ ਮੈਂ ਪੰਜਾਬ ਵਿਚੋਂ ਮਾਫੀਆ ਖ਼ਤਮ ਕਰ ਦੇਵਾਂਗਾ। ਮੈਨੂੰ ਮੁੱਖ ਮੰਤਰੀ ਚਿਹਰਾ ਨਾ ਬਣਾਇਆ ਤਾਂ ਜਿਸ ਨੂੰ ਬਣਾਇਆ ਜਾਵੇਗਾ ਤਾਂ ਉਸ ਦਾ ਸਾਥ ਦੇਵਾਂਗਾ।

Leave a Reply

Your email address will not be published. Required fields are marked *