ਕੇਜਰੀਵਾਲ ਨਾਲ ਗੱਲ ਨਹੀਂ ਬਣੀ ਤਾਂ ਰਾਜੇਵਾਲ ਪਾਣੀਆਂ ਦੇ ਦੋਸ਼ ਲਾਉਣ ਲੱਗੇ: ਭਗਵੰਤ ਮਾਨ

ਲੰਬੀ: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅੱਜ ਲੰਬੀ ਹਲਕੇ ਵਿੱਚ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਹਮਾਇਤ ’ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਵੀਰ ਸਿੰਘ ਰਾਜੇਵਾਲ ਵੱਲੋਂ ਅਰਵਿੰਦ ਕੇਜਰੀਵਾਲ ‘ਤੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਪਾਣੀ ਦਿੱਲੀ ਲਿਜਾਣ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ ਬਾਰੇ ਆਖਿਆ ਕਿ ਰਾਜੇਵਾਲ ਪਹਿਲਾਂ ਖੁਦ ਕੇਜਰੀਵਾਲ ਨਾਲ ਮੁਲਾਕਾਤਾਂ ਕਰਦੇ ਰਹੇ, ਗੱਲ ਨਾ ਬਣਨ ‘ਤੇ ਹੁਣ ਬੇਤੁੱਕੇ ਦੋਸ਼ ਲਗਾਉਣ ਲੱਗ ਪਏ ਹਨ। ਉਹ ਰਾਜੇਵਾਲ ਨੂੰ “ਆਲ ਦ ਬੈਸਟ” ਆਖਦੇ ਹਨ। ਇਸ ਮੌਕੇ ਆਪ ਵਰਕਰਾਂ ਦਾ ਵੱਡਾ ਜਮਾਵੜਾ ਵੇਖਣ ਨੂੰ ਮਿਲਿਆ। ਚੋਣ ਕਮਿਸ਼ਨ ਦੇ ਕੋਵਿਡ ਨਿਯਮਾਂ ਦੀ ਧੱਜੀਆਂ ਖੁੱਲ੍ਹੇਆਮ ਉੱਡਦੀਆਂ ਵੇਖੀਆਂ ਗਈਆਂ। ਤਿੰਨ ਕੋਨੀ ਭਰਵੇਂ ਇਕੱਠ ਕਾਰਨ ਗਿੱਦੜਬਾਹਾ ਸੜਕ ਕਰੀਬ ਡੇਢ ਘੰਟਾ ਤੱਕ ਬੰਦ ਰਹੀ।

ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਗਿੱਦੜਬਾਹਾ ਸੜਕ ‘ਤੇ ‘ਆਪ’ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਸਰਕਾਰੀ ਨੌਕਰੀ ਵਿੱਚ ਉਮਰ ਹੱਦ 37 ਸਾਲ ਲੰਘਣ ‘ਤੇ ਉਮਰਦਰਾਜ ਹੋ ਜਾਂਦੇ ਹਨ, ਪਰ ਲੰਬੀ ਵਿੱਚ 94 ਸਾਲਾ ਬਾਬੇ ਨੇ ਫਿਰ ਕਾਗਜ਼ ਭਰ ਦਿੱਤੇ ਹਨ। ਉਨ੍ਹਾਂ ਵੋਟਰਾਂ ਨੂੰ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *