ਹਿਜਾਬ ’ਤੇ ਪਾਬੰਦੀ ਭਿਆਨਕ ਕਦਮ : ਮਲਾਲਾ

ਇਸਲਾਮਾਬਾਦ: ਹਿਜਾਬ ਨੂੰ ਲੈ ਕੇ ਕਰਨਾਟਕ ਵਿਚ ਚੱਲ ਰਹੇ ਵਿਵਾਦ ਵਿਚ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਮਹਿਲਾ ਅਧਿਕਾਰ ਕਾਰਕੁਨ ਮਲਾਲਾ ਯੂਸਫਜ਼ਈ ਨੇ ਵੀ ਆਪਣਾ ਪੱਖ ਰੱਖਿਆ ਹੈ। ਇਸ ਦੇ ਲਈ ਉਨ੍ਹਾਂ ਨੇ ਟਵਿਟਰ ਦਾ ਸਹਾਰਾ ਲਿਆ। ਮਲਾਲਾ ਨੇ ਲਿਖਿਆ, ‘ਕਾਲਜ ਸਾਨੂੰ ਪੜ੍ਹਾਈ ਅਤੇ ਹਿਜਾਬ ਵਿਚੋਂ ਇਕ ਦੀ ਚੋਣ ਕਰਨ ਲਈ ਮਜ਼ਬੂਰ ਕਰ ਰਿਹਾ ਹੈ। ਕੁੜੀਆਂ ਨੂੰ ਉਨ੍ਹਾਂ ਦੇ ਹਿਜਾਬ ਵਿਚ ਸਕੂਲ ਜਾਣ ਤੋਂ ਇਨਕਾਰ ਕੀਤਾ ਜਾਣਾ ਭਿਆਨਕ ਹੈ। ਘੱਟ ਜਾਂ ਵੱਧ ਪਹਿਨਣ ਲਈ ਔਰਤਾਂ ਪ੍ਰਤੀ ਨਜ਼ਰੀਆ ਬਰਕਰਾਰ ਹੈ। ਭਾਰਤੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਮੁਸਲਿਮ ਔਰਤਾਂ ਨੂੰ ਹਾਸ਼ੀਏ ’ਤੇ ਜਾਣ ਤੋਂ ਰੋਕਣ।’

ਤੁਹਾਨੂੰ ਦੱਸ ਦੇਈਏ ਕਿ ਹਿਜਾਬ ਨੂੰ ਲੈ ਕੇ ਹੋਏ ਵਿਵਾਦ ਕਾਰਨ ਕਰਨਾਟਕ ਵਿਚ ਸ਼ੁਰੂ ਹੋਇਆ ਵਿਰੋਧ ਮੰਗਲਵਾਰ ਨੂੰ ਪੂਰੇ ਸੂਬੇ ਵਿਚ ਫੈਲ ਗਿਆ। ਕਾਲਜ ਕੈਂਪਸ ਵਿਚ ਪਥਰਾਅ ਦੀਆਂ ਘਟਨਾਵਾਂ ਨੇ ਪੁਲਸ ਨੂੰ ਤਾਕਤ ਦੀ ਵਰਤੋਂ ਕਰਨ ਲਈ ਮਜ਼ਬੂਰ ਕਰ ਦਿੱਤਾ, ਜਿਸ ਨਾਲ ‘ਟਕਰਾਅ ਵਰਗੀ’ ਸਥਿਤੀ ਦੇਖਣ ਨੂੰ ਮਿਲੀ। ਇਸ ਦੌਰਾਨ ਸਰਕਾਰ ਅਤੇ ਹਾਈ ਕੋਰਟ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਦਾਲਤ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਦੇ ਅਧਿਕਾਰ ਲਈ ਉਨ੍ਹਾਂ ਦੀ ਇਕ ਪਟੀਸ਼ਨ ’ਤੇ ਵਿਚਾਰ ਕਰ ਰਹੀ ਹੈ। ਇਹ ਮਾਮਲਾ ਵੱਡੇ ਵਿਵਾਦ ਵਿਚ ਬਦਲਣ ਤੋਂ ਬਾਅਦ ਸੂਬਾ ਸਰਕਾਰ ਨੇ ਸੂਬੇ ਭਰ ਦੇ ਵਿਦਿਅਕ ਅਦਾਰਿਆਂ ਵਿਚ 3 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

ਕੀ ਹੈ ਪੂਰਾ ਹਿਜਾਬ ਵਿਵਾਦ
ਹਿਜਾਬ ਵਿਵਾਦ ਜਨਵਰੀ ਵਿੱਚ ਉਡੁਪੀ ਦੇ ਇਕ ਸਰਕਾਰੀ ਕਾਲਜ ਵਿਚ ਸ਼ੁਰੂ ਹੋਇਆ ਸੀ। ਕਾਲਜ ਵਿਚ 6 ਵਿਦਿਆਰਥਣਾਂ ਨਿਰਧਾਰਤ ਡਰੈੱਸ ਕੋਡ ਦੀ ਉਲੰਘਣਾ ਕਰਕੇ ਹਿਜਾਬ ਪਾ ਕੇ ਕਲਾਸ ਵਿਚ ਆਈਆਂ ਸਨ। ਇਸ ਤੋਂ ਬਾਅਦ ਕੁੰਦਪੁਰ ਅਤੇ ਬਿੰਦੂਰ ਦੇ ਕੁਝ ਹੋਰ ਕਾਲਜਾਂ ਵਿਚ ਵੀ ਅਜਿਹੇ ਹੀ ਮਾਮਲੇ ਸਾਹਮਣੇ ਆਏ। ਸੂਬੇ ਵਿਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਮੁਸਲਿਮ ਵਿਦਿਆਰਥਣਾਂ ਨੂੰ ਹਿਜਾਬ ਪਹਿਨ ਕੇ ਕਾਲਜ ਜਾਂ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਿਜਾਬ ਦੇ ਜਵਾਬ ਵਿਚ ਹਿੰਦੂ ਵਿਦਿਆਰਥੀ ਭਗਵੇਂਸ਼ਾਲਾਂ ਨਾਲ ਵਿੱਦਿਅਕ ਸੰਸਥਾਵਾਂ ਵਿਚ ਆ ਰਹੇ ਹਨ।

Leave a Reply

Your email address will not be published. Required fields are marked *