ਸੂਬੇ ਦੇ ਸੜਕੀ ਪ੍ਰਾਜੈਕਟਾਂ ‘ਚ ਤੇਜ਼ੀ ਲਿਆਉਣ ਵਾਸਤੇ ਤਾਲਮੇਲ ਕਮੇਟੀ ਕਾਇਮ ਕਰਨ ਦੇ ਨਿਰਦੇਸ਼

ਚੰਡੀਗੜ੍ਹ੍ : ਸੂਬੇ ਵਿੱਚ ਬਿਹਤਰੀਨ ਸੜਕੀ ਸੰਪਰਕ ਅਤੇ ਸਰਬਪੱਖੀ ਆਰਥਿਕ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ) ਦੇ ਚੇਅਰਮੈਨ ਡਾ: ਸੁਖਬੀਰ ਸਿੰਘ ਸੰਧੂ ਨਾਲ ਸੂਬੇ ਵਿੱਚ ਸੜਕ ਪ੍ਰਾਜੈਕਟਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਵਿਚਾਰ-ਵਟਾਂਦਰਾ ਕੀਤਾ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਤਾਲਮੇਲ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ, ਜੋ ਐਨ.ਐਚ.ਏ.ਆਈ. ਦੇ ਪ੍ਰਾਜੈਕਟਾਂ ਨਾਲ ਸਬੰਧਤ ਮਸਲਿਆਂ ਦੇ ਜਲਦੀ ਹੱਲ ਅਤੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਲਈ ਹਰ ਦੋ ਹਫ਼ਤਿਆਂ ਬਾਅਦ ਮੀਟਿੰਗ ਕਰੇਗੀ।

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦੀ ਅੰਮ੍ਰਿਤਸਰ ਨਾਲ ਅਲਾਈਨਮੈਂਟ ਬਾਰੇ ਚਰਚਾ ਕਰਦਿਆਂ ਉਨ੍ਹ੍ਹਾਂ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਪ੍ਰਾਜੈਕਟ ਲਈ ਜ਼ਮੀਨ ਗ੍ਰਹਿਣ ਕਰਨ ਸਬੰਧੀ ਮਸਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਇਸ ਪ੍ਰਾਜੈਕਟ ਦਾ ਕੰਮ ਅਕਤੂਬਰ-ਨਵੰਬਰ ਤੱਕ ਅਲਾਟ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਸੂਬਾ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਸਮੇਤ ਉਸਾਰੀ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਲਈ ਹਰ ਲੋੜੀਂਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹ੍ਹਾਂ ਦੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈਸਵੇਅ ਅਤੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸਵੇਅ ਨਾਲ ਪੰਜਾਬ ਦੇ ਮੁੱਖ ਸ਼ਹਿਰ ਲੁਧਿਆਣਾ, ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਜੁੜਨਗੇ, ਜਿਸ ਨਾਲ ਸੂਬੇ ਦੇ ਪ੍ਰਮੁੱਖ ਸਨਅਤੀ ਅਤੇ ਆਰਥਿਕ ਕੇਂਦਰਾਂ ਦੀ ਦੇਸ਼ ਦੀਆਂ ਵੱਖ-ਵੱਖ ਬੰਦਰਗਾਹਾਂ ਅਤੇ ਅਹਿਮ ਸ਼ਹਿਰਾਂ ਨਾਲ ਸੰਪਰਕ ਵਧੇਗਾ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਐਨ.ਐਚ.ਏ.ਆਈ. ਵੱਲੋਂ ਮੌਜੂਦਾ ਚਹੁੰ-ਮਾਰਗੀ ਕੌਮੀ ਸ਼ਾਹਰਾਹਾਂ ਨੂੰ ਇਨ੍ਹ੍ਹਾਂ ਸ਼ਹਿਰਾਂ ਨੂੰ ਆਪਸ ਵਿੱਚ ਜੋੜਨ ਲਈ ਸਿਗਨਲ ਮੁਕਤ ਬਣਾਉਣ ਲਈ ਅਧਿਐਨ ਕੀਤਾ ਜਾ ਰਿਹਾ ਹੈ।

ਮੀਟਿੰਗ ਦੌਰਾਨ ਰਾਜ ਵਿੱਚ 12 ਨਵੇਂ ਪ੍ਰਾਜੈਕਟਾਂ ਦੀ ਅਲਾਈਨਮੈਂਟ, ਜਿਨ੍ਹਾਂ ਵਿੱਚ ਜ਼ੀਰਕਪੁਰ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨਾ ਵੀ ਸ਼ਾਮਲ ਹੈ, ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਸੂਬਾ ਸਰਕਾਰ ਨੂੰ ਜ਼ਮੀਨ ਗ੍ਰਹਿਣ, ਵਾਤਾਵਰਨ, ਜੰਗਲਾਤ ਵਿਭਾਗ ਦੀ ਪ੍ਰਵਾਨਗੀ ਅਤੇ ਉਸਾਰੀ ਤੋਂ ਪਹਿਲਾਂ ਦੀਆਂ ਹੋਰ ਗਤੀਵਿਧੀਆਂ ਤੋਂ ਇਲਾਵਾ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਤੋਂ ਪ੍ਰਾਜੈਕਟਾਂ ਨੂੰ ਜਲਦੀ ਪ੍ਰਵਾਨਗੀ ਲਈ ਬੇਨਤੀ ਕੀਤੀ। ਇਸ ਦੌਰਾਨ 12 ਨਵੇਂ ਪ੍ਰਾਜੈਕਟਾਂ ਮੋਗਾ-ਬਾਜਾਖਾਨਾ, ਬਠਿੰਡਾ-ਮੰਡੀ ਡੱਬਵਾਲੀ, ਅੰਮ੍ਰਿਤਸਰ-ਊਨਾ, ਅੰਮ੍ਰਿਤਸਰ-ਰਮਦਾਸ, ਮਲੋਟ-ਅਬੋਹਰ-ਸਾਧੂਵਾਲੀ, ਖਰੜ-ਬਨੂੜ-ਤੇਪਲਾ, ਅੰਮ੍ਰਿਤਸਰ ਬਾਈਪਾਸ, ਬਠਿੰਡਾ ਬਾਈਪਾਸ, ਜ਼ੀਰਕਪੁਰ ਬਾਈਪਾਸ-ਅੰਬਾਲਾ-ਪੰਚਕੂਲਾ, ਛੱਤ ਜੰਕਸ਼ਨ ਤੋਂ ਸਿੰਘਪੁਰਾ ਚੌਕ ਤੱਕ ਐਲੀਵੇਟਿਡ ਰੋਡ, ਫਗਵਾੜਾ-ਹੁਸ਼ਿਆਰਪੁਰ ਅਤੇ ਮਲੋਟ-ਡੱਬਵਾਲੀ ਬਾਰੇ ਚਰਚਾ ਕੀਤੀ ਗਈ।

ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਉਸਾਰੀ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਸਬੰਧੀ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੱਢਣ ਦਾ ਭਰੋਸਾ ਦਿੰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਪ੍ਰਾਜੈਕਟਾਂ ਨੂੰ ਜਲਦੀ ਮੁਕੰਮਲ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਜੰਗਲਾਤ) ਸ੍ਰੀਮਤੀ ਰਵਨੀਤ ਕੌਰ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਪੀ.ਐਸ.ਪੀ.ਸੀ.ਐਲ.) ਸ੍ਰੀ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ (ਮਕਾਨ ਅਤੇ ਸ਼ਹਿਰੀ ਵਿਕਾਸ) ਸ੍ਰੀ ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ (ਪੀ.ਡਬਲਯੂ.ਡੀ.) (ਬੀ ਐਂਡ ਆਰ) ਸ੍ਰੀ ਵਿਕਾਸ ਪ੍ਰਤਾਪ, ਚੀਫ਼ ਇੰਜਨੀਅਰ (ਐਨ.ਐਚ.) ਪੰਜਾਬ ਸ੍ਰੀ ਟੀ ਐਸ ਚਾਹਲ, ਸੀ.ਜੀ.ਐਮ. (ਤਕਨੀਕੀ) ਐਨ.ਐਚ.ਏ.ਆਈ. ਸ੍ਰੀ ਮਨੀਸ਼ ਰਸਤੋਗੀ, ਖੇਤਰੀ ਅਫ਼ਸਰ (ਐਨ.ਐਚ.ਏ.ਆਈ.) ਚੰਡੀਗੜ੍ਹ੍ਹ ਸ੍ਰੀ ਆਰ.ਪੀ. ਸਿੰਘ, ਜੀ.ਐਮ. (ਤਕਨੀਕੀ) ਭਾਰਤਮਾਲਾ ਐਨ.ਐਚ.ਏ.ਆਈ. ਸ੍ਰੀ ਰੋਹਿਨ ਗੁਪਤਾ ਅਤੇ ਪੀ.ਡੀ. (ਐਨ.ਐਚ.ਏ.ਆਈ.) ਲੁਧਿਆਣਾ ਐਕਸਪ੍ਰੈਸ਼ ਵੇਅ ਸ੍ਰੀ ਅਨਿਲ ਕੁਮਾਰ ਸ਼ਰਮਾ ਸ਼ਾਮਲ ਸਨ।

Leave a Reply

Your email address will not be published. Required fields are marked *