ਪੰਜਾਬ ਚੋਣਾਂ ‘ਚ ਦਿਲਚਸਪ ਪਹਿਲੂ, 2 ਸੀਟਾਂ ‘ਤੇ ਪਤੀਆਂ ਖ਼ਿਲਾਫ਼ ਆਜ਼ਾਦ ਲੜਨਗੀਆਂ ਪਤਨੀਆਂ

ਲੁਧਿਆਣਾ: ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਕਈ ਕਰੀਬੀ ਰਿਸ਼ਤੇਦਾਰ ਇਕ-ਦੂਜੇ ਦੇ ਖ਼ਿਲਾਫ਼ ਮੈਦਾਨ ‘ਚ ਹਨ, ਉੱਥੇ 2 ਸੀਟਾਂ ‘ਤੇ ਸਭ ਤੋਂ ਦਿਲਚਸਪ ਪਹਿਲੂ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸੀਟਾਂ ‘ਤੇ ਪਤਨੀਆਂ ਆਪਣੇ ਪਤੀਆਂ ਦੇ ਹੀ ਖ਼ਿਲਾਫ਼ ਆਜ਼ਾਦ ਉਮੀਦਵਾਰ ਵੱਜੋਂ ਖੜ੍ਹੀਆਂ ਹੋ ਗੀਆਂ ਹਨ। ਇਨ੍ਹਾਂ ‘ਚ ਮੁੱਖ ਤੌਰ ‘ਤੇ ਲੁਧਿਆਣਾ ਦਾ ਹਲਕਾ ਆਤਮ ਨਗਰ ਸ਼ਾਮਲ ਹੈ, ਜਿੱਥੋਂ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਇਕ ਵਾਰ ਫਿਰ ਲੋਕ ਇਨਸਾਫ਼ ਪਾਰਟੀ ਵੱਲੋਂ ਚੋਣਾਂ ਲੜ ਰਹੇ ਹਨ।

ਇਸੇ ਸੀਟ ‘ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਆਜ਼ਾਦ ਉਮੀਦਵਾਰ ਹੈ। ਇਸ ਤੋਂ ਇਲਾਵਾ ਕੋਟਕਪੂਰਾ ਸੀਟ ਤੋਂ ਅਕਾਲੀ ਦਲ ਮਾਨ ਦੇ ਜਸਕਰਨ ਸਿੰਘ ਨਾਲ ਉਨ੍ਹਾਂ ਦੀ ਪਤਨੀ ਧਨਵੰਤ ਕੌਰ ਆਜ਼ਾਦ ਉਮੀਦਵਾਰ ਵੱਜੋਂ ਚੋਣਾਂ ਲੜ ਰਹੀ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਉਕਤ ਦੋਵੇਂ ਉਮੀਦਵਾਰਾਂ ਦੇ ਨਾਲ ਉਨ੍ਹਾਂ ਦੀਆਂ ਪਤਨੀਆਂ ਨੇ ਕਵਰਿੰਗ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਦਾਖ਼ਲ ਕੀਤੀ ਸੀ ਪਰ ਉਨ੍ਹਾਂ ਨੇ ਡੈੱਡਲਾਈਨ ਤਹਿਤ ਨਾਮਜ਼ਦਗੀ ਵਾਪਸ ਨਹੀਂ ਲਈ। ਇਸ ਕਾਰਨ ਚੋਣ ਕਮਿਸ਼ਨ ਨੇ ਉਕਤ ਔਰਤਾਂ ਨੂੰ ਆਜ਼ਾਦ ਉਮੀਦਵਾਰ ਦੇ ਰੂਪ ‘ਚ ਮੰਨ ਕੇ ਚੋਣ ਚਿੰਨ੍ਹ ਵੀ ਜਾਰੀ ਕਰ ਦਿੱਤਾ ਹੈ।

ਜਾਣੋ ਕੀ ਹੈ ਨਿਯਮ
ਨਿਯਮਾਂ ਮੁਤਾਬਕ ਮੰਨੀਆਂ-ਪ੍ਰਮੰਨੀਆਂ ਪਾਰਟੀਆਂ ਦੇ ਉਮੀਦਵਾਰ ਵੱਲੋਂ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਕਵਰਿੰਗ ਉਮੀਦਵਾਰ ਦੀ ਨਾਮਜ਼ਦਗੀ ਖ਼ੁਦ ਹੀ ਰੱਦ ਹੋ ਜਾਂਦੀ ਹੈ ਪਰ ਰਜਿਸਟਰਡ ਪਾਰਟੀਆਂ ਦੇ ਉਮਦੀਵਾਰਾਂ ਦੀ ਨਾਮਜ਼ਦਗੀ ਪਾਸ ਹੋਣ ਤੋਂ ਬਾਅਦ ਕਵਰਿੰਗ ਉਮੀਦਵਾਰ ਦੇ ਪੇਪਰ ਵਾਪਸ ਲੈਣੇ ਜ਼ਰੂਰੀ ਹੁੰਦੇ ਹਨ ਪਰ ਉਕਤ ਦੋਹਾਂ ਉਮੀਦਵਾਰਾਂ ਦੀਆਂ ਪਤਨੀਆਂ ਵੱਲੋਂ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।

Leave a Reply

Your email address will not be published. Required fields are marked *