ਕੈਨੇਡਾ ‘ਚ ਪ੍ਰਦਰਸ਼ਨ ਕਰ ਰਹੇ ਟਰੱਕ ਡਰਾਈਵਰਾਂ ਦੀ ਅਗਵਾਈ ਕਰਨ ਵਾਲੇ ਦੋ ਲੋਕ ਗ੍ਰਿਫ਼ਤਾਰ

ਓਟਾਵਾ: ਕੈਨੇਡਾ ਦੀ ਰਾਜਧਾਨੀ ਓਟਾਵਾ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰ ਕੇ ਜਾਮ ਲਗਾਉਣ ਵਾਲੇ ਸੈਂਕੜੇ ਟਰੱਕ ਡਰਾਈਵਰਾਂ ਦੀ ਅਗਵਾਈ ਕਰ ਰਹੇ ਦੋ ਨੇਤਾਵਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਤਮਾਰਾ ਲਿਚ ਅਤੇ ਕ੍ਰਿਸ ਬਾਰਬਰ ਨੂੰ ਪਾਰਲੀਆਮੈਂਟ ਹਿੱਲ ਇਲਾਕੇ ਦੇ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਲੱਗਭਗ 3 ਹਫ਼ਤੇ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਦੀ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਪਰ ਪ੍ਰਦਰਸ਼ਨਕਾਰੀ ਟਰੱਕ ਡਰਾਈਵਰ ਉੱਥੇ ਡਟੇ ਹੋਏ ਹਨ ਅਤੇ ਆਪਣੇ-ਆਪਣੇ ਟਰੱਕਾਂ ਦੇ ਹੌਰਨ ਵਜਾ ਕੇ ਉੱਥੋਂ ਨਾ ਹਟਣ ਦਾ ਸੰਕੇਤ ਦੇ ਰਹੇ ਹਨ।

ਅਸਲ ਵਿਚ ਕੈਨੇਡਾ ਵਿਚ ਇਹਨੀਂ ਦਿਨੀਂ ਕੋਵਿਡ-19 ਟੀਕਾਕਰਨ ਅਤੇ ਗਲੋਬਲ ਮਹਾਮਾਰੀ ਸਬੰਧੀ ਪਾਬੰਦੀਆਂ ਖ਼ਿਲਾਫ਼ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਟਰੱਕ ਡਰਾਈਵਰਾਂ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਟਰੱਕਾਂ ਨਾਲ ਜਾਮ ਲਗਾ ਦਿੱਤਾ ਹੈ ਅਤੇ ਕਈ ਥਾਵਾਂ ‘ਤੇ ਕੈਨੇਡਾ ਤੋਂ ਅਮਰੀਕਾ ਜਾਣ ਵਾਲਾ ਰਸਤਾ ਰੋਕ ਦਿੱਤਾ ਹੈ। ਵੱਡੀ ਗਿਣਤੀ ਵਿਚ ਪੁਲਸ ਕਰਮੀ ਓਟਾਵਾ ਦੇ ਪਾਰਲੀਆਮੈਂਟ ਹਿਲ ਇਲਾਕੇ ਵਿਚ ਪਹੁੰਚੇ ਅਤੇ ਉਹਨਾਂ ਨੇ ਸਰਕਾਰੀ ਇਮਾਰਤਾਂ ਦੇ ਚਾਰੇ ਪਾਸੇ ਕੰਡਿਆਲੀ ਤਾਰ ਲਗਾ ਕੇ ਉਹਨਾਂ ਦੀ ਘੇਰਾਬੰਦੀ ਕਰ ਦਿੱਤੀ।

ਪੁਲਸ ਨੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਨੂੰ ਬਾਹਰੀ ਲੋਕਾਂ ਲਈ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪ੍ਰਦਰਸ਼ਨਕਾਰੀਆਂ ਦੀ ਮਦਦ ਲਈ ਉਹਨਾਂ ਨੂੰ ਆਉਣ ਤੋਂ ਰੋਕਿਆ ਜਾ ਸਕੇ। ਓਟਾਵਾ ਪੁਲਸ ਦੇ ਅੰਤਰਿਮ ਪ੍ਰਮੁੱਖ ਸਟੀਵ ਬੇਲ ਨੇ ਕਿਹਾ ਕਿ ਖਤਰੇ ਦਾ ਖਦਸ਼ਾ ਦੇਖਦੇ ਹੋਏ ਇਹ ਕਾਰਵਾਈ ਜ਼ਰੂਰੀ ਹੈ। ਸਟੀਵ ਬੇਲ ਨੇ ਕਿਹਾ ਕਿ ਅਸੀਂ ਇਸ ਗੈਰ ਕਾਨੂੰਨੀ ਪ੍ਰਦਰਸ਼ਨ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹਾਂ।

Leave a Reply

Your email address will not be published. Required fields are marked *