ਗੰਨਮੈਨਾਂ ਨਾਲ ਚੋਣ ਬੂਥ ’ਤੇ ਪੁੱਜੇ ਰਾਣਾ ਗੁਰਮੀਤ ਸੋਢੀ ਤੇ ਪਰਮਿੰਦਰ ਪਿੰਕੀ ਖਿਲਾਫ਼ ਕੇਸ ਦਰਜ

ਫ਼ਿਰੋਜ਼ਪੁਰ: ਚੋਣਾਂ ਵਾਲੇ ਦਿਨ ਆਪਣੇ ਗੰਨਮੈਨਾਂ ਨਾਲ ਚੋਣ ਬੂਥ ’ਤੇ ਗੇੜੀ ਮਾਰਨ ਲਈ ਪਹੁੰਚੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਖ਼ਿਲਾਫ਼ ਥਾਣਾ ਛਾਉਣੀ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਚੋਣ ਅਫ਼ਸਰ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ। ਦੋਵੇਂ ਉਮੀਦਵਾਰ ਇਸ ਤੋਂ ਪਹਿਲਾਂ ਕਈ ਵਾਰ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ, ਪਰ ਇਸ ਦੇ ਬਾਵਜੂਦ ਦੋਵਾਂ ਉਮੀਦਵਾਰਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕਰ ਦਿੱਤਾ। ਪੁਲੀਸ ਨੇ ਆਈਪੀਸੀ ਦੀ ਧਾਰਾ 188 ਅਤੇ 171-ਐਫ਼ ਅਧੀਨ ਕੇਸ ਦਰਜ ਕੀਤਾ ਹੈ। ਦੱਸ ਦਈਏ ਕਿ ਦੋਵਾਂ ਉਮੀਦਵਾਰਾਂ ਨਾਲ ਹਮੇਸ਼ਾ ਹੀ ਵੱਡੀ ਗਿਣਤੀ ਸੁਰੱਖਿਆ ਗਾਰਡ ਮੌਜੂਦ ਰਹਿੰਦੇ ਹਨ।

Leave a Reply

Your email address will not be published. Required fields are marked *