ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ

ਕਾਦੀਆਂ : ਯੂਕ੍ਰੇਨ ਦੇ ਤਣਾਅਪੂਰਨ ਮਾਹੌਲ ’ਚ ਕਾਦੀਆਂ ਦੇ ਵਿਦਿਆਰਥੀ ਚਾਹਤ ਅਤੇ ਗੁਰਪ੍ਰਤਾਪ ਸਿੰਘ ਵੀ ਫਸੇ ਹੋਏ ਹਨ। ਇਸ ਮਾਹੌਲ ’ਚ ਚਾਹਤ ਦਾ ਕਹਿਣਾ ਸੀ ਕਿ ਫ਼ਿਲਹਾਲ ਤਾਂ ਉਹ ਸੁਰੱਖਿਅਤ ਹਨ ਪਰ ਉਨ੍ਹਾਂ ਦੀ ਸਤਿਥੀ ਬਹੁਤ ਖ਼ਰਾਬ ਹੈ। ਉਹ ਖ਼ਾਰਕੀਵ ਵਿਚ ਫਸੇ ਹੋਏ ਹਨ। ਉਨ੍ਹਾਂ ਨੂੰ ਇਕ ਬੇਸਮੇਂਟ ਵਿਚ ਠੰਡ ਵਾਲੇ ਮੌਸਮ ’ਚ ਬਿਨਾ ਕਿਸੇ ਹੀਟਰ ਅਤੇ ਕੰਬਲ ਦੀ ਸੁਵਿਧਾ ਦੇ ਰਹਿਣਾ ਪੈ ਰਿਹਾ ਹੈ। ਇਸ ਮਾਹੌਲ ਵਿੱਚ ਬਚਣਾ ਬਹੁਤ ਮੁਸ਼ਕਲ ਹੈ।

ਜ਼ਿਕਰਯੋਗ ਹੈ ਕਿ ਯੂਕਰੇਨ ’ਚ ਇਨ੍ਹਾਂ ਦਿਨੀਂ ਤਾਪਮਾਨ ‘ਜ਼ੀਰੋ’ ਦੇ ਹੇਠਾਂ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਇਸ ਬੇਸਮਿੰਟ ਵਿਚ ਫਸੇ ਹੋਏ ਹਨ। ਇਸ ਦੌਰਾਨ ਆਲੇ-ਦੁਆਲੇ ਹੋ ਰਹੀ ਬੰਬਾਰੀ ਦੀਆਂ ਅਵਾਜ਼ਾਂ ਨੂੰ ਉਹ ਸਾਫ਼ ਸੁੰਨ ਸਕਦੇ ਹਨ। ਡਰ ਕਾਰਨ ਕਿਸੇ ਵਿਦਿਆਰਥੀ ਨੂੰ ਨੀਂਦ ਨਹੀਂ ਆ ਰਹੀ। ਸਾਰੇ ਵਿਦਿਆਰਥੀ ਸਹਿਮੇ ਹੋਏ ਹਨ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਏਜੰਟ ਉਨ੍ਹਾਂ ਨੂੰ ਖਾਣ-ਪੀਣ ਦੀ ਸੁਵਿਧਾ ਅਤੇ ਸੁਰਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ‘ਸਾਨੂੰ ਸਿਰਫ਼ ਇੰਨਾ ਪਤਾ ਹੈ ਕਿ ਸਾਨੂੰ ਇਨ੍ਹਾਂ ਬੇਸਮੈਂਟਾਂ ਅਤੇ ਬੰਕਰਾਂ ਵਿੱਚ ਰਹਿਣਾ ਪਵੇਗਾ। ਸਾਨੂੰ ਨਹੀਂ ਪਤਾ ਕਿ ਅਸੀਂ ਇਸ ਤਰ੍ਹਾਂ ਕਿੰਨਾ ਚਿਰ ਜੀ ਸਕਦੇ ਹਾਂ। ਭੋਜਨ, ਪਾਣੀ ਸਭ ਕੁਝ ਖ਼ਤਮ ਹੋ ਰਿਹਾ ਹੈ। ਪਹਿਲੇ ਧਮਾਕੇ ਨਾਲ ਹੀ ਅਸੀਂ ਵਾਈ-ਫਾਈ ਕਨੈਕਟੀਵਿਟੀ ਗੁਆ ਦਿੱਤਾ। ਹੁਣ, ਅਸੀਂ ਆਪਣੇ ਸਿਮ ਕਾਰਡਾਂ ਰਾਹੀਂ ਆਪਣੇ ਪਰਿਵਾਰਾਂ ਨਾਲ ਇੰਟਰਨੈੱਟ ਨਾਲ ਗੱਲ ਕਰ ਰਹੇ ਹਾਂ। ਕੌਣ ਜਾਣਦਾ ਹੈ ਕਿ ਇਹ ਕਿੰਨਾ ਚਿਰ ਚੱਲੇਗਾ?”

ਇਸ ਤਰ੍ਹਾਂ ਗੁਰਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਰੂਮ ਵਿਚ 3 ਵਿਦਿਆਰਥੀਆਂ ਨਾਲ ਰਹਿ ਰਹੇ ਹਨ ਅਤੇ ਬਚੇ ਹੋਏ ਰਾਸ਼ਨ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਵੈਸਟ ਸਾਈਡ ਬਾਰਡਰ ’ਤੇ ਆਉਣ ਨੂੰ ਕਿਹਾ ਜਾ ਰਿਹਾ ਹੈ ਪਰ ਅਸੀਂ ਈਸਟ ਸਾਈਡ ਖ਼ਾਰਕੀਵ ’ਚ ਹਨ। ਖ਼ਾਰਕੀਵ ’ਚ ਭਿਆਨਕ ਬੰਬਬਾਰੀ ਹੋ ਰਹੀ ਹੈ। ਸਾਨੂੰ ਬੰਬਾਰੀ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ। ਇਸ ਮਾਹੌਲ ਵਿਚ ਅਸੀਂ ਬਿਨਾ ਕਿਸੇ ਸੁਰੱਖਿਆ ਦੇ ਬਾਰਡਰ ਵੱਲ ਕਿਵੇਂ ਜਾਈਏ। 

ਗੁਰਪ੍ਰਤਾਪ ਨੇ ਦੱਸਿਆ ਕਿ ਖਾਰਕੀਵ ਸ਼ਹਿਰ ਵਿੱਚ 2000 ਦੇ ਕਰੀਬ ਵਿਦਿਆਰਥੀ ਇਕੱਠੇ ਰਹਿ ਰਹੇ ਹਨ ਪਰ ਅਜੇ ਤੱਕ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਭੇਜੀ ਗਈ। ਉਹ ਭੁੱਖੇ ਠੰਡ ਵਿੱਚ ਰਹਿ ਰਹੇ ਹਨ ਅਤੇ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਭਾਰਤੀ ਦੂਤਾਵਾਸ ਉਨ੍ਹਾਂ ਨੂੰ ਯੂਕਰੇਨ ਤੋਂ ਬਾਹਰ ਕੱਢਣਾ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਖਾਰਕਿਵ ‘ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਫਸੇ ਹੋਏ ਸਾਰੇ ਭਾਰਤੀ ਵਿਦਿਆਰਥੀਆਂ ਦੇ ਤਰਫੋਂ ਉਨ੍ਹਾਂ ਨੇ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜਲਦ ਯੂਕ੍ਰੇਨ ਤੋਂ ਕੱਢ ਭਾਰਤ ਵਾਪਸ ਲਿਆਇਆ ਜਾਵੇ। ਸਾਡੀ ਸਥਿਤੀ ਬਹੁਤ ਭਿਆਨਕ ਹੈ ਅਤੇ ਅਸੀਂ ਸਾਰੇ ਇਸ ਨੂੰ ਹੋਰ ਬਰਦਾਸ਼ਤ ਕਰਨ ਦੇ ਯੋਗ ਨਹੀਂ ਹਾਂ।

Leave a Reply

Your email address will not be published. Required fields are marked *