2018 ਦੌਰਾਨ ਡੇਢ ਲੱਖ ਵਿਦਿਆਰਥੀਆਂ ਨੇ 22 ਅਰਬ 50 ਕਰੋੜ ਰੁਪਏ ਵਿਦੇਸ਼ਾਂ ਵਿਚ ਪੜ੍ਹਾਈ ਲਈ ਕੀਤੇ ਖ਼ਰਚ

ਸੰਗਰੂਰ : ਪੰਜਾਬ ਵਿੱਚ ਜੰਮੇ ਬੱਚਿਆਂ ਦਾ ਵਿਦੇਸ਼ਾਂ ਵਲ ਪ੍ਰਵਾਸ ਹੁਣ ਕੋਈ ਲੁਕਿਆ-ਛਿਪਿਆ, ਅਣਗੌਲਿਆ ਜਾਂ ਨਵਾਂ ਮੁੱਦਾ ਨਹੀਂ ਰਿਹਾ। ਦਰਅਸਲ ਇਸ ਪ੍ਰਵਾਸ ਦੀਆਂ ਜੜ੍ਹਾਂ ਦੇਸ਼ ਅੰਦਰ ਪਸਰੇ ਆਰਥਿਕ ਮੰਦਵਾੜੇ, ਅਮਨ ਕਾਨੂੰਨ ਦੀ ਤਰਸਯੋਗ ਹਾਲਤ ਅਤੇ ਬੇਰੁਜ਼ਗਾਰੀ ਵਰਗੇ ਵਿਸ਼ਾਲ ਮਸਲਿਆਂ ਦੀ ਦੇਣ ਹਨ।

ਵਿਦੇਸ਼ਾਂ ਵਲ ਇਸ ਪ੍ਰਵਾਸ ਦੀ ਯੋਜਨਾਬੰਦੀ ਵਿਚ ਵਿਦੇਸ਼ ਜਾਣ ਵਾਲੇ ਬੱਚੇ ਦੇ ਸਮੁੱਚੇ ਪ੍ਰਵਾਰ ਦੀ ਹਮੇਸ਼ਾਂ ਭਰਵੀਂ ਸ਼ਮੂਲੀਅਤ ਹੁੰਦੀ ਹੈ ਕਿਉਂਕਿ ਇਸ ਪ੍ਰਵਾਸ ਨਾਲ ਪ੍ਰਵਾਰ ਦਾ ਭਵਿੱਖ ਅਤੇ ਹੋਣੀ ਜੁੜੀ ਹੁੰਦੀ ਹੈ।

ਬਹੁਗਿਣਤੀ ਬੱਚਿਆਂ ਵਲੋਂ ਵਿਦੇਸ਼ਾਂ ਵਲ ਪ੍ਰਵਾਸ ਦਾ ਰੁਝਾਨ ਬੁਨਿਆਦੀ ਤੌਰ ‘ਤੇ ਭਾਵੇਂ ਉੱਚ ਵਿਦਿਆ ਗ੍ਰਹਿਣ ਕਰਨ ਦੇ ਮਨਸੂਬੇ ਤੋਂ ਪ੍ਰੇਰਿਤ ਹੈ ਪਰ ਅਸਲ ਵਿਚ ਇਹ ਪ੍ਰਵਾਸ ਪੱਕੇ ਤੌਰ ‘ਤੇ ਸਥਾਪਤੀ ਦਾ ਇਕ ਸਾਧਨ ਬਣ ਚੁੱਕਾ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਰਕ ਪਰਮਿਟ, ਵਰਕ ਪਰਮਿਟ ਤੋਂ ਬਾਅਦ ਟੀ.ਆਰ. (ਟੈਂਪਰੇਰੀ ਰੈਜ਼ੀਡੈਂਸੀ) ਅਤੇ ਉਸ ਤੋਂ ਬਾਅਦ ਪੀ.ਆਰ. (ਪਰਮਾਨੈਂਟ ਰੈਜ਼ੀਡੈਂਸੀ) ਵੀ ਦੇ ਦਿਤੀ ਜਾਂਦੀ ਹੈ ਜਿਸ ਦੁਆਰਾ ਉਨ੍ਹਾਂ ਲਈ ਉਸ ਦੇਸ਼ ਵਿਚ ਪੱਕੇ ਤੌਰ ‘ਤੇ ਸਥਾਪਤ ਹੋਣ ਦੇ ਮੌਕਿਆਂ ਦੀ ਭਰਮਾਰ ਹੋ ਜਾਂਦੀ ਹੈ।

ਅਗਰ ਕੈਨੇਡਾ ਪੜ੍ਹਨ ਜਾ ਰਹੇ ਇਕ ਬੱਚੇ ਦੀ ਪੜ੍ਹਾਈ ਦੇ ਖਰਚੇ ਸਮੇਤ ਹੋਰ ਢੇਰ ਸਾਰੇ ਸਹਾਇਕ ਖਰਚਿਆਂ ਤੇ ਪੰਛੀ ਝਾਤ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਉਥੇ ਬੈਚੂਲਰ ਕੋਰਸਾਂ ਵਿਚ ਫ਼ੀਸ 6 ਤੋਂ 12 ਲੱਖ ਰੁਪਏ ਸਲਾਨਾ ਹੈ। ਮਾਸਟਰਜ਼ ਲਈ ਫੀਸ 7 ਤੋਂ 18 ਲੱਖ ਰੁਪਏ ਸਲਾਨਾ ਹੈ। ਇੱਕ ਸਾਲ ਦੇ ਡਿਪਲੋਮੇ ਦੀ ਫੀਸ ਲਗਭਗ 8 ਲੱਖ 25 ਹਜਾਰ ਰੁਪਏ ਹੈ। ਡਾਕਟਰੀ ਨਾਲ ਸੰਬੰਧਤ ਸਹਾਇਕ ਕੋਰਸਾਂ ਲਈ ਫੀਸ ਦੀ ਦਰ 4 ਤੋਂ 7 ਲੱਖ ਰੁਪਏ ਸਲਾਨਾ ਹੈ। ਸਟੂਡੈਂਟ ਵੀਜ਼ਾ ਫੀਸ ਲਗਭਗ 7800 ਰੁਪਏ ਹੈ।

ਕੈਨੇਡਾ ਰਹਿਣ ਦੇ ਖਰਚੇ ਲਗਭਗ 5 ਲੱਖ 50 ਹਜਾਰ ਰੁਪਏ ਸਲਾਨਾ ਹਨ। ਟਰਾਂਸਪੋਰਟ ਖਰਚੇ 5 ਤੋਂ 10 ਹਜ਼ਾਰ ਪ੍ਰਤੀ ਮਹੀਨਾ ਹਨ। ਸਿਹਤ ਸੰਭਾਲ ਦਾ ਖਰਚਾ 15000 ਹਜ਼ਾਰ ਮਹੀਨਾ ਤੋਂ ਕਈ ਲੱਖ ਸਾਲਾਨਾ ਤਕ ਹੋ ਸਕਦਾ ਹੈ। ਪੰਜਾਬੀ ਬੋਲਦੇ ਬੱਚੇ ਅੰਗਰੇਜੀ ਸਕੂਲਾਂ ਵਿੱਚ ਅਤੇ ਹਿੰਦੀ ਬੋਲਦੇ ਬੱਚੇ ਪੰਜਾਬੀ ਸਕੂਲਾਂ ਵਿੱਚ ਪੜ੍ਹ ਰਹੇ ਹਨ ਪੰਜਾਬ ਦੀ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ ਕਿ ਉਨ੍ਹਾਂ ਵਲੋਂ ਬਣਾਏ ਮਹਿਲਨੁਮਾ ਘਰਾਂ ਵਿੱਚ ਹੁਣ ਕਬੂਤਰ ਬੋਲਦੇ ਹਨ।

Leave a Reply

Your email address will not be published. Required fields are marked *