ਪੁਰਤਗਾਲ ਵਿਖੇ ਚੱਬੇਵਾਲ ਦੇ ਵਿਅਕਤੀ ਦੀ ਸੜਕ ਹਾਦਸੇ ‘ਚ ਮੌਤ, 4 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼

ਚੱਬੇਵਾਲ : ਇਲਾਕੇ ਵਿਚ ਸੋਗ ਦੀ ਲਹਿਰ ਉਦੋਂ ਦੌੜ ਗਈ ਜਦੋਂ ਹਲਕਾ ਚੱਬੇਵਾਲ ਦੇ ਪਿੰਡ ਸੋਨਾ ਦੇ ਗਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਵਿਦੇਸ਼ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (34) ਪੁੱਤਰ ਮਲਕੀਤ ਸਿੰਘ ਵਾਸੀ ਸੋਨਾ, ਜੋਕਿ ਰੋਜ਼ੀ ਰੋਟੀ ਕਮਾਉਣ ਲਈ ਚਾਰ ਕੁ ਮਹੀਨੇ ਪਹਿਲਾਂ ਹੀ ਪੁਰਤਗਾਲ ਵਿਖੇ ਗਿਆ ਸੀ, ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਹਰਪ੍ਰੀਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਸੁਖਵਿੰਦਰ ਕੌਰ ਅਤੇ ਪੁੱਤਰੀ ਇਸ਼ਮੀਤ ਕੌਰ (05) ਛੱਡ ਗਿਆ।
ਅੱਜ ਮ੍ਰਿਤਕ ਹਰਪ੍ਰੀਤ ਸਿੰਘ ਦੇ ਭਰਾ ਸੁਖਪ੍ਰੀਤ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ, ਸਾਬਕਾ ਸਰਪੰਚ ਜਸਵਿੰਦਰ ਬਿੱਟੂ, ਪੰਚ ਮੱਖਣ ਸਿੰਘ, ਪੰਚ ਗੁਰਵਿੰਦਰ ਸਿੰਘ, ਜਸਵੀਰ ਸ਼ੀਰਾ, ਪਰਮਜੀਤ ਸਿੰਘ, ਨਵਜੋਤ ਸਿੰਘ, ਸਤਵਿੰਦਰ ਸਿੰਘ ਅਤੇ ਸਮਾਜ ਸੇਵੀ ਚੰਚਲ ਵਰਮਾ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ ਕਰ ਕੇ ਮਦਦ ਦੀ ਮੰਗ ਕੀਤੀ ਗਈ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੀ ਲਾਸ਼ ਨੂੰ ਭਾਰਤ ਸਰਕਾਰ ਦੇ ਖਰਚੇ ’ਤੇ ਵਿਦੇਸ਼ ਤੋਂ ਭਾਰਤ ਲਿਆਂਦਾ ਜਾਵੇ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੀਡ਼ਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਵੱਲੋਂ ਹਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਲਿਆਉਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।