WHO ਨੇ ਕੀਤੀ ਪੁਸ਼ਟੀ, ਰੂਸ ਵੱਲੋਂ ਯੂਕ੍ਰੇਨ ‘ਚ ਸਿਹਤ ਸਹੂਲਤਾਂ ‘ਤੇ ਹੋਏ ਹਮਲੇ

ਜੇਨੇਵਾ: ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਯੁੱਧ ਪ੍ਰਭਾਵਿਤ ਯੂਕ੍ਰੇਨ ਵਿਚ ਸਿਹਤ ਸਹੂਲਤ ਕੇਂਦਰਾਂ ‘ਤੇ ਕਈ ਹਮਲੇ ਹੋਣ ਦੀ ਪੁਸ਼ਟੀ ਕੀਤੀ ਹੈ। ਡਬਲਯੂਐਚਓ ਦੇ ਮੁਖੀ ਟੇਡਰੋਸ ਏ ਘੇਬਰੇਅਸਸ ਨੇ ਐਤਵਾਰ ਨੂੰ ਟਵੀਟ ਕਰ ਕੇ ਦੱਸਿਆ ਕਿ ਡਬਲਯੂਐਚਓ ਨੇ ਯੂਕ੍ਰੇਨ ਵਿੱਚ ਸਿਹਤ ਸਹੂਲਤ ਕੇਂਦਰਾਂ ‘ਤੇ ਕਈ ਹਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਰਿਪੋਰਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਸਿਹਤ ਸਹੂਲਤ ਕੇਂਦਰਾਂ ਜਾਂ ਸਿਹਤ ਕਰਮਚਾਰੀਆਂ ‘ਤੇ ਹਮਲੇ ਡਾਕਟਰੀ ਦੇਖਭਾਲ ਪ੍ਰਦਾਨ ਕਰਾਉਣ ਵਾਲੇ ਲੋਕਾਂ ਅਤੇ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ ਹੈ। ਇਸ ਤੋਂ ਪਹਿਲਾਂ ਡਬਲਯੂਐਚਓ ਨੇ ਸ਼ਨੀਵਾਰ ਨੂੰ ਯੂਕ੍ਰੇਨ ਵਿਚ ਸਿਹਤ ਕੇਂਦਰ ‘ਤੇ ਹੋਏ ਹਮਲਿਆਂ ਨੂੰ ਲੈ ਕੇ ਛੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਸਨ। ਨਾਲ ਹੀ ਇਨ੍ਹਾਂ ਹਮਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਸੀ, ਜਿਸ ਕਾਰਨ 6 ਲੋਕ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋਏ ਸਨ। ਦੂਜੇ ਪਾਸੇ ਬ੍ਰਿਟੇਨ ਦੇ ਅਖ਼ਬਾਰ ‘ਦਿ ਗਾਰਡੀਅਨ’ ਨੇ ਯੂਕ੍ਰੇਨ ਦੀਆਂ ਐਮਰਜੈਂਸੀ ਸੇਵਾਵਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਰੂਸ ਵੱਲੋ ਦਾਗੀ ਗਈ ਮਿਜ਼ਾਈਲ ਕਾਰਨ ਇਨ੍ਹਾਂ ਲੋਕਾਂ ਦੀ ਮੌਤ ਹੋਈ ਸੀ। ਇਹ ਹਮਲਾ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਲਗਭਗ 140 ਕਿਲੋਮੀਟਰ ਉੱਤਰ-ਪੱਛਮ ਵਿਚ ਜ਼ਾਇਟੋਮਿਰ ਖੇਤਰ ਵਿਚ ਰਿਹਾਇਸ਼ੀ ਘਰਾਂ ‘ਤੇ ਹੋਇਆ ਸੀ।

ਕੋਰੋਸਟੇਨ ਵਿਚ ਇਕ ਹੋਰ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ ਸਨ। ਇਸ ਦੌਰਾਨ ਸ਼ਰਨਾਰਥੀਆਂ ਲਈ ਗਠਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਫਿਲਿਪੋ ਗ੍ਰਾਂਡੀ ਨੇ ਕਿਹਾ ਕਿ ਇਹ ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸ਼ਰਨਾਰਥੀ ਸੰਕਟ ਹੈ।ਉੱਧਰ ਸੰਯੁਕਤ ਰਾਸ਼ਟਰ ਮੁਤਾਬਕ 24 ਫਰਵਰੀ ਤੋਂ ਹੁਣ ਤੱਕ 14.30 ਲੱਖ ਯੂਕ੍ਰੇਨ ਦੇ ਵਸਨੀਕ ਪਲਾਇਨ ਕਰ ਚੁੱਕੇ ਹਨ।

Leave a Reply

Your email address will not be published. Required fields are marked *