ਬਾਦਲਾਂ ਨੇ ਹਰਸਿਮਰਤ ਦੀ ਕੁਰਸੀ ਖਾਤਰ ਮੋਦੀ ਅੱਗੇ ਗੋਡੇ ਟੇਕੇ: ਬ੍ਰਹਮਪੁਰਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਕਿਸਾਨਾਂ ਦੀ ਬਰਬਾਦੀ ਦਾ ਅਾਧਾਰ ਬਣਨ ਵਾਲੇ ਆਰਡੀਨੈਂਸ ਦਾ ਵਿਰੋਧ ਕਰਨ ਦੀ ਥਾਂ ਮੋਦੀ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਰਾਜਨੀਤਕ ਹਾਲਾਤਾਂ ਦੀ ਸਮੀਖਿਆ ਕਰਕੇ ਊਹ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਪੰਜਾਬ ਨੂੰ ਤੀਜੇ ਬਦਲ ਦੀ ਲੋੜ ਹੈ ਅਤੇ ਊਹ ਇਸ ਸਬੰਧੀ ਸਾਰਥਿਕ ਭੂਮਿਕਾ ਨਿਭਾਊਣਗੇ। ਪਾਰਟੀ ਦੀ ਕੋਰ ਕਮੇਟੀ ਅਤੇ ਸੀਨੀਅਰ ਅਕਾਲੀ ਆਗੂਆਂ ਨੇ ਪੰਥਕ ਏਕਤਾ ਅਤੇ ਤੀਜੇ ਬਦਲ ਦੀ ਮੁੜ ਉਸਾਰੀ ਲਈ ਸਰਬਸੰਮਤੀ ਨਾਲ ਸ੍ਰੀ ਬ੍ਰਹਮਪੁਰਾ ਨੂੰ ਸਾਰੇ ਹੱਕ ਦਿੱਤੇ। ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਵੱਖ ਵੱਖ ਆਰਡੀਨੈਂਸ ਦਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਰੋਧ ਕਰਦਾ ਹੈ। ਊਨ੍ਹਾਂ ਕਿਹਾ ਕਿ ਅਾਪਣੀ ਕੁਰਸੀ ਬਚਾਉਣ ਲਈ ਹਰਸਿਮਰਤ ਬਾਦਲ ਨੇ ਕੈਬਨਿਟ ਦੀ ਮੀਟਿੰਗ ਵਿੱਚ ਇਸ ਬਿੱਲ ’ਤੇ ਦਸਤਖਤ ਕਰ ਕੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਰਡੀਨੈਂਸ ਦੀ ਡਟਵੀਂ ਹਮਾਇਤ ਕਰਨਾ ਅਤੇ ਫਿਰ ਕੁਰਬਾਨੀਆਂ ਦੀ ਗੱਲ ਕਰਨੀ ਸਿਰਫ਼ ਡਰਾਮਾ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਲਈ ਡੀਜ਼ਲ ਮਹਿੰਗਾ ਅਤੇ ਜਾਅਲੀ ਬੀਜ, ਖਾਦਾਂ ਦੇਣਾ ਇਸ ਦੀਆਂ ਤਾਜ਼ਾ ਮਿਸਾਲਾਂ ਹਨ। ਟਕਸਾਲੀ ਦਲ ਦੇ ਪ੍ਰਧਾਨ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਦੇਸ਼ ਦੇ ਸਮੂਹ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ, ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ, ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ, ਜਨਰਲ ਸਕੱਤਰ ਮੱਖਣ ਸਿੰਘ ਨੰਗਲ, ਮੁੱਖ ਜਥੇਬੰਦਕ ਸਕੱਤਰ ਜਥੇਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ, ਰਵਿੰਦਰ ਸਿੰਘ ਬ੍ਰਹਮਪੁਰਾ, ਜਸਪ੍ਰੀਤ ਸਿੰਘ ਹੌਬੀ ਅਤੇ ਜਗਤਾਰ ਸਿੰਘ ਘੜੂੰਆਂ ਹਾਜ਼ਰ ਸਨ।

Leave a Reply

Your email address will not be published. Required fields are marked *