ਯੂਰਪ ‘ਚ ਤਿੰਨ ਮਹੀਨੇ ਬਾਅਦ ਖੁੱਲ੍ਹੀਆਂ ਸਰਹੱਦਾਂ, ਪਾਬੰਦੀਆਂ ਬਰਕਰਾਰ

ਬਰਲਿਨ : ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਯੂਰਪ ‘ਚ ਆਮ ਜਨਜੀਵਨ ਵੱਲ ਕਦਮ ਵਧਣਾ ਸ਼ੁਰੂ ਹੋ ਗਿਆ ਹੈ। ਇਸੇ ਲੜੀ ‘ਚ ਕਰੀਬ ਤਿੰਨ ਮਹੀਨੇ ਬਾਅਦ ਸੋਮਵਾਰ ਨੂੰ ਪੂਰੇ ਯੂਰਪ ‘ਚ ਸਰਹੱਦਾਂ ਖੋਲ੍ਹ ਦਿੱਤੀਆਂ ਗਈਆਂ। ਹਾਲਾਂਕਿ ਹੁਣ ਵੀ ਕੋਰੋਨਾ ਰੋਕਥਾਮ ਦੀਆਂ ਕਈ ਪਾਬੰਦੀਆਂ ਬਰਕਰਾਰ ਰੱਖੀਆਂ ਗਈਆਂ ਹਨ। ਕਈ ਯੂਰਪੀ ਦੇਸ਼ਾਂ ਨੇ ਵੀ ਆਪਣੇ ਇੱਥੇ ਕਾਰੋਬਾਰੀ ਤੇ ਸਮਾਜਿਕ ਸਰਗਰਮੀਆਂ ‘ਚ ਹੋਰ ਰਾਹਤ ਦਿੱਤੀ ਹੈ। ਇੰਗਲੈਂਡ ‘ਚ ਗ਼ੈਰ ਜ਼ਰੂਰੀ ਦੁਕਾਨਾਂ ਖੁੱਲ੍ਹ ਗਈਆਂ ਹਨ। ਫਰਾਂਸ ‘ਚ ਹੋਰ ਿਢੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਟਲੀ ‘ਚ ਮਨੋਰੰਜਨ ਵਾਲੀਆਂ ਥਾਵਾਂ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਜਦਕਿ ਗ੍ਰੀਸ ਨੇ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਪੇਨ ਨੇ ਐਲਾਨ ਕੀਤਾ ਹੈ ਕਿ ਉਹ 21 ਜੂਨ ਤੋਂ ਆਪਣੀਆਂ ਸਰਹੱਦਾਂ ਬਾਕੀ ਯੂਰਪੀ ਦੇਸ਼ਾਂ ਲਈ ਖੋਲ੍ਹ ਦੇਵੇਗਾ।
ਯੂਰਪ ‘ਚ ਇਟਲੀ, ਸਪੇਨ, ਬਰਤਾਨੀਆ, ਫਰਾਂਸ ਤੇ ਜਰਮਨੀ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਹਾਲਾਂਕਿ ਹੁਣ ਇਨ੍ਹਾਂ ਦੇਸ਼ਾਂ ‘ਚ ਨਵੇਂ ਮਾਮਲਿਆਂ ‘ਚ ਕਮੀ ਦੇਖੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਬੀਤੀ ਮਾਰਚ ਤੋਂ ਲਗਾਈਆਂ ਗਈਆਂ ਪਾਬੰਦੀਆਂ ‘ਚ ਢਿੱਲ ਦਿੱਤੀ ਜਾ ਰਹੀ ਹੈ। ਇਸੇ ਲੜੀ ‘ਚ ਕਰੀਬ ਤਿੰਨ ਮਹੀਨੇ ਬਾਅਦ ਇੰਗਲੈਂਡ ‘ਚ ਖਿਡੌਣੇ, ਕਿਤਾਬਾਂ ਤੇ ਕੱਪੜਿਆਂ ਸਮੇਤ ਗ਼ੈਰ ਜ਼ਰੂਰੀ ਦੁਕਾਨਾਂ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਲੋਕ ਆਤਮਵਿਸ਼ਵਾਸ਼ ਨਾਲ ਖ਼ਰੀਦਦਾਰੀ ਕਰਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਸੋਮਵਾਰ ਨੂੰ ਸਰਹੱਦ ਮੁੜ ਤੋਂ ਖੋਲ੍ਹਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਵਾਇਰਸ ਗਾਇਬ ਹੋ ਗਿਆ ਹੈ। ਸਾਨੂੰ ਪੂਰੀ ਤਰ੍ਹਾਂ ਸਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਦੇਸ਼ ਭਰ ‘ਚ ਕੈਫੇ ਤੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ। ਅਮਰੀਕਾ ਦੀ ਜੈਨ ਹਾਪਕਿਨਸ ਯੂਨੀਵਰਸਿਟੀ ਦੇ ਡਾਟਾ ਮੁਤਾਬਕ ਯੂਰਪ ‘ਚ ਕੋਰੋਨ ਨਾਲ ਇਕ ਲੱਖ 82 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ। ਜਦਕਿ ਦੁਨੀਆ ‘ਚ ਕੁਲ ਕਰੀਬ 80 ਲੱਖ ਇਨਫੈਕਟਿਡ ਲੋਕਾਂ ‘ਚੋਂ 20 ਲੱਖ ਤੋਂ ਵੱਧ ਇਕੱਲੇ ਯੂਰਪ ‘ਚ ਹਨ। ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ 21 ਜੂਨ ਤੋਂ ਯੂਰਪੀ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਾਮਾਰੀ ‘ਤੇ ਕਾਬੂ ਪਾ ਲਿਆ ਹੈ, ਪਰ ਆਪਣੀਆਂ ਸਰਹੱਦਾਂ ਨੂੰ ਫਿਰ ਤੋਂ ਖੋਲ੍ਹਣਾ ਨਾਜ਼ੁਕ ਪਲ ਹੈ। ਖ਼ਤਰਾ ਹੁਣ ਵੀ ਕਾਇਮ ਹੈ।
ਇਟਲੀ ਨੇ ਵੀ ਪਾਬੰਦੀਆਂ ‘ਚ ਪੜਾਅਵਾਰ ਤਰੀਕੇ ਨਾਲ ਦਿੱਤੀ ਜਾ ਰਹੀ ਿਢੱਲ ਤਹਿਤ ਥੀਏਟਰ, ਕਨਸਰਟ ਹਾਲ ਤੇ ਸਿਨੇਮਾ ਘਰ ਸੋਮਵਾਰ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਯੂਰਪ ‘ਚ ਕੋਰੋਨਾ ਦੀ ਮਾਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਟਲੀ ‘ਚ ਬੀਤੀ ਨੌਂ ਮਾਰਚ ਤੋਂ ਲਾਕਡਾਊਨ ਕੀਤਾ ਗਿਆ ਸੀ। ਓਧਰ, ਗ੍ਰੀਸ ਨੇ ਵੀ ਸੈਲਾਨੀਆਂ ਲਈ ਸੋਮਵਾਰ ਤੋਂ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ। ਹੋਟਲ ਤੇ ਮਿਊਜ਼ੀਅਮ ਦੇ ਨਾਲ ਹੀ ਜਿਮ ਵੀ ਖੁੱਲ੍ਹ ਗਏ ਹਨ। ਗ੍ਰੀਸ ਨੇ ਇਟਲੀ, ਸਪੇਨ ਤੇ ਨੀਦਰਲੈਂਡ ਦੀਆਂ ਉਡਾਣਾਂ ਤੋਂ ਪਾਬੰਦੀ ਖ਼ਤਮ ਕਰ ਦਿੱਤੀ ਗਈ ਹੈ।
ਮਾਮਲੇ ਵਧਣ ਨਾਲ ਬੀਜਿੰਗ ‘ਚ ਚੌਕਸੀ ਵਧੀ
ਚੀਨ ਦੀ ਰਾਜਧਾਨੀ ਬੀਜਿੰਗ ‘ਚ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਵਧ ਗਿਆ ਹੈ। ਸ਼ਹਿਰ ‘ਚ ਬੀਤੇ ਚਾਰ ਦਿਨਾਂ ‘ਚ 79 ਮਾਮਲੇ ਪਾਏ ਗਏ ਹਨ। ਮਾਮਲੇ ਵਧਣ ‘ਤੇ ਬੀਜਿੰਗ ਦੇ ਕਈ ਜ਼ਿਲ੍ਹਿਆਂ ‘ਚ ਚੌਕਸੀ ਵਧਾ ਦਿੱਤੀ ਗਈ ਹੈ। ਇਨ੍ਹਾਂ ਥਾਵਾਂ ‘ਤੇ ਜਾਂਚ ਚੌਕੀਆਂ ਬਣਾਉਣ ਦੇ ਨਾਲ ਹੀ ਸਕੂਲਾਂ ਵੀ ਬੰਦ ਕਰ ਦਿੱਤੇ ਗਏ ਹਨ। ਨਵੇਂ ਦੌਰ ਦੇ ਇਨਫੈਕਸ਼ਨ ਦਾ ਕੇਂਦਰ ਮੰਨੇ ਜਾ ਰਹੇ ਥੋਕ ਖ਼ੁਰਾਕੀ ਬਾਜ਼ਾਰ ਵੀ ਬੰਦ ਕਰ ਦਿੱਤੇ ਗਏ ਹਨ। ਖ਼ਤਰੇ ਨੂੰ ਦੇਖਦਿਆਂ ਸ਼ਹਿਰ ‘ਚ ਵੱਡੇ ਪੈਮਾਨੇ ‘ਤੇ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਨਿਊਯਾਰਕ ਦੇ ਗਵਰਨਰ ਨੇ ਕੀਤਾ ਖ਼ਬਰਦਾਰ, ਵਾਪਸ ਲੈ ਸਕਦੇ ਹਾਂ ਢਿੱਲ
ਅਮਰੀਕਾ ‘ਚ ਮਹਾਮਾਰੀ ਦਾ ਕੇਂਦਰ ਬਣੇ ਨਿਊਯਾਰਕ ਸੂਬੇ ਦੇ ਗਵਰਨਰ ਐਂਡਰਿਊ ਕੁਓਮੋ ਨੇ ਕਈ ਥਾਵਾਂ ‘ਤੇ ਸਰੀਰਕ ਦੂਰੀ ਤੇ ਦੂਜੇ ਉਪਾਵਾਂ ਦੀ ਉਲੰਘਣਾ ‘ਤੇ ਖ਼ਬਰਦਾਰ ਕੀਤਾ ਹੈ ਕਿ ਉਹ ਪਾਬੰਦੀਆਂ ‘ਚ ਢਿੱਲ ਵਾਪਸ ਲੈ ਸਕਦੇ ਹਨ। ਇਸ ਅਮਰੀਕੀ ਸੂਬੇ ‘ਚ ਚਾਰ ਲੱਖ ਤੋਂ ਵੱਧ ਇਨਫੈਕਸ਼ਨ ਦੇ ਮਾਮਲੇ ਹਨ। 30 ਹਜ਼ਾਰ ਤੋਂ ਵੱਧ ਦੀ ਜਾਨ ਗਈ ਹੈ। ਜਦਕਿ ਪੂਰੇ ਅਮਰੀਕਾ ‘ਚ ਹੁਣ ਤਕ ਕੁਲ 21 ਲੱਖ 60 ਹਜ਼ਾਰ ਤੋਂ ਵੱਧ ਮਾਮਲੇ ਪਾਏ ਗਏ ਤੇ ਇਕ ਲੱਖ 17 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।