ਹਲਕਾ ਪਾਇਲ ਤੋਂ ਨਵੇਂ ਬਣੇ ਵਿਧਾਇਕ ਗਿਆਸਪੁਰਾ ਨੇ ਸਰਕਾਰੀ ਹਸਪਤਾਲ ਦਾ ਕੀਤਾ ਦੌਰਾ

ਪਾਇਲ : ਭਾਵੇਂ ਆਮ ਆਦਮੀ ਪਾਰਟੀ (Aam Aadmi Party) ਦੀ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਵੱਲੋਂ ਅਜੇ ਸਹੁੰ ਚੁੱਕ ਸਮਾਗਮ ਹੋਣਾ ਬਾਕੀ ਹੈ, ਪਰ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਲੋਕਾਂ ਨਾਲ ਕੀਤੇ ਸਿਹਤ ਸਹੂਲਤਾਂ ਦੇ ਵਾਅਦਿਆਂ ਨੂੰ ਪੂਰਾ ਕਰਨ ਦੇ ਮੰਤਵ ਨਾਲ ਸਿਵਲ ਹਸਪਤਾਲ ਪਾਇਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾਕਟਰ ਸਾਹਿਬਾਨ ਨਾਲ ਗੱਲਬਾਤ ਕਰਦਿਆਂ ਗਿਆਸਪੁਰਾ ਨੇ ਕਿਹਾ ਕਿ ਇਸ ਨੂੰ ਰੈਫਰ ਹਸਪਤਾਲ ਨਹੀਂ ਬਣਾਉਣਾ,ਲੋਕਾਂ ਨੂੰ ਦਵਾਈਆਂ, ਟੈਸਟ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇਣਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਅੰਦਰ ਦਵਾਈਆਂ, ਔਜਾਰ ਜਾਂ ਕਿਸੇ ਵੀ ਕਿਸਮ ਦੀਆਂ ਟੈਸਟ, ਐਕਸ-ਰੇ ਮਸ਼ੀਨਾਂ ਬਗੈਰਾ ਦੀ ਕੋਈ ਘਾਟ ਹੈ ਜਾਂ ਸਟਾਫ ਦੀ ਘਾਟ ਹੈ ਤਾਂ ਦੱਸਿਆ ਜਾਵੇ। ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਲੋਕਾਂ ਦੀਆਂ ਸੇਵਾਵਾਂ ਲਈ 24 ਘੰਟੇ ਹਾਜ਼ਰ ਹਨ। ਗਿਆਸਪੁਰਾ ਨੇ ਬੜੀ ਹੀ ਨਿਮਰਤਾ ਨਾਲ ਹੱਥ ਜੋੜਦਿਆਂ ਕਿਹਾ ਕਿ ਉਹਨਾਂ ਵੱਲੋਂ ਤੁਹਾਡੇ ਉੱਪਰ ਕੋਈ ਵੀ ਦਬਾਅ ਨਹੀਂ ਹੋਵੇਗਾ ਪਰ ਡਿਊਟੀ ਵਿੱਚ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ, ਹਾਜ਼ਰੀ ਯਕੀਨੀ ਬਣਾਓ, ਮਰੀਜ਼ਾਂ ਨੂੰ ਦਵਾਈਆਂ ਅੰਦਰੋ ਹੀ ਦਿੱਤੀਆਂ ਜਾਣ ਅਤੇ ਦਵਾਈ ਵਾਲੀ ਪਰਚੀ ਬਾਹਰ ਮੈਡੀਕਲ ਸਟੋਰਾਂ ਤੇ ਨਾ ਭੇਜੀ ਜਾਵੇ। ਇਸ ਮੌਕੇ ਬੂਟਾ ਸਿੰਘ ਗਿੱਲ ਰਾਣੋ, ਆੜਤੀ ਏ ਪੀ ਜੱਲਾ, ਲਖਵੀਰ ਸਿੰਘ ਔਜਲਾ, ਹਰਭਜਨ ਸਿੰਘ ਧਮੋਟ, ਗੁਰਜਿੰਦਰ ਸਿੰਘ, ਅਮਰਜੀਤ ਸਿੰਘ ਗਿੱਲ ਵੀ ਮੌਜੂਦ ਸਨ।Ads by Jagran.TV

Leave a Reply

Your email address will not be published. Required fields are marked *