ਪਾਕਿਸਤਾਨ ’ਚ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਮਨਾਇਆ

Sikh pilgrims wearing facemaks attend a religious ceremony on the occasion of the 414th death anniversary of the fifth Sikh Guru Arjun Dev Jee, at Gurdwara Dera Sahib in Lahore on June 16, 2020. (Photo by Arif ALI / AFP)

ਅੰਮ੍ਰਿਤਸਰ : ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚਲਦਿਆਂ ਅੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। 

 ਸ਼ਹੀਦੀ ਪੁਰਬ ਦੇ ਸਬੰਧ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸਮਾਗਮ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਤੇ ਹੋਰ ਨੁਮਾਇੰਦਿਆਂ ਤੋਂ ਇਲਾਵਾ ਸੰਗਤ ਅਤੇ ਔਕਾਫ ਬੋਰਡ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਵੀ ਅਖੰਡ ਪਾਠ ਦੇ ਭੋਗ ਪਾਏ ਗਏ। 

ਦੱਸਣਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦੀ ਪੁਰਬ ਸੋਧੇ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 26 ਮਈ ਨੂੰ ਮਨਾਇਆ ਗਿਆ ਸੀ। ਕੈਲੰਡਰ ਵਿਵਾਦ ਕਾਰਨ ਸ਼ਹੀਦੀ ਪੁਰਬ ਦੋ ਤਰੀਕਾਂ ਨੂੰ ਦੋ ਵਾਰ ਮਨਾਇਆ ਜਾਂਦਾ ਹੈ। ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕ ਦਲ ਖਾਲਸਾ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਕਰੋਨਾ ਸੰਕਟ ਦਾ ਮਾਮਲਾ ਹੱਲ ਹੋਣ ਮਗਰੋਂ ਇਸ ਸਬੰਧ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਇਹ ਮਾਮਲਾ ਰੱਖਿਆ ਜਾਵੇਗਾ। ਉਨ੍ਹਾਂ ਨੂੰ ਕੈਲੰਡਰ ਵਿਵਾਦ  ਹੱਲ  ਕਰਨ ਦੀ ਅਪੀਲ ਕੀਤੀ ਜਾਵੇਗੀ ਤਾਂ ਜੋ ਸਮੁੱਚਾ ਸਿੱਖ ਜਗਤ ਗੁਰਪੁਰਬ ਤੇ ਸ਼ਹੀਦੀ ਪੁਰਬ ਇਕੋ ਦਿਨ ਇਕੱਠੇ  ਮਨਾ ਸਕਣ। 

ਕਰੋਨਾ ਕਾਰਨ ਵਿਦੇਸ਼ ਤੋਂ ਨਹੀਂ ਆਇਆ ਕੋਈ ਸ਼ਰਧਾਲੂ

ਔਕਾਫ ਬੋਰਡ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਹਰ ਵਰ੍ਹੇ ਸ਼ਹੀਦੀ ਪੁਰਬ ਮੌਕੇ ਭਾਰਤ ਤੋਂ ਇਕ ਹਜ਼ਾਰ ਸ਼ਰਧਾਲੂਆਂ ਸਮੇਤ ਹੋਰ ਮੁਲਕਾਂ ਤੋਂ ਵੀ ਸਿੱਖ ਸ਼ਰਧਾਲੂ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੇ ਹਨ ਪਰ ਇਸ ਵਾਰ ਕਰੋਨਾ ਸੰਕਟ ਕਾਰਨ ਵਿਦੇਸ਼ ਤੋਂ ਕੋਈ ਸ਼ਰਧਾਲੂ ਨਹੀਂ ਆਇਆ। 

Leave a Reply

Your email address will not be published. Required fields are marked *