ਸਮਾਪਤ ਹੋਈਆਂ 34ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ

ਸਿਡਨੀ/ਕੌਫਸਹਾਰਬਰ: ਪਿਛਲੇ ਤਿੰਨ ਦਿਨਾਂ ਤੋਂ ਪੰਜਾਬੀਆਂ ਦੇ ਪਿੰਡ ਕਹੇ ਜਾਣ ਵਾਲੇ ਕੌਫਸਹਾਰਬਰ ਵਿਖੇ 34ਵੀਆਂ ਸਲਾਨਾ ਸਿੱਖ ਖੇਡਾਂ ਜੋ ਕਿ ਬੜੇ ਉਤਸ਼ਾਹ ਨਾਲ ਚੱਲ ਰਹੀਆਂ ਸਨ, ਦੀ ਸ਼ਾਨਦਾਰ ਢੰਗ ਨਾਲ ਤੀਸਰੇ ਦਿਨ ਸਮਾਪਤੀ ਹੋਈ। ਸਿੱਖ ਖੇਡਾਂ ਵਿੱਚ ਵਾਲੀਬਾਲ, ਸ਼ੌਕਰ, ਰੱਸਾ ਕੱਸੀ, ਅਤੇ ਪੰਜਾਬੀਅਤ ਦੀ ਮਾਂ ਖੇਡ ਕਬੱਡੀ ਦੀਆਂ ਟੀਮਾਂ ਨੇ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ।
ਕਬੱਡੀ ਮੈਚਾਂ ਵਿੱਚ ਕਲੱਬਾਂ ਦੇ ਫਸਵੇਂ ਮੁਕਾਬਲੇ ਹੋਏ ਜਿਹਨਾ ਵਿੱਚ ਫ਼ਾਈਨਲ ਮੈਚ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਵੂਲਗੂਲਗਾ ਅਤੇ ਕਿੰਗਜ਼ ਕਲੱਬ ਮੈਲਬੌਰਨ ਵਿਚਕਾਰ ਹੋਇਆ। ਇਸ ਫਸਵੇਂ ਮੁਕਾਬਲੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੀ ਟੀਮ ਦੇ 29.5 ਅੰਕ ਅਤੇ ਕਿੰਗਜ਼ ਕਬੱਡੀ ਕਲੱਬ ਮੈਲਬੌਰਨ ਦੇ 18 ਅੰਕ ਨਾਲ ਇਹ ਫ਼ਾਈਨਲ ਮੁਕਾਬਲਾ ਵੂਲਗੂਲਗਾ ਦੀ ਟੀਮ ਨੇ ਜਿੱਤ ਲਿਆ। ਫ਼ਾਈਨਲ ਮੈਚ ਦੇ ਉੱਤਮ ਧਾਵੀ ਸੰਦੀਪ ਸੁਲਤਾਨ ਸ਼ਮਸ਼ਪੁਰ ਨੂੰ ਐਲਾਨਿਆ ਗਿਆ ਅਤੇ ਉੱਤਮ ਜਾਫੀ ਪਾਲਾ ਜਲਾਲਪੁਰ ਤੇ ਘੁੱਦਾ ਕਾਲਾ ਸੰਘਿਆ ਬਣਿਆ।
ਇਸ ਦੌਰਾਨ ਗੋਪਾ ਬੈਸ ਟੀ ਪੁੱਕੀ, ਮਾਨਾ ਆਕਲੈਡ, ਸਤਨਾਮ ਸਿੰਘ ਮੁਲਤਾਨੀ, ਲਾਡੀ ਬਿਜਲੀਵਾਲ, ਪੰਮੀ ਬਲੀਨਾ ਅਤੇ ਬੱਬਲੂ ਹੈਮਿਲਟਨ ਵੱਲੋਂ ਜ਼ਖ਼ਮੀ ਖਿਡਾਰੀ ਅਤੇ ਜੇਤੂ ਟੀਮ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਫ਼ਾਈਨਲ ਮੈਚ ਦੌਰਾਨ ਇੱਕ ਖਿਡਾਰੀ ਦੇ ਸੱਟ ਲੱਗ ਗਈ ਅਤੇ ਕੱਬਡੀ ਫੈਡਰੇਸ਼ਨਾਂ ਤੇ ਦਰਸ਼ਕਾਂ ਵੱਲੋਂ ਤੁਰੰਤ ਉਸ ਖਿਡਾਰੀ ਨੂੰ 50 ਹਜ਼ਾਰ ਨਗਦੀ ਡਾਲਰ ਦੀ ਮਾਲੀ ਮਦਦ ਕੀਤੀ ਗਈ।
ਬਾਰਿਸ਼ ਵੀ ਖੇਡਾਂ ਦਾ ਉਤਸ਼ਾਹ ਘਟਾ ਨਾ ਸਕੀ :-
ਸਿੱਖ ਖੇਡਾਂ ਦੌਰਾਨ ਪਿਛਲੇ ਦੋ ਦਿਨ ਤੋਂ ਬਾਰਿਸ਼ ਪੈ ਰਹੀ ਸੀ ਪਰ ਬਾਰਿਸ਼ ਦੇ ਬਾਵਜੂਦ ਵੀ ਖਿਡਾਰੀਆਂ ਅਤੇ ਦਰਸ਼ਕਾਂ ਦਾ ਹੌਂਸਲਾ ਘੱਟ ਨਾ ਹੋਇਆ। ਬਾਰਿਸ਼ ਦੌਰਾਨ ਦਰਸ਼ਕਾਂ ਨੇ ਚੱਲਦੀ ਬਾਰਿਸ਼ ਵਿੱਚ ਮੈਚ ਦੇਖੇ ਜੋ ਕਿ ਪੰਜਾਬੀਆਂ ਦਾ ਮਾਂ ਖੇਡ ਕਬੱਡੀ ਵਾਰੇ ਪਿਆਰ ਦਰਸਾ ਰਿਹਾ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਆ ਕੇ 34ਵੀਆਂ ਸਿੱਖ ਖੇਡਾਂ ਦਾ ਆਨੰਦ ਮਾਣਿਆ। ਖੇਡਾਂ ਦੇ ਦੂਸਰੇ ਦਿਨ ਕਰਵਾਏ ਗਏ ਸਿੱਖ ਫਾਰਮ ‘ਚ ਸਿੱਖ ਮਸਲਿਆਂ ‘ਤੇ ਚਰਚਾ ਕੀਤੀ ਗਈ।