ਪਿੰਡ ਨੋਰਾ ’ਚ ਦੇਰ ਰਾਤ ਮਰੇ ਵਿਅਕਤੀ ਦਾ ਮਾਮਲਾ ਹੋਇਆ ਗੁੰਝਲਦਾਰ, ਪਰਿਵਾਰ ਨੇ ਕਿਹਾ ਸਿਰ ’ਚ ਮਾਰੀ ਗੋਲ਼ੀ

ਬੰਗਾ: ਇੱਥੋਂ ਦੇ ਨਜ਼ਦੀਕੀ ਪਿੰਡ ਨੋਰਾ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੀਤੀ ਦੇਰ ਰਾਤ ਘਰ ਦੇ ਬਾਹਰ ਮਰੇ ਨੋਰਾ ਨਿਵਾਸੀ ਸੁਖਵਿੰਦਰ ਸਿੰਘ ਉਰਫ ਮੰਗਾ ਪੁੱਤਰ ਸਤਨਾਮ ਸਿੰਘ ਦਾ ਮਾਮਲਾ ਗੁੰਝਲਦਾਰ ਬਣਿਆ ਨਜ਼ਰ ਆ ਰਿਹਾ ਹੈ। ਪੁਲਸ ਮੁਤਾਬਿਕ ਸੁਖਵਿੰਦਰ ਸਿੰਘ ਦੀ ਮੌਤ ਦਾ ਕਾਰਨ ਉਸਦੇ ਅਚਾਨਕ ਡਿੱਗਣ ਨਾਲ ਸਿਰ ਵਿਚ ਲੱਗੀ ਸੱਟ ਹੈ ਜਦਕਿ ਪਿੰਡ ਵਾਲਿਆਂ ਮੁਤਾਬਿਕ ਉਸਦੇ ਸਿਰ ਵਿਚ ਕਿਸੇ ਨੇ ਗੋਲੀ ਮਾਰੀ ਹੈ। ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਸਿੰਘ ਉਰਫ ਮੰਗਾ ਦੇ ਪੁੱਤਰ ਕਰਨਜੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਜੋ ਡੀ. ਜੇ. ਦੇ ਨਾਲ ਨਾਲ ਛੋਟਾ ਹਾਥੀ ਚਲਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ ਵੀ ਉਹ ਕੰਮ ਤੋਂ ਵਾਪਸ ਘਰ ਆਏ ਸਨ। ਉਨ੍ਹਾਂ ਦੱਸਿਆ ਕਿ ਉਹ ਨੋਰਾ ਦੇ ਬੱਸ ਸਟੈਂਡ ਨਜ਼ਦੀਕ ਆਪਣੀ ਮੋਬਾਇਲ ਦੀ ਦੁਕਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਉਰਫ ਮੰਗਾ ਜੋ ਘਰ ਦੇ ਬਾਹਰ ਡਿੱਗੇ ਹੋਏ ਹਨ ਤੇ ਉਨ੍ਹਾਂ ਦੇ ਸਿਰ ਵਿੱਚੋਂ ਕਾਫੀ ਖੂਨ ਵਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫੋਨ ਸੁਣਦੇ ਹੀ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਆਪਣੇ ਪਿਤਾ ਨੂੰ ਲੈ ਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਪੁੱਜੇ ,ਜਿੱਥੇ ਡਾਕਟਰ ਨੇ ਉਨ੍ਹਾਂ ਦੀ ਜਾਚ ਕਰਨ ਉਪਰੰਤ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਉਕਤ ਘਟਨਾਂ ਦੀ ਸੂਚਨਾ ਮਿਲਦੇ ਹੀ ਪੁਲਸ ਥਾਣਾ ਸਦਰ ਦੇ ਐੱਸ. ਐੱਚ. ਓ. ਰਵਿੰਦਰ ਪਾਲ ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਸਤੀਸ਼ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਡਾਕਟਰਾ ਮੁਤਾਬਿਕ ਮ੍ਰਿਤਕ ਦੇ ਸਿਰ ਦੇ ਪਿੱਛਲੇ ਪਾਸੇ ਕਾਫੀ ਡੂੰਘੀ ਸੱਟ ਹੈ। ਜਿਸ ਬਾਰੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਸੱਟ ਕਿਸ ਤਰ੍ਹਾ ਲੱਗੀ ਹੈ।

ਪੁਲਿਸ ਨੂੰ ਮ੍ਰਿਤਕ ਦੇ ਘਰ ਨਜ਼ਦੀਕ ਤੋਂ ਮਿਲਿਆ ਗੋਲੀ ਦਾ ਖੋਲ
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਸ ਦੀਆਂ ਟੀਮਾ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਪਿੰਡ ਵਿਚ ਚੱਲੀ ਗੋਲੀ ਦੀ ਗੱਲ ਨੂੰ ਲੈ ਕੇ ਪਿੰਡ ਨੋਰਾ ਪੁੱਜੀਆਂ ਤਾ ਉਨ੍ਹਾਂ ਨੂੰ ਮ੍ਰਿਤਕ ਸੁਖਵਿੰਦਰ ਸਿੰਘ ਉਰਫ ਮੰਗਾ ਦੇ ਘਰ ਦੇ ਨਜ਼ਦੀਕ ਚੱਲੀ ਹੋਈ ਗੋਲੀ ਦਾ ਇਕ ਖੋਲ ਮਿਲਿਆ । ਜਿਸ ਨੂੰ ਉਨ੍ਹਾਂ ਨੇ ਕਬਜ਼ੇ ਵਿਚ ਲੈ ਲਿਆ।

ਤਿੰਨ ਮੈਬਰੀ ਡਾਕਟਰੀ ਬੋਰਡ ਕਰੇਗਾ ਪੋਸਟਮਾਰਟਮ-
ਸੁਖਵਿੰਦਰ ਸਿੰਘ ਉਰਫ ਮੰਗਾ ਦੀ ਹੋਈ ਮੌਤ ਤੋ ਬਾਅਦ ਉਸਦੀ ਮੌਤ ਦਾ ਕਾਰਨ ਲੱਭਣ ਲਈ ਸਰਕਾਰੀ ਹਸਪਤਾਲ ਬੰਗਾ ਦੇ ਤਿੰਨ ਮੈਂਬਰੀ ਡਾਕਟਰਾਂ ਦਾ ਬੋਰਡ ਉਸਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰ ਮੌਤ ਦੀ ਸਹੀ ਪੁਸ਼ਟੀ ਕਰੇਗਾ ਕਿ ਉਸਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ । ਇਸ ਦਾ ਪਤਾ ਪੋਸਟਮਾਟਰਮ ਤੋਂ ਬਾਅਦ ਹੀ ਲੱਗ ਸਕੇਗਾ।

Leave a Reply

Your email address will not be published. Required fields are marked *