ਬਹਿਬਲ ਕਾਂਡ: ਸੁਹੇਲ ਬਰਾੜ ਦਾ 21 ਜੂਨ ਤੱਕ ਪੁਲੀਸ ਰਿਮਾਂਡ

ਫ਼ਰੀਦਕੋਟ : ਬਹਿਬਲ ਗੋਲੀਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਫ਼ਰੀਦਕੋਟ ਦੇ ਨੌਜਵਾਨ ਸੁਹੇਲ ਸਿੰਘ ਬਰਾੜ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਇੱਥੇ ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਰਿਮਾਂਡ ਦੇ ਮੁੱਦੇ ’ਤੇ ਵਿਸ਼ੇਸ਼ ਜਾਂਚ ਟੀਮ ਅਤੇ ਸੁਹੇਲ ਦੇ ਵਕੀਲਾਂ ਵਿਚਾਲੇ ਹੋਈ ਲੰਬੀ ਬਹਿਸ ਮਗਰੋਂ ਅਦਾਲਤ ਨੇ ਸੁਹੇਲ ਸਿੰਘ ਨੂੰ 21 ਜੂਨ ਤੱਕ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ।

ਇਸ ਤੋਂ ਪਹਿਲਾਂ ਸੁਹੇਲ ਸਿੰਘ ਬਰਾੜ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਉਸ ਦਾ ਕਰੋਨਾਵਾਇਰਸ ਦੀ ਜਾਂਚ ਸਬੰਧੀ ਸੈਂਪਲ ਵੀ ਲਿਆ ਗਿਆ। ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਜਾਂਚ ਟੀਮ ਵੱਲੋਂ ਪੇਸ਼ ਹੁੰਦਿਆਂ ਅਦਾਲਤ ਨੂੰ ਦੱਸਿਆ ਕਿ ਪੁਲੀਸ ਨੇ ਝੂਠੀ ਅਤੇ ਫ਼ਰਜ਼ੀ ਗਵਾਹੀ ਤਿਆਰ ਕਰਨ ਲਈ ਜਿਪਸੀ ਵਿੱਚ ਗੋਲੀਆਂ ਮਾਰੀਆਂ ਅਤੇ ਇਹ ਗੋਲੀਆਂ ਸੁਹੇਲ ਸਿੰਘ ਦੀ 12 ਬੋਰ ਰਾਈਫ਼ਲ ’ਚੋਂ ਚੱਲੀਆਂ ਸਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੂੰ ਚੱਲੇ ਕਾਰਤੂਸਾਂ ਦੇ ਛੱਰ੍ਹੇ ਅਤੇ ਖੋਲ ਅਜੇ ਤੱਕ ਨਹੀਂ ਮਿਲੇ ਹਨ, ਇਸ ਲਈ ਸੁਹੇਲ ਸਿੰਘ ਬਰਾੜ ਦੇ ਪੁਲੀਸ ਰਿਮਾਂਡ ਦੀ ਲੋੜ ਹੈ। ਵਿਸ਼ੇਸ਼ ਜਾਂਚ ਟੀਮ ਨੇ ਫ਼ਰੀਦਕੋਟ ਦੀ ਪੰਕਜ ਮੋਟਰਜ਼ ਦੇ ਦੋ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਪੰਕਜ ਮੋਟਰਜ਼ ਦੇ ਮੈਨੇਜਰ ਅਤੇ ਇੱਕ ਸੁਰੱਖਿਆ ਕਰਮਚਾਰੀ ਦੀ ਵੀ ਇਸ ਕਾਂਡ ਵਿੱਚ ਸ਼ਮੂਲੀਅਤ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਸੁਹੇਲ ਸਿੰਘ ਤੋਂ ਪੁੱਛਗਿਛ ਹੋਣੀ ਲਾਜ਼ਮੀ ਹੈ। ਉੱਧਰ, ਸੁਹੇਲ ਸਿੰਘ ਬਰਾੜ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਜਾਂਚ ਟੀਮ ਦੀ ਕਾਰਵਾਈ ਅਤੇ ਸੁਹੇਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਜਾਂਚ ਟੀਮ ਪਹਿਲਾਂ ਉਸ ਨੂੰ ਗਵਾਹ ਵਜੋਂ ਨਾਮਜ਼ਦ ਕਰ ਚੁੱਕੀ ਹੈ ਅਤੇ ਹੁਣ ਉਸ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨਾ ਕੁਦਰਤੀ ਇਨਸਾਫ਼ ਦੀ ਉਲੰਘਣਾ ਹੈ।

ਝੂਠੀ ਕਹਾਣੀ ਬਣਾਉਣ ’ਚ ਪੁਲੀਸ ਤੇ ਸਿਆਸਤਦਾਨਾਂ ਦਾ ਹੱਥ: ਜਾਂਚ ਟੀਮ

ਜਾਂਚ ਟੀਮ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਜਿਪਸੀ ਵਿੱਚ ਗੋਲੀਆਂ ਐੱਸ.ਪੀ. ਬਿਕਰਮ ਸਿੰਘ ਵੱਲੋਂ ਮਾਰੀਆਂ ਗਈਆਂ ਸਨ ਅਤੇ ਇਹ ਸਾਰੀ ਕਾਰਵਾਈ ਰਾਤ ਸਮੇਂ ਸੁਹੇਲ ਸਿੰਘ ਦੇ ਘਰ ਹੋਈ। ਸੂਤਰਾਂ ਅਨੁਸਾਰ ਜਾਂਚ ਟੀਮ ਸੁਹੇਲ ਸਿੰਘ ਅਤੇ ਐੱਸ.ਪੀ. ਬਿਕਰਮ ਸਿੰਘ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕਰ ਸਕਦੀ ਹੈ। ਅਦਾਲਤ ਵਿੱਚ ਰਿਮਾਂਡ ਹਾਸਲ ਕਰਨ ਲਈ ਜਾਂਚ ਟੀਮ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿੱਚ ਪੁਲੀਸ ਦੀ ਗੋਲੀ ਨਾਲ ਮਰੇ ਨੌਜਵਾਨਾਂ ਦੇ ਮਾਮਲੇ ਨੂੰ ਦਬਾਉਣ ਲਈ ਪੁਲੀਸ ਉੱਤੇ ਫਾਇਰਿੰਗ ਕਰਨ ਦੀ ਝੂਠੀ ਕਹਾਣੀ ਰਚੀ ਗਈ ਸੀ ਅਤੇ ਇਹ ਕਹਾਣੀ ਰਚਣ ’ਚ ਪੁਲੀਸ ਦੇ ਉੱਚ ਅਧਿਕਾਰੀਆਂ ਅਤੇ ਕੁਝ ਸਿਆਸਤਦਾਨਾਂ ਨੇ ਭੂਮਿਕਾ ਨਿਭਾਈ ਸੀ।

Leave a Reply

Your email address will not be published. Required fields are marked *