ਸਿਆਊ ਕਾਂਡ: ਦੋਸਤ ਦੀ ਮੰਗੇਤਰ ਨੂੰ ਮੈਸੇਜ ਭੇਜਣ ਕਾਰਨ ਹੋਇਆ ਸੀ ਝਗੜਾ

ਐਸ.ਏ.ਐਸ. ਨਗਰ : ਇੱਥੋਂ ਦੇ ਨਜ਼ਦੀਕੀ ਪਿੰਡ ਸਿਆਊ ਦੇ ਨੌਜਵਾਨ ਜਗਦੀਪ ਸਿੰਘ (22) ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕਾਂਗਰਸੀ ਆਗੂ ਤੇ ਬਲਾਕ ਸਮਿਤੀ ਮੈਂਬਰ ਗੁਰਦੀਪ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਉਰਫ਼ ਦਮਨੀ ਵਾਸੀ ਮਨੌਲੀ ਨੂੰ ਇਕ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਦਮਨੀ ਨੂੰ ਫਿਰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਸ ਨੂੰ ਹੁਣ 22 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਸ ਦੀ ਕਰੋਨਾ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਸ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹੈ। ਪੁਲੀਸ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਜ਼ਖ਼ਮੀ ਨੌਜਵਾਨ ਜਗਦੀਪ ਸਿੰਘ ਆਪਣੇ ਦੋਸਤ ਦਮਨੀ ਦੀ ਮੰਗੇਤਰ ਨੂੰ ਗਲਤ ਮੈਸੇਜ ਭੇਜਦਾ ਸੀ। ਇਹ ਸਿਲਸਿਲਾ ਕਾਫ਼ੀ ਸਮੇਂ ਤੋਂ ਜਾਰੀ ਸੀ। ਇਸ ਸਬੰਧੀ ਦਮਨੀ ਨੇ ਜਗਦੀਪ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਮੈਜੇਸ ਭੇਜਣ ਦਾ ਸਿਲਸਿਲਾ ਜਾਰੀ ਰਿਹਾ। ਇਸ ਕਾਰਨ ਦਮਨੀ ਨੇ ਗੁੱਸੇ ਵਿੱਚ ਆ ਕੇ ਪਿਛਲੇ ਦਿਨੀਂ ਆਪਣੇ ਜਿਗਰੀ ਦੋਸਤ ਨੂੰ ਦੇਰ ਰਾਤ ਘਰੋਂ ਬਾਹਰ ਸੱਦ ਕੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਉਸ ਦੀ ਪਿੱਠ ਅਤੇ ਛਾਤੀ ਵਿੱਚ ਦੋ ਗੋਲੀਆਂ ਦਾਗ ਦਿੱਤੀਆਂ। ਇਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੀੜਤ ਨੌਜਵਾਨ ਸੈਕਟਰ-32 ਹਸਪਤਾਲ ਵਿੱਚ ਦਾਖ਼ਲ ਹੈ। ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਂਚ ਅਧਿਕਾਰੀ ਅਤੇ ਸਬ ਇੰਸਪੈਕਟਰ ਬਰਮਾ ਸਿੰਘ ਨੇ ਮੁਲਜ਼ਮ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲੀਸ ਰਿਮਾਂਡ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੋਲੋਂ 12 ਬੋਰ ਦੀ ਦੋਨਾਲੀ ਬਰਾਮਦ ਕਰ ਲਈ ਗਈ ਹੈ ਪਰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ਹਾਲੇ ਬਰਾਮਦ ਕਰਨੀ ਬਾਕੀ ਹੈ। ਦੂਜੇ ਪਾਸੇ ਬਚਾਅ ਪੱਖ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਨੌਜਵਾਨ ਤੋਂ ਲੋੜੀਂਦੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਅਦਾਲਤ ਨੇ ਦੋਹਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਦਮਨੀ ਨੂੰ 22 ਜੂਨ ਤੱਕ ਮੁੜ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।  

Leave a Reply

Your email address will not be published. Required fields are marked *