ਚੀਨ ਨੇ ਗਲਵਾਨ ਘਾਟੀ ’ਤੇ ਮੁੜ ਦਾਅਵਾ ਜਤਾਇਆ

ਪੇਈਚਿੰਗ/ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸੇ ਵੀ ਭਾਰਤੀ ਚੌਕੀ ’ਤੇ ਕਿਸੇ ਵਿਦੇਸ਼ੀ ਦਾ ਕਬਜ਼ਾ ਨਾ ਹੋਣ ਦੇ ਬਿਆਨ ਮਗਰੋਂ ਚੀਨ ਨੇ ਅੱਜ ਮੁੜ ਦਾਅਵਾ ਕੀਤਾ ਕਿ ਲੱਦਾਖ ਦੀ ਗਲਵਾਨ ਘਾਟੀ ਅਸਲ ਕੰਟਰੋਲ ਰੇਖਾ ਦੇ ਪਾਰ ਚੀਨੀ ਇਲਾਕੇ ਵਿੱਚ ਪੈਂਦੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਝਾਓ ਲਿਜਿਆਨ ਨੇ ਕਿਹਾ ਕਿ ਇਸ ਖੇਤਰ ਵਿੱਚ ਚੀਨੀ ਫ਼ੌਜੀ ਪਿਛਲੇ ਕਈ ਸਾਲਾਂ ਤੋਂ ਗਸ਼ਤ ਕਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਇਸ ਸਾਲ ਅਪਰੈਲ ਮਗਰੋਂ ਭਾਰਤੀ ਫ਼ੌਜ ਨੇ ਗਲਵਾਨ ਘਾਟੀ ’ਚ ਅਸਲ ਕੰਟਰੋਲ ਰੇਖਾ ’ਤੇ ਸੜਕ, ਪੁਲ ਤੇ ਹੋਰ ਉਸਾਰੀ ਕਾਰਜ ਸ਼ੁਰੂ ਕੀਤੇ ਹਨ। ਉਸ ਨੇ ਕਿਹਾ ਕਿ ਚੀਨ ਨੇ ਇਸ ਗੈਰਕਾਨੂੰਨੀ ਉਸਾਰੀ ਬਾਰੇ ਕਈ ਵਾਰ ਉਜਰ ਵੀ ਜਤਾਇਆ ਸੀ, ਪਰ ਭਾਰਤ ਨੇ ਅਸਲ ਕੰਟਰੋਲ ਰੇਖਾ ਪਾਰ ਕਰਕੇ ਭੜਕਾਉਣ ਵਾਲੀ ਕਾਰਵਾਈ ਜਾਰੀ ਰੱਖੀ।

ਲਿਜਿਆਨ ਨੇ ਕਿਹਾ ਕਿ ਰਾਤ ਨੂੰ ਅਸਲ ਕੰਟਰੋਲ ਰੇਖਾ ਪਾਰ ਕਰਕੇ ਚੀਨੀ ਇਲਾਕੇ ’ਚ ਦਾਖ਼ਲ ਹੋਈ ਭਾਰਤੀ ਫ਼ੌਜ ਨੇ 6 ਮਈ ਦੀ ਸਵੇਰ ਨੂੰ ਉਥੇ ਘੇਰਾਬੰਦੀ ਕਰਕੇ ਬੈਰੀਕੇਡ ਲਗਾ ਦਿੱਤੇ ਅਤੇ ਉਥੇ ਗਸ਼ਤ ਕਰ ਰਹੀ ਚੀਨੀ ਫ਼ੌਜ ਨੂੰ ਰੋਕਿਆ। ਉਸ ਮੁਤਾਬਕ ਭਾਰਤੀ ਫ਼ੌਜ ਨੇ ਇਕਪਾਸੜ ਕਾਰਵਾਈ ਦੀ ਕੋਸ਼ਿਸ਼ ਕਰਦਿਆਂ ਭੜਕਾਊ ਸਰਗਰਮੀਆਂ ਜਾਰੀ ਰੱਖੀਆਂ। ਇਲਾਕੇ ’ਚ ਤਣਾਅ ਘਟਾਉਣ ਲਈ ਭਾਰਤ ਅਤੇ ਚੀਨ ਫ਼ੌਜੀ ਅਤੇ ਕੂਟਨੀਤਕ ਪੱਧਰ ’ਤੇ ਗੱਲਬਾਤ ਲਈ ਰਾਜ਼ੀ ਹੋ ਗਏ ਸਨ। ਉਸ ਨੇ ਕਿਹਾ ਕਿ ਚੀਨ ਵੱਲੋਂ ਸਖ਼ਤੀ ਨਾਲ ਰੱਖੀ ਗਈ ਮੰਗ ਮਗਰੋਂ ਭਾਰਤ ਅਸਲ ਕੰਟਰੋਲ ਰੇਖਾ ਉਲੰਘ ਚੁੱਕੇ ਆਪਣੇ ਫ਼ੌਜੀਆਂ ਨੂੰ ਵਾਪਸ ਸੱਦਣ ਅਤੇ ਉਥੇ ਕਾਇਮ ਤੰਬੂਆਂ ਨੂੰ ਹਟਾਊਣ ਲਈ ਰਾਜ਼ੀ ਹੋ ਗਿਆ ਸੀ। ਉਸ ਨੇ ਕਿਹਾ ਕਿ 15 ਜੂਨ ਦੀ ਸ਼ਾਮ ਨੂੰ ਭਾਰਤੀ ਫ਼ੌਜੀਆਂ ਨੇ ਕਮਾਂਡਰ ਪੱਧਰ ਦੀ ਬੈਠਕ ’ਚ ਹੋਈ ਸਹਿਮਤੀ ਦੀ ਉਲੰਘਣਾ ਕਰਦਿਆਂ ਇਕ ਵਾਰ ਫਿਰ ਅਸਲ ਕੰਟਰੋਲ ਰੇਖਾ ਉਲੰਘੀ ਅਤੇ ਉਥੇ ਗੱਲਬਾਤ ਲਈ ਗਏ ਚੀਨੀ ਅਧਿਕਾਰੀਆਂ ਤੇ ਜਵਾਨਾਂ ’ਤੇ ਹਮਲਾ ਕੀਤਾ। ਤਰਜਮਾਨ ਨੇ ਉਮੀਦ ਜਤਾਈ ਕਿ ਭਾਰਤ, ਚੀਨ ਨਾਲ ਮਿਲ ਕੇ ਕੰਮ ਕਰੇਗਾ ਅਤੇ ਦੋਵੇਂ ਆਗੂਆਂ ਵਿਚਕਾਰ ਬਣੀ ਸਹਿਮਤੀ ਦਾ ਇਮਾਨਦਾਰੀ ਨਾਲ ਪਾਲਣ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਭਾਰਤ ਮਿਲ ਕੇ ਕੰਮ ਕਰੇਗਾ।

Leave a Reply

Your email address will not be published. Required fields are marked *