ਪੰਜਾਬ ’ਚ ਡੂੰਘਾ ਹੋਣ ਲੱਗਿਆ ਬਿਜਲੀ ਸੰਕਟ

ਚੰਡੀਗੜ੍ਹ: ਗਰਮੀ ਵਧਣ ਕਾਰਨ ਪੰਜਾਬ ’ਚ ਜਿੱਥੇ ਬਿਜਲੀ ਸੰਕਟ ਡੂੰਘਾ ਹੋ ਰਿਹਾ ਹੈ ਤੇ ਉੱਥੇ ਅੱਜ ਤਾਪ ਘਰਾਂ ਦੇ ਦੋ ਯੂਨਿਟ ਤਕਨੀਕੀ ਨੁਕਸ ਕਰਕੇ ਬੰਦ ਹੋ ਗਏ ਹਨ। ਇਨ੍ਹਾਂ ਯੂਨਿਟਾਂ ਦੇ ਬੰਦ ਹੋਣ ਨਾਲ ਬਿਜਲੀ ਸਪਲਾਈ ’ਚ ਤਿੰਨ ਦਿਨਾਂ ਲਈ ਕਰੀਬ 200 ਲੱਖ ਯੂਨਿਟ ਦੀ ਕਟੌਤੀ ਹੋ ਗਈ ਹੈ। ਤਲਵੰਡੀ ਸਾਬੋ ਤਾਪ ਘਰ ਤੇ ਰੋਪੜ ਥਰਮਲ ਦੀ ਇੱਕ-ਇੱਕ ਯੂਨਿਟ ਬੰਦ ਹੋ ਗਈ ਹੈ। ਇਨ੍ਹਾਂ ਦੇ ਠੀਕ ਹੋਣ ’ਚ ਕਰੀਬ ਤਿੰਨ ਦਿਨ ਦਾ ਸਮਾਂ ਲੱਗਣ ਦਾ ਅਨੁਮਾਨ ਹੈ। ਪਾਵਰਕੌਮ ਵੱਲੋਂ ਦੋ ਯੂਨਿਟ ਬੰਦ ਹੋਣ ਕਰਕੇ ਬਦਲਵੇਂ ਪ੍ਰਬੰਧ ਕਰਨੇ ਪੈ ਰਹੇ ਹਨ। ਹੁਣ ਗਰਮੀ ਕਰਕੇ ਬਿਜਲੀ ਦੀ ਵੱਧ ਤੋਂ ਵੱਧ ਮੰਗ ਪਿਛਲੇ ਵਰ੍ਹੇ ਨਾਲੋਂ 68 ਫ਼ੀਸਦੀ ਵੱਧ ਗਈ ਹੈ ਤਾਂ ਪਾਵਰਕੌਮ ਕੋਲ ਪਾਵਰ ਕੱਟ ਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ। ਅੱਜ ਪੰਜਾਬ ਦੇ ਦਿਹਾਤੀ ਅਤੇ ਖੇਤੀ ਸੈਕਟਰ ’ਚ ਬਿਜਲੀ ਦੇ ਕੱਟ ਲੱਗੇ ਹਨ ਅਤੇ ਖੇਤੀ ਨੂੰ ਢੁੱਕਵੀਂ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਸਕੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਬੀਤੇ ਦਿਨ ਪੰਜਾਬ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 8150 ਮੈਗਾਵਾਟ ਸੀ ਜਦਕਿ ਬੀਤੇ ਵਰ੍ਹੇ ਇਸੇ ਦਿਨ ਇਹ ਮੰਗ 5500 ਮੈਗਾਵਾਟ ਸੀ। ਇਸੇ ਤਰ੍ਹਾਂ ਪੰਜਾਬ ’ਚ ਬੀਤੇ ਦਿਨ ਬਿਜਲੀ ਖਪਤ 1740 ਲੱਖ ਯੂਨਿਟ ਸੀ ਜੋ ਪਿਛਲੇ ਵਰ੍ਹੇ ਇਸੇ ਦਿਨ 1106 ਲੱਖ ਯੂਨਿਟ ਸੀ। ਇਹ ਵਾਧਾ ਕਰੀਬ 57 ਫ਼ੀਸਦੀ ਬਣਦਾ ਹੈ। ਸਨਅਤੀ ਖੇਤਰ ’ਚ ਵੀ ਬਿਜਲੀ ਦੀ ਮੰਗ ਵਧੀ ਹੈ।

‘ਆਪ’ ਸਰਕਾਰ ਦਾ ਆਗਾਮੀ ਪਹਿਲਾ ਝੋਨੇ ਦਾ ਸੀਜ਼ਨ ਹੈ ਜਿਸ ਲਈ ਢੁੱਕਵੀਂ ਬਿਜਲੀ ਸਪਲਾਈ ਦੇਣਾ ਸਰਕਾਰ ਲਈ ਚੁਣੌਤੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਮੱਦੇਨਜ਼ਰ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨਾਲ ਦਿੱਲੀ ਵਿਚ ਮੀਟਿੰਗ ਕੀਤੀ ਹੈ। ਸੰਭਾਵਨਾ ਜਾਪ ਰਹੀ ਹੈ ਕਿ ਪਾਵਰਕੌਮ ਨੂੰ ਐਤਕੀਂ ਵੱਧ ਬਿਜਲੀ ਖ਼ਰੀਦਣੀ ਪਵੇਗੀ। ਹੁਣ ਤੱਕ ਕਰੀਬ 200 ਕਰੋੜ ਦੀ ਬਿਜਲੀ ਪਾਵਰਕੌਮ ਖ਼ਰੀਦ ਚੁੱਕਾ ਹੈ।

ਪਾਵਰਕੌਮ ਨੇ ਸੰਕਟ ਨਾਲ ਨਜਿੱਠਣ ਲਈ ਭਲਕ ਲਈ 120 ਲੱਖ ਯੂਨਿਟਾਂ ਦੀ ਖ਼ਰੀਦ ਕਰ ਲਈ ਹੈ। ਝੋਨੇ ਦੇ ਸੀਜ਼ਨ ਵਿਚ ਰਾਜ ਵਿਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਹੈ। ਇੱਕ ਨਜ਼ਰ ਮਾਰੀਏ ਤਾਂ ਲਹਿਰਾ ਮੁਹੱਬਤ ਤਾਪ ਘਰ ਦੇ ਸਾਰੇ ਯੂਨਿਟ ਚੱਲ ਰਹੇ ਹਨ ਜਦਕਿ ਰੋਪੜ ਦਾ ਇੱਕ ਯੂਨਿਟ ਜੋ ਸਾਲਾਨਾ ਮੁਰੰਮਤ ਲਈ ਬੰਦ ਸੀ, ਉਹ ਅੱਜ ਰਾਤ ਚੱਲ ਸਕਦਾ ਹੈ। ਤਲਵੰਡੀ ਸਾਬੋ ਥਰਮਲ ਦਾ ਇੱਕ ਯੂਨਿਟ 15 ਅਪਰੈਲ ਤੋਂ ਸਾਲਾਨਾ ਮੁਰੰਮਤ ਲਈ ਬੰਦ ਹੈ ਜਦਕਿ ਇੱਕ ਯੂਨਿਟ ਬੁਆਇਲਰ ਲੀਕ ਹੋਣ ਕਰਕੇ ਬੰਦ ਹੋ ਗਿਆ ਹੈ। ਰਾਜਪੁਰਾ ਥਰਮਲ ਦੇ ਦੋਵੇਂ ਯੂਨਿਟ ਅਤੇ ਗੋਇੰਦਵਾਲ ਤਾਪ ਘਰ ਦਾ ਇੱਕ ਯੂਨਿਟ ਚੱਲ ਰਿਹਾ ਹੈ।

Leave a Reply

Your email address will not be published. Required fields are marked *